‘ਦ ਖ਼ਾਲਸ ਬਿਊਰੋ :- 26 ਜੁਲਾਈ ਕੱਲ੍ਹ ਕਾਰਗਿਲ ਵਿਜੈ ਦਿਵਸ ਦੀ 21ਵੀਂ ਵਰ੍ਹੇਗੰਢ, ਜੋ ਕਿ ਇਸ ਵਾਰ ਇਤਫ਼ਾਕ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਯਾਨਿ ‘ਮਨ ਕੀ ਬਾਤ’ ‘ਤੇ ਆਈ ਹੈ, ਨੂੰ ਪ੍ਰਧਾਨ ਮੰਤਰੀ ਨੇ ਸੰਬੋਧਨ ਦੇ ਮੌਕੇ ਕਾਰਗਿਲ ਦੀ ਲੜਾਈ ਦੌਰਾਨ ਹਥਿਆਬੰਦ ਫ਼ੌਜਾਂ ਵੱਲੋ ਦਿਖਾਈ ਗਈ ਬਹਾਦਰੀ ਨੂੰ ਸਲਾਮ ਕਰਦਿਆਂ ਕਿਹਾ ਕਿ ਲੋਕਾਂ ਨੂੰ ਸੈਨਿਕਾਂ ਦੇ ਮਨੋਬਲ ਨੂੰ ਧਿਆਨ ‘ਚ ਰੱਖਦੇ ਹੋਏ ਕੁੱਝ ਬੋਲਣ ਤੇ ਕਰਨ ਦਾ ਮਸ਼ਵਰਾ ਦਿੱਤਾ। ਉਨ੍ਹਾਂ ਕਿਹਾ ਕਿ ਜੰਗਾਂ ਸਿਰਫ਼ ਸਰਹੱਦਾਂ ’ਤੇ ਹੀ ਨਹੀਂ ਲੜੀਆਂ ਜਾਂਦੀਆਂ ਸਗੋਂ ਦੇਸ਼ ਦੇ ਅੰਦਰ ਵੀ ਕਈ ਮੋਰਚਿਆਂ ’ਤੇ ਲੜੀਆਂ ਜਾਂਦੀਆਂ ਹਨ।
ਮੋਦੀ ਨੇ ਆਪਣੇ ਸੰਬੋਧਨ ਦੌਰਾਨ ਪਾਕਿਸਤਾਨ ਨੂੰ ਵੀ ਨਿਸ਼ਾਨੇ ’ਤੇ ਲਿਆ ਤੇ ਕਿਹਾ ਕਿ ਦਿੱਲੀ ਵੱਲੋਂ ਦੋਸਤੀ ਲਈ ਵਧਾਏ ਗਏ ਹੱਥ ਦਾ ਜਵਾਬ ਇਸਲਾਮਾਬਾਦ ਨੇ ਪਿੱਠ ’ਚ ਛੁਰਾ ਮਾਰ ਕੇ ਦਿੱਤਾ ਸੀ। ਮੋਦੀ ਨੇ ਕਿਹਾ ਕਿ ਲੋਕਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਦਾ ਵਿਵਹਾਰ ਤੇ ਟਿੱਪਣੀਆਂ ਹਮੇਸ਼ਾਂ ਸੈਨਿਕਾਂ ਦਾ ਮਨੋਬਲ ਤੇ ਮਾਣ ਵਧਾਉਣ ਵਾਲੀ ਹੋਣੀ ਚਾਹੀਦੀ ਹੈ ਤੇ ਹਰੇਕ ਦੇਸ਼ ਵਾਸੀ ਨੂੰ ਅਪੀਲ ਕੀਤੀ ਕਿ ਉਹ ਸਭ ਕੁੱਝ ਦੇਸ਼ ਦੀ ਏਕਤਾ ਨੂੰ ਕਾਇਮ ਰੱਖਣ ਲਈ ਕਰਨ। ਇਸ ਦੌਰਾਨ ਉਨ੍ਹਾਂ ਸੋਸ਼ਲ ਮੀਡੀਆ ਦੇ ਖ਼ਤਰਿਆਂ ਦਾ ਜ਼ਿਕਰ ਵੀ ਕੀਤਾ।
ਪ੍ਰਧਾਨ ਮੰਤਰੀ ਨੇ ਇਸ ਸਾਲ ਦੇ 15 ਅਗਸਤ ਆਜ਼ਾਦੀ ਦਿਵਸ ਸਮਾਗਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਮਾਗਮ ਇਸ ਵਾਰ ਕੋਰੋਨਾਵਾਇਰਸ ਮਹਾਂਮਾਰੀ ਵਿਚਾਲੇ ਆ ਰਹੇ ਹਨ, ਇਸ ਕਰ ਕੇ ਇਹ ਕਾਫੀ ਵੱਖਰੇ ਹੋਣਗੇ। ਉਨ੍ਹਾਂ ਨੌਜਵਾਨਾਂ ਨੂੰ 15 ਅਗਸਤ ਨੂੰ ਮਹਾਂਮਾਰੀ ਤੋਂ ਆਜ਼ਾਦੀ ਪਾਉਣ ਦੀ ਸਹੁੰ ਚੁੱਕਣ ਦੀ ਅਪੀਲ ਕੀਤੀ ਅਤੇ ਨਾਲ ਹੀ ਦੇਸ਼ ਭਰ ‘ਚ ਹੜ੍ਹਾਂ ਤੇ ਮੀਂਹ ਨਾਲ ਪ੍ਰਭਾਵਿਤ ਹੋਏ ਲੋਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਵਿਦਿਆਰਥੀਆਂ ਦਾ ਬੋਰਡ ਦੀਆਂ ਪ੍ਰੀਖਿਆ ‘ਚ ਵਧੀਆ ਅੰਕ ਪ੍ਰਾਪਤ ਕਰਨ ‘ਤੇ ਵੀ ਗੱਲਬਾਤ ਕੀਤੀ।
ਕੋਰੋਨਾਵਾਇਰਸ ਦਾ ਖ਼ਤਰਾ ਹੱਦ ਨਾਲੋ ਵੱਧ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ “ਮਨ ਕੀ ਬਾਤ” ਸੰਬੋਧਨ ਮੌਕੇ ਕਿਹਾ ਕਿ ਭਾਰਤ ‘ਚ ਕੋਰੋਨਾਵਾਇਰਸ ਤੋਂ ਉੱਭਰਨ ਦੀ ਦਰ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਬਿਹਤਰ ਹੈ ਤੇ ਇੱਥੇ ਮਰੀਜ਼ਾਂ ਦੀ ਮੌਤ ਦਰ ਵੀ ਘੱਟ ਹੈ, ਅਤੇ ਹਰ ਵਾਰ ਦੀ ਤਰ੍ਹਾਂ ਮਹੀਨੇ ‘ਚ ਹੋਣ ਵਾਲੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ’ਚ ਮੋਦੀ ਨੇ ਲੋਕਾਂ ਨੂੰ ‘ਕੋਵਿਡ-19 ਦਾ ਖ਼ਤਰਾ ਹੱਦ ਨਾਲੋਂ ਵੱਧ’ ਦੱਸਿਆ ਹੈ। ਉਨ੍ਹਾਂ ਕਿਹਾ ਕਿ, ‘‘ਕਈ ਥਾਵਾਂ ’ਤੇ ਲਾਗ ਤੇਜ਼ੀ ਨਾਲ ਫੈਲ ਰਹੀ ਹੈ ਤੇ ਲੋਕਾਂ ਨੂੰ ਵਧੇਰੇ ਚੌਕਸ ਹੋਣ ਦੀ ਲੋੜ ਹੈ। ਸਾਨੂੰ ਇਹ ਗੱਲ ਦਿਮਾਗ ਵਿੱਚ ਰੱਖਣੀ ਹੋਵੇਗੀ ਕਿ ਕੋਰੋਨਾਵਾਇਰਸ ਅੱਜ ਵੀ ਓਨਾ ਹੀ ਖ਼ਤਰਨਾਕ ਹੈ ਜਿੰਨਾ ਸ਼ੁਰੂ ਵਿੱਚ ਸੀ। ਇਸ ਵਾਸਤੇ ਸਾਨੂੰ ਪੂਰੀ ਤਰ੍ਹਾਂ ਚੌਕਸ ਰਹਿਣਾ ਹੈ।