ਮੁਹਾਲੀ : ਖੇਤਾਂ ਵਿੱਚ ਲਗਾਤਾਰ ਪਰਾਲੀ ਸਾੜਨ (stubble burning cases ) ਤੇ ਦੀਵਾਲੀ ਦੀ ਰਾਤ ਚਲਾਏ ਪਟਾਕਿਆਂ ਦੇ ਜ਼ਹਿਰੀਲੇ ਤੱਤਾਂ ਨੇ ਆਬੋ ਹਵਾ ਖਰਾਬ ਕਰ ਦਿੱਤੀ ਹੈ। ਪਰਾਲੀ ਦੇ ਚੜ੍ਹੇ ਗੁਬਾਰ ਤੋਂ ਰਾਹਤ ਮਿਲਣ ਦੀ ਸੰਭਾਵਨਾ ਬਣ ਗਈ ਹੈ। ਕਈ ਦਿਨਾਂ ਤੋਂ ਮਾਲਵੇ ’ਚ ਪਰਾਲੀ ਪ੍ਰਦੂਸ਼ਣ ਨੇ ਲੋਕਾਂ ਦੇ ਨੱਕ ਵਿਚ ਦਮ ਕਰ ਰੱਖਿਆ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰੀ ਪਾਕਿਸਤਾਨ ਵਿਚ ਬਣ ਰਹੀ ਪੱਛਮੀ ਮੌਸਮੀ ਗੜਬੜੀ ਵਜੋਂ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 9 ਅਤੇ 10 ਨਵੰਬਰ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਪਿਛਲੇ ਕਈ ਦਿਨਾਂ ਤੋਂ ਮਾਲਵਾ ਖਿੱਤੇ ਵਿਚ ਪਰਾਲੀ ਸਾੜਨ ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ ਜਿਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਖਾਸ ਕਰਕੇ ਸਿਹਤ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਵਾਤਾਵਰਣ ਅਤੇ ਮਨੁੱਖੀ ਸਿਹਤ ਪੂਰੀ ਤਰ੍ਹਾਂ ਦਾਅ ’ਤੇ ਲੱਗੀ ਹੋਈ ਹੈ। ਜੇ ਬਾਰਸ਼ ਪੈਂਦੀ ਹੈ ਤਾਂ ਅਸਮਾਨੀਂ ਚੜ੍ਹਿਆ ਗੁਬਾਰ ਉਤਰਨ ਦੀ ਸੰਭਾਵਨਾ ਹੈ ਜਿਸ ਕਰਕੇ ਲੋਕਾਂ ਨੂੰ ਰਾਹਤ ਮਿਲੇਗੀ।
ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ, ਰੋਪੜ, ਹੁਸ਼ਿਆਰਪੁਰ ਅਤੇ ਪਟਿਆਲਾ ਵਿਚ ਗਰਜ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਇਸ ਸਰਦ ਰੁੱਤ ਦੌਰਾਨ ਧੁੰਦ ਦੀ ਸ਼ੁਰੂਆਤ ਵੀ 10 ਨਵੰਬਰ ਤੋਂ ਹੋ ਸਕਦੀ ਹੈ। ਮੌਸਮ ਵਿਭਾਗ ਨੇ 10 ਅਤੇ 11 ਨਵੰਬਰ ਨੂੰ ਸੰਘਣੀ ਧੁੰਦ ਪੈਣ ਦਾ ਕਿਆਸ ਲਾਇਆ ਹੈ ਜਿਸ ਨਾਲ ਸੜਕੀ ਆਵਾਜਾਈ ਵਿਚ ਵੀ ਮੁਸ਼ਕਲਾਂ ਆ ਸਕਦੀਆਂ ਹਨ।
ਪੰਜਾਬ ਦੇ ਜ਼ਿਲ੍ਹਾ ਬਰਨਾਲਾ, ਫਤਹਿਗੜ੍ਹ ਸਾਹਿਬ, ਮੁਹਾਲੀ, ਰੋਪੜ, ਪਟਿਆਲਾ, ਜਲੰਧਰ, ਅੰਮ੍ਰਿਤਸਰ, ਪਠਾਨਕੋਟ, ਨਵਾਂ ਸ਼ਹਿਰ, ਕਪੂਰਥਲਾ, ਲੁਧਿਆਣਾ ਵਿਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਿਛਲੇ ਦਿਨਾਂ ਵਿਚ ਫਿਰੋਜ਼ਪੁਰ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਫੀ ਵਧੀਆਂ ਹਨ ਅਤੇ ਬਾਰਸ਼ ਪੈਣ ਦੀ ਸੂਰਤ ਵਿਚ ਸਭ ਤੋਂ ਵੱਧ ਇਸ ਜ਼ਿਲ੍ਹੇ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ। ਪੰਜਾਬ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਅੰਕੜਾ 34 ਹਜ਼ਾਰ ਨੂੰ ਪਾਰ ਕਰ ਗਿਆ ਹੈ। ਪੰਜਾਬ ਵਿਚ ਝੋਨੇ ਦੀ ਵਾਢੀ ਦਾ ਸੀਜ਼ਨ ਆਖਰੀ ਪੜਾਅ ’ਤੇ ਹੈ।
ਤਾਜ਼ਾ ਵੇਰਵਿਆਂ ਅਨੁਸਾਰ ਸੂਬੇ ਸਭ ਤੋਂ ਸਿਖਰ ’ਤੇ ਜ਼ਿਲ੍ਹਾ ਸੰਗਰੂਰ ਹੈ ਜਿੱਥੇ 471 ਥਾਵਾਂ ’ਤੇ ਪਰਾਲੀ ਸਾੜੀ ਗਈ। ਇਹ ਵੀ ਰੁਝਾਨ ਸਾਹਮਣੇ ਆਇਆ ਹੈ ਕਿ ਮਾਝੇ ਅਤੇ ਦੁਆਬੇ ਵਿਚ ਪਰਾਲੀ ਨੂੰ ਸਾੜੇ ਜਾਣ ਦਾ ਅੰਕੜਾ ਘਟਿਆ ਹੈ ਜਦੋਂ ਕਿ ਮਾਲਵੇ ਵਿਚ ਰਫ਼ਤਾਰ ਵਧੀ ਹੈ। ਬਰਨਾਲਾ ਵਿਚ ਇੱਕੋ ਦਿਨ ਵਿਚ 267 ਥਾਵਾਂ ’ਤੇ ਪਰਾਲੀ ਸਾੜੀ ਗਈ।