Punjab

ਅੰਮ੍ਰਿਤਪਾਲ ਸਿੰਘ ਨਜ਼ਰਬੰਦ, LIVE ਹੋ ਸੱਦਿਆ ਇਕੱਠ

‘ਦ ਖ਼ਾਲਸ ਬਿਊਰੋ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਦੇ ਪਿੰਡ ਸਿੰਘਾਂ ਵਾਲਾ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਜਿੱਥੇ ਅੰਮ੍ਰਿਤਪਾਲ ਨੂੰ ਨਜ਼ਰਬੰਦ ਕੀਤਾ ਗਿਆ ਹੈ, ਉੱਥੇ ਬਹੁਤ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ। ਸੂਤਰਾਂ ਮੁਤਾਬਕ ਜਥੇਬੰਦੀ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ। ਨਿਆਮੀਵਾਲਾ ਨੇ ਕਿਹਾ ਕਿ ਜਲੰਧਰ ਵਿੱਚ ਇੱਕ ਪ੍ਰੋਗਰਾਮ ਉੱਤੇ ਜਾਣਾ ਸੀ ਪਰ ਇਨ੍ਹਾਂ ਨੇ ਇੱਥੇ ਪੁਲਿਸ ਲਾ ਕੇ ਨਜ਼ਰਬੰਦ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉੱਥੇ ਮਾਹੌਲ ਖਰਾਬ ਹੋ ਸਕਦਾ ਹੈ, ਇਸ ਲਈ ਉੱਥੇ ਨਹੀਂ ਜਾਣ ਦਿੱਤਾ ਗਿਆ। ਪਰ ਮੇਰਾ ਸਵਾਲ ਹੈ ਕਿ ਸਾਡੇ ਉੱਥੇ ਜਾਣ ਨਾਲ ਮਾਹੌਲ ਕਿਵੇਂ ਖਰਾਬ ਹੋ ਜਾਵੇਗਾ। ਇਸ ਘਟਨਾ ਵਿੱਚ ਅੰਮ੍ਰਿਤਪਾਲ ਦਾ ਕੋਈ ਦੋਸ਼ ਨਹੀਂ ਹੈ। ਜਿਸਨੇ ਘਟਨਾ ਨੂੰ ਅੰਜ਼ਾਮ ਦਿੱਤਾ ਸੀ, ਉਸਨੂੰ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤਾਂ ਫਿਰ ਅੰਮ੍ਰਿਤਪਾਲ ਸਿੰਘ ਖਿਲਾਫ਼ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ।

ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਉੱਤੇ ਅੰਮ੍ਰਿਤਪਾਲ ਦੀ ਇੱਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ, ਜਿੱਥੇ ਉਹ ਮੁਲਜ਼ਮ ਸੰਦੀਪ ਸਿੰਘ ਨਾਲ ਦਿਖਾਈ ਦੇ ਰਹੇ ਹਨ। ਹਾਲਾਂਕਿ, ‘ਦ ਖ਼ਾਲਸ ਟੀਵੀ ਇਸਦੀ ਪੁਸ਼ਟੀ ਨਹੀਂ ਕਰਦਾ ਹੈ। ਸੰਦੀਪ ਦੀ ਕਾਰ ਉਤੇ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਲੱਗੀ ਹੋਈ ਸੀ। ਇਸ ਕਾਰ ਵਿੱਚੋਂ ਇਕ ਹਿੱਟ ਲਿਸਟ ਵੀ ਬਰਾਮਦ ਹੋਈ ਹੈ ਜਿਸ ਵਿੱਚ ਕੁਝ ਨਾਂ ਲਿਖੇ ਹੋਏ ਹਨ। ਇਨ੍ਹਾਂ ਵਿਚੋਂ ਕੁਝ ਨਾਮ ਮਾਰਕ ਕੀਤੇ ਹੋਏ ਸਨ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਹਮਲਾਵਰ ਪੂਰੀ ਯੋਜਨਾ ਬਣਾ ਕੇ ਆਏ ਸਨ। ਉਸ ਕੋਲ ਇੱਕ ਹਥਿਆਰ ਸੀ ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ। ਸੂਰੀ ਦੇ ਸਮਰਥਕਾਂ ਨੇ ਅੰਮ੍ਰਿਤਪਾਲ ਦਾ ਨਾਂ ਵੀ ਲਿਆ ਹੈ।

ਅੰਮ੍ਰਿਤਪਾਲ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਜਲੰਧਰ ਵਿੱਚ ਇੱਕ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਲਈ ਜਾਣਾ ਸੀ। ਮੈਂ ਸਿੱਖ ਸੰਗਤ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਸਿੱਖਾਂ ਉੱਤੇ ਜ਼ੁਲਮ ਦੀ ਇੰਤਹਾ ਹੈ। ਇਨ੍ਹਾਂ ਵੱਲੋਂ ਇਹ ਕਹਿ ਕੇ ਮੈਨੂੰ ਨਜ਼ਰਬੰਦ ਕੀਤਾ ਗਿਆ ਹੈ ਕਿ ਉੱਥੇ ਹਾਲਾਤ ਖਰਾਬ ਹੋ ਸਕਦੇ ਹਨ ਪਰ ਉੱਥੋਂ ਦੇ ਸਿੱਖਾਂ ਦਾ ਕਹਿਣਾ ਹੈ ਕਿ ਉੱਥੇ ਕਿਸੇ ਵੀ ਬੰਦ ਦੀ ਕੋਈ ਕਾਲ ਨਹੀਂ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ। ਅਸੀਂ ਇਨ੍ਹਾਂ ਦੇ ਕਹਿਣ ਉੱਤੇ ਆਪਣੇ ਕੁਝ ਪ੍ਰੋਗਰਾਮ ਰੱਦ ਵੀ ਕੀਤੇ ਹਨ ਪਰ ਇਹ ਜ਼ਿਆਦਾ ਹੀ ਸਿਰ ਉੱਤੇ ਚੜ ਰਹੇ ਹਨ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮੁਲਜ਼ਮ ਸੰਦੀਪ ਸਿੰਘ ਦੀ ਗੱਡੀ ਉੱਤੇ ਲੱਗੇ ਆਪਣੇ ਸਟਿੱਕਰ ਬਾਰੇ ਬੋਲਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਹਜ਼ਾਰਾਂ ਲੋਕ ਹੀ ਸਟਿੱਕਰ ਲਗਾਉਂਦੇ ਹਨ। ਉਸ ਗੱਡੀ ਉੱਤੇ ਪੁਲਿਸ ਦਾ ਸਟਿੱਕਰ ਵੀ ਲੱਗਾ ਹੋਇਆ ਸੀ, ਤਾਂ ਫਿਰ ਕੀ ਅਸੀਂ ਪੁਲਿਸ ਨੂੰ ਵੀ ਦੋਸ਼ੀ ਠਹਿਰਾਵਾਂਗੇ। ਇੱਥੇ ਸੰਗਤ ਪਹੁੰਚ ਰਹੀ ਹੈ। ਉਨ੍ਹਾਂ ਨੇ ਮੁੜ ਨੌਜਵਾਨਾਂ ਨੂੰ ਅੰਮ੍ਰਿਤ ਛਕਣ ਲਈ ਅਪੀਲ ਕੀਤੀ।