ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਲਗਾਤਾਰ ਵੱਧ ਰਹੀਆਂ ਅਪਰਾਧਿਕ ਗਤੀਵਿਦਿਆਂ ਨੇ ਲੋਕਾਂ ਦੇ ਮਨ ਵਿੱਚ ਡਰ ਪੈਦਾ ਕਰ ਦਿੱਤਾ ਹੈ । ਪਹਿਲਾਂ ਸ਼ਰੇਆਮ ਨਸ਼ਾ ਵਿਕਣ ਦੇ ਵੀਡੀਓ ਸਾਹਮਣੇ ਆਏ ਹਨ ਹੁਣ ਗੰਨ ਪੁਆਇੰਟ ‘ਤੇ ਲੁੱਟਣ ਦੀਆਂ ਵਾਰਦਾਤਾਂ ਨੇ ਜਨਤਾਂ ਦਾ ਬੁਰਾ ਹਾਲ ਕਰ ਦਿੱਤਾ ਹੈ । ਇਕ ਹਫ਼ਤੇ ਅੰਦਰ ਇਹ ਚੌਥਾ ਮਾਮਲਾ ਹੈ ਜਦੋਂ ਪਿਸਤੌਲ ਵਿਖਾ ਕੇ ਗੱਡੀ ਲੁੱਟ ਲਈ ਗਈ ਹੈ । ਤਾਜ਼ਾ ਮਾਮਲਾ TATA MOTER’S ਦੇ ਸ਼ੋਅਰੂਮ ਦਾ ਹੈ। ਜਿੱਥੇ ਇੱਕ ਲੁਟੇਰਾ ਗਾਹਕ ਬਣ ਕੇ ਆਇਆ ਅਤੇ ਨਜ਼ਰਾਂ ਦੇ ਸਾਹਮਣੇ ਹੀ ਗੰਨ ਪੁਆਇੰਟ ‘ਤੇ ਨਵੀਂ ਟਾਟਾ ਸਫਾਰੀ(TATA SAFARI) ਲੈਕੇ ਫਰਾਰ ਹੋ ਗਿਆ ।
ਇਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ
ਜਾਣਕਾਰੀ ਮੁਤਾਬਿਕ ਅੰਮ੍ਰਿਤਸਰ (AMRITSAR) ਦੇ ਗੋਲਡਨ ਗੇਟ (GOLDEN GATE) ਦੇ ਕੋਲ TATA MOTER’S ਦਾ ਸ਼ੋਅਰੂਮ ਸੀ । ਇੱਕ ਸ਼ਖ਼ਸ ਗੱਡੀ ਲੈਣ ਲਈ ਸ਼ੋਅ ਰੂਮ ਵਿੱਚ ਦਾਖਲ ਹੋਇਆ । ਉਸ ਨੇ ਚਿਹਰੇ ‘ਤੇ ਮਾਕਸ ਪਾਇਆ ਹੋਇਆ ਸੀ। ਇਸ ਦੌਰਾਨ ਉਸ ਸ਼ਖ਼ਸ ਨੇ ਸਫਾਰੀ ਦੀ ਟੈਸਟ ਡਰਾਇਵਿੰਗ ਦੀ ਮੰਗ ਕੀਤੀ । ਕੰਪਨੀ ਵੀ ਇਸ ਦੇ ਲਈ ਰਾਜੀ ਹੋ ਗਈ ਅਤੇ ਕਾਗਜ਼ੀ ਕਾਰਵਾਈ ਕਰਕੇ ਕੰਪਨੀ ਦੇ ਇੱਕ ਸਿੱਖ ਮੁਲਾਜ਼ਮ ਨੂੰ ਨਾਲ ਭੇਜ ਦਿੱਤਾ । ਜਿਵੇਂ ਹੀ ਮੁਲਜ਼ਮ ਅੰਮ੍ਰਿਤਸਰ ਦੇ ਤਾਰਾਵਾਲਾ ਪੁੱਲ ਦੇ ਕੋਲ ਪਹੁੰਚਿਆ ਗਾਹਕ ਬਣ ਕੇ ਆਏ ਲੁਟੇਰੇ ਨੇ ਆਪਣੀ ਜੇਬ੍ਹ ਤੋਂ 32 ਬੋਰ ਦੀ ਪਿਸਤੌਲ ਕੱਢ ਲਈ ਅਤੇ ਮੁਲਾਜ਼ਮ ਜਗਜੀਤ ਸਿੰਘ ਦੇ ਸਿਰ ‘ਤੇ ਰੱਖ ਦਿੱਤੀ । ਉਸ ਦਾ ਮੋਬਾਈਲ ਖੋਹ ਲਿਆ ਅਤੇ ਉਸ ਨੂੰ ਕਾਰ ਤੋਂ ਉਤਾਰ ਦਿੱਤਾ ਅਤੇ ਗੱਡੀ ਲੈਕੇ ਫਰਾਰ ਹੋ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਭ ਤੋਂ ਪਹਿਲਾਂ CCTV ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਫਿਰ ਮੁਲਾਜ਼ਮ ਜਗਜੀਤ ਸਿੰਘ ਦੇ ਬਿਆਨ ਦਰਜ ਕੀਤੇ ਹਨ ।
ਪੁਲਿਸ ਨੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ
ਟਾਟਾ ਮੋਟਰਸ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਕਿ ਕਾਰ ਵਿੱਚ ਪੈਟਰੋਲ ਜ਼ਿਆਦਾ ਨਹੀਂ ਸੀ । ਜਿਸ ਦੀ ਵਜ੍ਹਾ ਕਰਕੇ ਮੁਲਜ਼ਮ ਜ਼ਿਆਦਾ ਦੂਰ ਨਹੀਂ ਜਾ ਸਕਦਾ ਹੈ। ਪੁਲਿਸ ਨੇ ਆਲੇ-ਦੁਆਲੇ ਦੇ ਸਾਰੇ ਪੈਟਰੋਲ ਪੰਪਾਂ ਨੂੰ ਸੂਚਨਾ ਦੇ ਦਿੱਤੀ ਤਾਂਕਿ ਮੁਲਜ਼ਮ ਦੀ ਹਰਕਤ ਦੇ ਨਜ਼ਰ ਰੱਖੀ ਜਾ ਸਕੇ । ਉਧਰ ਪੁਲਿਸ ਸ਼ੋਅ ਰੂਮ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਮੁਲਜ਼ਮ ਦਾ ਚਿਹਰਾ ਪਛਾਣ ਦੀ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਉਸ ਨੇ ਚਿਹਰੇ ‘ਤੇ ਮਾਕਸ ਲਗਾਇਆ ਸੀ। ਸੀਸੀਟੀਵੀ ਵਿੱਚ ਨਜ਼ਰ ਆਰ ਰਿਹਾ ਹੈ ਕਿ ਮੁਲਜ਼ਮ ਨੇ ਚੈੱਕ ਸ਼ਰਟ ਪਾਈ ਸੀ ।