Punjab

ਮਾਲ ਰਿਕਾਰਡ ’ਚ ਪਈ 2400 ਕਿਸਾਨਾਂ ਦੀ ਰੈੱਡ ਐਂਟਰੀ

Straw pollution: Red entry in the revenue records of 2400 farmers

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਮਾਲ ਰਿਕਾਰਡ ਵਿਚ ਅੰਦਰੋਂ ਅੰਦਰੀਂ ਰੈੱਡ ਐਂਟਰੀ ਪਾਉਣੀ ਸ਼ੁਰੂ ਕਰ ਦਿੱਤੀ ਹੈ। ਬੇਸ਼ੱਕ ‘ਆਪ’ ਸਰਕਾਰ ਕਿਸਾਨਾਂ ਖ਼ਿਲਾਫ਼ ਸਖ਼ਤ ਕਦਮ ਉਠਾਉਣ ’ਚ ਨਰਮੀ ਵਰਤ ਰਹੀ ਹੈ ਪਰ ਹੁਣ ਤੱਕ 2400 ਕਿਸਾਨਾਂ ਦੇ ਮਾਲ ਰਿਕਾਰਡ ਵਿਚ ਰੈੱਡ ਐਂਟਰੀ ਪਾਈ ਜਾ ਚੁੱਕੀ ਹੈ। ਇਨ੍ਹਾਂ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਈ ਸੀ। ਪੰਜਾਬ ਵਿਚ ਅੱਜ ਤੱਕ 26,583 ਥਾਵਾਂ ’ਤੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਮੁਕਾਬਲਤਨ ਕਿਸਾਨਾਂ ’ਤੇ ਕੀਤੀ ਕਾਰਵਾਈ ਬਹੁਤ ਨਰਮ ਜਾਪਦੀ ਹੈ।

ਜਦੋਂ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਮੁੱਢਲੀ ਮੀਟਿੰਗ ਵਿਚ ਕਿਸਾਨਾਂ ਨੂੰ ਮਾਲ ਰਿਕਾਰਡ ਵਿਚ ਰੈੱਡ ਐਂਟਰੀ ਪਾਏ ਜਾਣ ਦਾ ਡਰਾਵਾ ਦਿੱਤਾ ਸੀ ਤਾਂ ਕਿਸਾਨ ਧਿਰਾਂ ਨੇ ਸਰਕਾਰ ਦੇ ਇਸ ਸੰਭਾਵੀ ਐਕਸ਼ਨ ਖ਼ਿਲਾਫ਼ ਸਖ਼ਤ ਪੈਂਤੜਾ ਲੈ ਲਿਆ ਸੀ। ਉਂਜ ਸਰਕਾਰ ਨੇ ਗੁਪਤ ਤਰੀਕੇ ਨਾਲ ਕਾਰਵਾਈ ਕਰਨੀ ਜਾਰੀ ਰੱਖੀ। ਹੁਣ ਤੱਕ ਸਰਕਾਰ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ 96 ਲੱਖ ਰੁਪਏ ਦੇ ਜੁਰਮਾਨੇ ਲਗਾ ਚੁੱਕੀ ਹੈ ਜਿਸ ’ਚੋਂ ਵਸੂਲੀ ਸਿਰਫ਼ 37,500 ਰੁਪਏ ਦੀ ਕੀਤੀ ਗਈ ਹੈ।

ਫ਼ੀਲਡ ਅਫ਼ਸਰਾਂ ਅਤੇ ਮੁਲਾਜ਼ਮਾਂ ਵੱਲੋਂ ਹੁਣ ਤੱਕ 13,800 ਥਾਵਾਂ ’ਤੇ ਪਰਾਲੀ ਨੂੰ ਸਾੜੇ ਜਾਣ ਦੀ ਸੂਚਨਾ ਮਿਲਣ ’ਤੇ ਦੌਰਾ ਕੀਤਾ ਗਿਆ ਜਿਸ ’ਚੋਂ 5800 ਥਾਵਾਂ ’ਤੇ ਸੂਚਨਾ ਸਹੀ ਪਾਈ ਗਈ। ਵੇਰਵਿਆਂ ਅਨੁਸਾਰ ਸੂਬੇ ਵਿਚ ਹੁਣ ਤੱਕ 4.33 ਲੱਖ ਹੈਕਟੇਅਰ ਰਕਬੇ ਵਿਚ ਪਰਾਲੀ ਨੂੰ ਅੱਗ ਲਗਾਈ ਜਾ ਚੁੱਕੀ ਹੈ ਜਦੋਂ ਕਿ ਪਿਛਲੇ ਵਰ੍ਹੇ ਇਸ ਤਰੀਕ ਤੱਕ 4.77 ਲੱਖ ਹੈਕਟੇਅਰ ਰਕਬੇ ’ਚ ਪਰਾਲੀ ਸਾੜੀ ਗਈ ਸੀ। ਸਰਕਾਰ ਮੁਤਾਬਕ ਅੱਗ ਲਾਏ ਜਾਣ ਦੀਆਂ ਘਟਨਾਵਾਂ ਦਾ ਅੰਕੜਾ ਵਧਿਆ ਹੈ ਪਰ ਰਕਬੇ ਵਿਚ ਕਟੌਤੀ ਹੋਈ ਹੈ।

ਤਾਜ਼ਾ ਵੇਰਵਿਆਂ ਅਨੁਸਾਰ ਸੂਬੇ ਵਿਚ ਅੱਜ ਇੱਕੋ ਦਿਨ ਵਿਚ 2437 ਥਾਵਾਂ ’ਤੇ ਪਰਾਲੀ ਨੂੰ ਅੱਗਾਂ ਲਾਏ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ’ਚੋਂ ਸਭ ਤੋਂ ਸਿਖਰ ’ਤੇ ਜ਼ਿਲ੍ਹਾ ਸੰਗਰੂਰ ਹੈ ਜਿੱਥੇ 471 ਥਾਵਾਂ ’ਤੇ ਪਰਾਲੀ ਸਾੜੀ ਗਈ। ਇਹ ਵੀ ਰੁਝਾਨ ਸਾਹਮਣੇ ਆਇਆ ਹੈ ਕਿ ਮਾਝੇ ਅਤੇ ਦੁਆਬੇ ਵਿਚ ਪਰਾਲੀ ਨੂੰ ਸਾੜੇ ਜਾਣ ਦਾ ਅੰਕੜਾ ਘਟਿਆ ਹੈ ਜਦੋਂ ਕਿ ਮਾਲਵੇ ਵਿਚ ਰਫ਼ਤਾਰ ਵਧੀ ਹੈ। ਬਰਨਾਲਾ ਵਿਚ ਅੱਜ ਇੱਕੋ ਦਿਨ ਵਿਚ 267 ਥਾਵਾਂ ’ਤੇ ਪਰਾਲੀ ਸਾੜੀ ਗਈ।

ਬਠਿੰਡਾ ਵਿਚ ਪਹਿਲਾਂ ਅੰਕੜਾ ਛੋਟਾ ਸੀ ਪ੍ਰੰਤੂ ਅੱਜ 258 ਥਾਵਾਂ ’ਤੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਹੈ। ਮੋਗਾ ਵਿਚ 204 ਅਤੇ ਫ਼ਿਰੋਜ਼ਪੁਰ ਵਿਚ 242 ਥਾਵਾਂ ’ਤੇ ਅੱਗ ਲਾਏ ਜਾਣ ਦੀ ਸੂਚਨਾ ਸਾਹਮਣੇ ਆਈ ਹੈ। ਐਤਕੀਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀ ਪਰਾਲੀ ਦੇ ਪ੍ਰਦੂਸ਼ਣ ਦਾ ਮੁੱਦਾ ਕੌਮੀ ਪੱਧਰ ’ਤੇ ਉਛਾਲਿਆ ਜਾਣ ਲੱਗਾ ਹੈ। ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਵੀ ਪੰਜਾਬ ਦੀ ਥਾਂ ’ਤੇ ਹਰਿਆਣਾ ਦੀ ਪਰਾਲੀ ਪ੍ਰਬੰਧਨ ਦੇ ਮਾਮਲੇ ਵਿਚ ਸ਼ਲਾਘਾ ਕੀਤੀ ਹੈ।