Punjab

ਡੇਰਾ ਪ੍ਰੇਮੀ ਮਾਮਲੇ ਵਿੱਚ ਗੈਂਗਸਟਰ ਗੋਲਡੀ ਬਰਾੜ ਸਮੇਤ ਚਾਰ ਨਾਮਜ਼ਦ

Update in Dera Premi case

ਕੋਟਕਪੂਰਾ : ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ( Dera Premi case) ਵਿੱਚ ਗੈਂਗਸਟਰ ਗੋਲਡੀ ਬਰਾੜ ( Goldi Brar ) ਸਮੇਤ 4 ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਫ਼ਰੀਦਕੋਟ ਦੇ 2 ਤੇ ਮੋਗਾ ਦਾ 1 ਨੌਜਵਾਨ ਸ਼ਾਮਲ ਹੈ

2015 ਦੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਅਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰ ਪ੍ਰਦੀਪ ਉਰਫ਼ ਰਾਜੂ ਦੇ ਕਤਲ ਮਾਮਲੇ ਵਿੱਚ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਨੇ ਕੈਨੇਡਾ ਵਿੱਚ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਸਮੇਤ ਕੁੱਲ ਚਾਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ।

ਗੋਲਡੀ ਬਰਾੜ ਤੋਂ ਇਲਾਵਾ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਸੁਸਾਇਟੀ ਨਗਰ ਫਰੀਦਕੋਟ, ਭੁਪਿੰਦਰ ਸਿੰਘ ਗੋਲਡੀ ਵਾਸੀ ਸ਼ਹੀਦ ਬਲਵਿੰਦਰ ਸਿੰਘ ਨਗਰ ਅਤੇ ਹਰਜਿੰਦਰ ਸਿੰਘ ਉਰਫ ਰਾਜੂ ਵਾਸੀ ਮੋਗਾ ਦੇ ਪਿੰਡ ਮੁਨਾਵਾ ਦੇ ਨਾਂ ਸ਼ਾਮਲ ਹਨ।

ਦੱਸ ਦਈਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਗਲੀਆਂ ਵਿੱਚ ਖਿਲਾਰ ਕੇ ਪਵਿੱਤਰ ਗ੍ਰੰਥ ਦੀ ਬੇਅਦਬੀ ਕਰਨ ਦੇ ਇਲਜ਼ਾਮਾਂ ਵਿੱਚ ਘਿਰੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਉਰਫ਼ ਰਾਜੂ ਨੂੰ ਵੀਰਵਾਰ ਛੇ ਹਥਿਆਰਬੰਦ ਨੌਜਵਾਨਾਂ ਨੇ ਸਵੇਰੇ 7 ਵਜੇ ਉਸ ਦੀ ਦੁਕਾਨ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਰਿਆਨੇ ਦੀ ਦੁਕਾਨ ਤੇ ਡੇਅਰੀ ਚਲਾਉਣ ਵਾਲੇ ਪ੍ਰਦੀਪ ਸਿੰਘ ਨੂੰ ਉਸ ਦੇ ਸੁਰੱਖਿਆ ਮੁਲਾਜ਼ਮ ਹਾਕਮ ਸਿੰਘ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੇ ਵੀ ਗੋਲੀ ਮਾਰ ਦਿੱਤੀ ਸੀ।

ਪ੍ਰਦੀਪ ਸਿੰਘ ਦੇ ਕਤਲ ਦੇ ਸਬੰਧ ਵਿਚ ਗੈਂਗਸਟਰ ਗੋਲਡੀ ਬਰਾੜ ਦੀ ਪੋਸਟ ਸਾਹਮਣੇ ਆਈ ਸੀ, ਜਿਸ ਵਿਚ ਉਸਨੇ ਕਤਲ ਦੀ ਜ਼ਿੰਮੇਵਾਰੀ ਲਈ। ਉਸ ਨੇ ਲਿਖਿਆ ਕਿ 7 ਸਾਲ ਹੋ ਗਏ ਸੀ ਵੇਖਦੇ ਨੂੰ, 3 ਸਰਕਾਰਾਂ ਬਦਲ ਗਈਆਂ ਪਰ ਇਨਸਾਫ ਨਹੀਂ ਮਿਲਿਆ ਸੀ। ਅਸੀਂ ਅੱਜ ਆਪਣਾ ਇਨਸਾਫ਼ ਕਰ ਦਿੱਤਾ। ਫਾਇਰਿੰਗ ਦੌਰਾਨ ਜਿਸ ਪੁਲਿਸ ਵਾਲੇ ਦਾ ਨੁਕਸਾਨ ਹੋਇਆ, ਉਸਦਾ ਸਾਨੂੰ ਬਹੁਤ ਦੁੱਖ ਹੈ ਪਰ ਸਿਰਫ਼ ਤਨਖ਼ਾਹਾਂ ਦੇ ਲਈ ਗੁਰੂ ਸਾਹਿਬ ਦੇ ਦੋਸ਼ੀਆਂ ਦੀ ਸਿਕਿਓਰਿਟੀ ਕਰਨ ਵਾਲੇ ਉੱਤੇ ਵੀ ਲੱਖ ਲਾਹਨਤ ਹੀ ਬਣਦੀ ਸੀ।

ਕੋਈ ਵੀ ਜੋ ਕਿਸੇ ਵੀ ਧਰਮ ਦੇ ਬੇਇੱਜ਼ਤੀ ਕਰੇਗਾ, ਉਸ ਨਾਲ ਅਜਿਹਾ ਹੀ ਹੋਵੇਗਾ। ਜਿਨ੍ਹਾਂ ਨੇ ਹੁਣ ਤੱਕ ਧੱਕਾ ਕੀਤਾ, ਅਸੀਂ ਉਨ੍ਹਾਂ ਨਾਲ ਧੱਕਾ ਕਰਨਾ ਹੈ ਬਸ, ਹੋਰ ਕੁਝ ਨਹੀਂ। ਹਿੰਦੂ, ਸਿੱਖ ਸਾਰੇ ਭਰਾ ਹਨ, ਇਕੱਠੇ ਵਿੱਚ ਬਦਲਾ ਲਿਆ ਹੈ ਕਿਉਂਕਿ ਗੁਰੂ ਸਾਹਿਬ ਜੀ ਸਭ ਦੇ ਸਾਂਝੇ ਹਨ।

ਡੇਰਾ ਪ੍ਰੇਮੀ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਵਿੱਚ ਆਇਆ ਸੀ, ਸਾਲ 2021 ਤੋਂ ਉਹ ਜ਼ਮਾਨਤ ਉੱਤੇ ਚੱਲ ਰਿਹਾ ਸੀ। ਪ੍ਰਦੀਪ ਸਿੰਘ ਨੂੰ ਸੁਰੱਖਿਆ ਮਿਲੀ ਹੋਈ ਸੀ।