Punjab

ਡੇਰਾ ਪ੍ਰੇਮੀ ਮਾਮਲੇ ‘ਚ Update, ਇੱਕ ਦਿਨ ਪਹਿਲਾਂ ਮਿਲਿਆ ਸੀ ਇਹ ਸਮਾਨ

Update in Dera Premi case

‘ਦ ਖ਼ਾਲਸ ਬਿਊਰੋ : ਵੀਰਵਾਰ ਨੂੰ ਕਤਲ ਕੀਤੇ ਗਏ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਮਾਮਲੇ ਵਿੱਚ ਇੱਕ ਹੋਰ ਨਵਾਂ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਸ਼ੂਟਰਾਂ ਨੂੰ ਕੋਟਕਪੂਰਾ ਵਿਚ ਹਥਿਆਰ ਮੁਹੱਈਆ ਕਰਵਾਏ ਗਏ ਸਨ ਤੇ ਕਤਲ ਤੋਂ ਸਿਰਫ ਇੱਕ ਦਿਨ ਪਹਿਲਾਂ ਹਥਿਆਰ ਸ਼ੂਟਰਾਂ ਨੂੰ ਦਿੱਤੇ ਗਏ ਸਨ। ਸ਼ੂਟਰ ਬਾਈਕ ‘ਤੇ ਖਾਲੀ ਹੱਥ ਕੋਟਕਪੂਰਾ ‘ਚ ਦਾਖਲ ਹੋਏ ਸਨ। ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਸ਼ੂਟਰਾਂ ਨੇ ਗੋਲਡੀ ਬਰਾੜ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ।

ਪੁਲਿਸ ਵੱਲੋਂ 3 ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ 3 ਦੀ ਭਾਲ ਜਾਰੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਜਤਿੰਦਰ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ। ਉਸ ਵੱਲੋਂ ਅੰਬਾਲਾ ਵਿਚ ਵੀ ਡਬਲ ਮਰਡਰ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਲਾਰੈਂਸ ਦੇ ਵਿਰੋਧੀ ਦਾ ਵੀ ਜਤਿੰਦਰ ਵੱਲੋਂ ਕਤਲ ਕੀਤਾ ਗਿਆ।

ਦਿੱਲੀ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਬੀਤੇ ਦਿਨੀਂ ਸਵੇਰੇ 3.30 ਵਜੇ ਦੇ ਕਰੀਬ ਪੀ.ਐਸ ਬਖਸ਼ੀਵਾਲਾ, ਜ਼ਿਲ੍ਹਾ ਪਟਿਆਲਾ ਦੇ ਖੇਤਰ ਵਿੱਚ ਛਾਪਾ ਮਾਰਿਆ ਸੀ, ਜਿੱਥੋਂ ਇਨ੍ਹਾਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਪੁਲਿਸ ਦੀ ਖੁਫੀਆ ਇਕਾਈ ਤੇ ਦਿੱਲੀ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਕਤਲ ਨਾਲ ਸਬੰਧਤ ਸਾਰੇ 6 ਸ਼ੂਟਰਾਂ ਦੀ ਪਛਾਣ ਕਰ ਲਈ ਹੈ ਤੇ ਅੱਗੇ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ।