ਅੰਮ੍ਰਿਤਸਰ : ਅੰਮ੍ਰਿਤਸਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਅਰਦਾਸ ਤੇ ਹੁਕਮਨਾਮੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਜਨਰਲ ਇਜਲਾਸ ਸ਼ੁਰੂ ਹੋ ਗਿਆ ਹੈ।
ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਅਰਵਿੰਦਰ ਸਿੰਘ ਪੱਖੋਕੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਮ ਪ੍ਰਧਾਨ ਵਜੋਂ ਪੇਸ਼ ਕੀਤਾ, ਜਿਸ ਦੀ ਤਾਈਦ ਭਗਵੰਤ ਸਿੰਘ ਸਿਆਲਕਾ ਨੇ ਕੀਤੀ। ਦੂਸਰੇ ਪਾਸੇ ਬੀਬੀ ਜਗੀਰ ਕੌਰ ਦਾ ਨਾਮ ਪ੍ਰਧਾਨ ਵਜੋਂ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਨੇ ਪੇਸ਼ ਕੀਤਾ, ਜਿਸ ਦੀ ਤਾਈਦ ਮਿੱਠੂ ਸਿੰਘ ਕਾਹਨੇਕੇ ਨੇ ਕੀਤੀ।
ਇਸ ਤੋਂ ਬਾਅਦ ਵੋਟਿੰਗ ਸ਼ੁਰੂ ਹੋ ਗਈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਗਿਆਰਾਂ ਅੰਤ੍ਰਿਗ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ।
ਹੁਣ ਤੱਕ 60 ਦੇ ਕਰੀਬ ਵੋਟਾਂ ਪੈ ਚੁੱਕੀਆਂ ਹਨ। ਇਸਦੇ ਨਾਲ ਹੀ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਦੀ ਵੀ ਚੋਣ ਹੋਵੇਗੀ ਅਤੇ ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰਾਂ ਦੀ ਵੀ ਚੋਣ ਹੋਵੇਗੀ। ਇੱਕ-ਇੱਕ ਮੈਂਬਰ ਪਰਦੇ ਦੇ ਪਿੱਛੇ ਜਾਕੇ ਬੈਲਟ ਤੇ ਨਿਸ਼ਾਨ ਲੱਗਾ ਰਿਹਾ ਹੈ ਅਤੇ ਬਾਹਰ ਆਕੇ ਬੈਲਟ ਪੇਪਰ ਨੂੰ ਬਾਕਸ ਵਿੱਚ ਪਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਲਈ ਹੋ ਰਹੀ ਚੋਣ ਵਿਚ ਕੁੱਲ 157 ਵਿਚੋਂ 11 ਮੈਂਬਰ ਗੈਰ ਹਾਜ਼ਰ ਹਨ ਜਦੋਂ ਕਿ 146 ਮੈਂਬਰ ਇਜਲਾਸ ਵਿਚ ਹਾਜ਼ਰ ਸਨ। ਸੂਤਰਾਂ ਅਨੁਸਾਰ 157 ਵਿਚੋਂ 1 ਮੈਂਬਰ ਜੇਲ੍ਹ ਵਿਚ ਹੈ, 6 ਮੈਂਬਰ ਵਿਦੇਸ਼ਾਂ ਵਿਚ ਹਨ ਤੇ ਬਾਕੀ ਦੇ 4 ਵਿਚੋਂ 2-3 ਮਾਨ ਦਲ ਦੇ ਮੈਂਬਰ ਹਨ ਤੇ 1 ਦੀ ਸਿਹਤ ਠੀਕ ਨਹੀਂ ਹੈ।