India Punjab

ਕੀ ਪੱਕ ਰਹੀ ਹੈ ਸਿਆਸੀ ਖਿਚੜੀ ? ਪਹਿਲਾਂ ਡੇਰਾ ਬਿਆਸ ਮੁਖੀ ਦੀ ਦਾਦੂਵਾਲ ਨਾਲ ਮੁਲਾਕਾਤ,ਹੁਣ PM ਮੋਦੀ ਜਾਣਗੇ ਡੇਰੇ !

ਬਿਊਰੋ ਰਿਪੋਰਟ : ਪੰਜਾਬ ਅਤੇ ਹਰਿਆਣਾ ਦੀ ਸਿਆਸਤ ਵਿੱਚ ਡੇਰਿਆਂ ਦਾ ਅਹਿਮ ਰੋਲ ਰਿਹਾ ਹੈ। ਸਿਆਸੀ ਸ਼ੈਅ ਅਤੇ ਮਾਤ ਦੀ ਰਣਨੀਤੀ ਡੇਰਿਆਂ ਦੇ ਗੇੜਿਆਂ ਨਾਲ ਹੀ ਤੈਅ ਹੁੰਦੀ ਆਈ ਹੈ । ਅਜਿਹੇ ਵਿੱਚ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਸਰਗਰਮ ਡੇਰਿਆਂ ਵਿੱਚੋਂ ਬਿਆਸ ਡੇਰੇ ਦਾ ਨਾਂ ਸਭ ਤੋਂ ਵੱਡਾ ਹੈ । ਡੇਰੇ ਦੇ ਕਰੋੜਾਂ ਸ਼ਰਧਾਲੂ ਹਨ ਅਤੇ ਸਿਆਸੀ ਲਿਹਾਜ਼ ਨਾਲ ਵੱਡਾ ਵੋਟ ਬੈਂਕ ਹੈ। ਹਾਲਾਂਕਿ ਮੰਨਿਆ ਜਾਂਦਾ ਹੈ ਸੌਦਾ ਸਾਧ ਦੇ ਡੇਰੇ ਵਾਂਗ ਬਿਆਸ ਡੇਰੇ ਤੋਂ ਸਿੱਧੇ ਤੌਰ ‘ਤੇ ਕਿਸੇ ਸਿਆਸੀ ਪਾਰਟੀ ਦਾ ਨਾਂ ਲੈਕੇ ਵੋਟਿੰਗ ਦੇ ਦਿਸ਼ਾ-ਨਿਰਦੇਸ਼ ਨਹੀਂ ਦਿੱਤੇ ਜਾਂਦੇ ਹਨ। ਪਰ ਕਿਧਰੇ ਨਾ ਕਿਧਰੇ ਸਿਆਸੀ ਆਗੂਆਂ ਦੇ ਗੇੜਿਆਂ ਨਾਲ ਇਸ਼ਾਰਾ ਮਿਲ ਜਾਂਦਾ ਹੈ। ਪਿਛਲੇ 5 ਦਿਨਾਂ ਦੇ ਅੰਦਰ ਡੇਰਾ ਬਿਆਸ ਮੁਖੀ ਨਾਲ ਸ਼ਨਿੱਚਰਵਾਰ ਨੂੰ ਹੋਣ ਵਾਲੀ ਦੂਜੀ ਵੱਡੀ ਮੁਲਾਕਾਤ ਦੇ ਵੱਡੇ ਮਾਇਨੇ ਕੱਢੇ ਜਾ ਰਹੇ ਹਨ। PM ਮੋਦੀ ਸ਼ਨਿੱਚਰਵਾਰ 5 ਨਵੰਬਰ ਨੂੰ ਹਿਮਾਚਲ ਫੇਰੀ ਦੌਰਾਨ ਡੇਰਾ ਬਿਆਸ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਉਨ੍ਹਾਂ ਦੇ ਡੇਰੇ ਜਾਕੇ ਮੁਲਾਕਾਤ ਕਰਨਗੇ । ਜਦਕਿ ਇਸ ਤੋਂ ਪਹਿਲਾਂ 1 ਨਵਬੰਰ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੀ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਵੀ ਚਰਚਾ ਵਿੱਚ ਹੈ। ਇੰਨਾਂ ਸਾਰੀਆਂ ਮੁਲਾਕਾਤਾਂ ਦੇ ਵਿਚਾਲੇ ਬੀਬੀ ਜਗੀਰ ਕੌਰ ਦਾ ਬਾਗੀ ਹੋਣਾਂ ਅਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ BJP ਅਤੇ RSS ‘ਤੇ ਸਿੱਖ ਮਾਮਲਿਆਂ ਵਿੱਚ ਦਖ਼ਲ ਅੰਦਾਜ਼ੀ ਦੇਣ ਵਾਲੇ ਬਿਆਨ ਨੂੰ ਵੀ ਇਸੇ ਕੜੀ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਅਜਿਹੇ ਵਿੱਚ ਸਵਾਲ ਉੱਠ ਰਹੇ ਹਨ ਕਿ ਕਿਹੜੇ ਸਿਆਸੀ ਖਿਚੜੀ ਪੰਜਾਬ ਵਿੱਚ ਪੱਕ ਰਹੀ ਹੈ ।

PM ਦੀਆਂ ਸਿੱਖ ਸਿਆਸਤ ਵਿੱਚ ਸਰਗਰਮੀ

2022 ਦੀਆਂ ਚੋਣਾਂ ਤੋਂ ਬਾਅਦ ਹੀ ਪੰਜਾਬ ਦੀ ਸਿੱਖ ਸਿਆਸਤ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਗਰਮੀ ਵੱਧ ਗਈਆਂ ਸੀ । ਉਹ ਸਮੇਂ-ਸਮੇਂ ‘ਤੇ ਸਿੱਖ ਆਗੂਆਂ ਨਾਲ ਮੀਟਿੰਗ ਕਰ ਰਹੇ ਹਨ। ਸਿਆਸੀ ਜਾਣਕਾਰ ਇਸ ਨੂੰ ਬੀਜੇਪੀ ਦੇ ਮਿਸ਼ਨ 2027 ਨਾਲ ਜੋੜ ਕੇ ਵੇਖ ਰਹੇ ਹਨ। ਬੀਜੇਪੀ ਉਨ੍ਹਾਂ ਸਾਰੇ ਧਾਰਮਿਕ ਅਤੇ ਸਿਆਸੀ ਆਗੂਆਂ ਨੂੰ ਇੱਕ ਮੰਚ ‘ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ ਜੋ ਬੀਜੇਪੀ ਲਈ ਪੰਜਾਬ ਵਿੱਚ 2027 ਦਾ ਰਾਹ ਅਸਾਨ ਕਰਨ ਸਕਣ। ਸੂਬੇ ਦੀ ਸਿਆਸਤ ਵਿੱਚ ਸਿੱਖ ਧਰਮ ਵੱਡਾ ਰੋਲ ਨਿਭਾਉਂਦਾ ਹੈ। ਇਸੇ ਲਈ ਬੀਜੇਪੀ ਨਜ਼ਰ ਉਨ੍ਹਾਂ ਸਾਰੇ ਬਾਗ਼ੀਆਂ ‘ਤੇ ਹੈ ਜੋ ਸ਼੍ਰੋਮਣੀ ਅਕਾਲੀ ਦਲ ਦਾ SGPC ‘ਤੇ ਕੰਟਰੋਲ ਖ਼ਤਮ ਕਰ ਸਕਣ। ਸਿਰਫ਼ ਇੰਨਾਂ ਹੀ ਨਹੀਂ ਕੇਂਦਰ ਦੇ ਹੱਥ SGPC ਚੋਣਾਂ ਐਲਾਨ ਦਾ ਜਿਹੜਾ ਤੁਰਕ ਦਾ ਪਤਾ ਹੈ ਉਹ ਵੀ ਇਸ ਵਿੱਚ ਅਹਿਮ ਰੋਲ ਅਦਾ ਕਰੇਗਾ। ਬਸ ਬੀਜੇਪੀ ਸਹੀ ਟਾਇਮਿੰਗ ਦੀ ਤਲਾਸ਼ ਕਰ ਰਹੀ ਹੈ। ਅਜਿਹੇ ਵਿੱਚ ਬੀਜੇਪੀ ਦੀ ਸਿਆਸੀ ਸ਼ੈਅ ਵਿੱਚ ਬਲਜੀਤ ਸਿੰਘ ਦਾਦੂਵਾਲ,ਡੇਰਾ ਬਿਆਸ ਅਤੇ ਸੌਦਾ ਸਾਧ ਵਰਗੇ ਡੇਰੇ ਉਨ੍ਹਾਂ ਦੀ ਕਾਫ਼ੀ ਮਦਦ ਕਰ ਸਕਦੇ ਹਨ। ਦਾਦੂਵਾਲ ਇਸ ਵਕਤ ਡੇਰਾ ਬਿਆਸ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਦੇ ਸਭ ਤੋਂ ਜ਼ਿਆਦਾ ਕਰੀਬੀ ਮੰਨੇ ਜਾਂਦੇ ਹਨ ਅਤੇ ਦਾਦੂਵਾਲ ਬਾਦਲ ਪਰਿਵਾਰ ਦੇ ਵਿਰੋਧੀ ਹੋਣ ਦੇ ਨਾਲ ਬੀਜੇਪੀ ਦੇ ਵੀ ਕਾਫ਼ੀ ਕਰੀਬੀ ਬਣ ਗਏ ਹਨ। ਕਿਸਾਨ ਅੰਦੋਲਨ ਤੋਂ ਸ਼ੁਰੂ ਹੋਇਆ ਦਾਦੂਵਾਲ ਅਤੇ ਬੀਜੇਪੀ ਦੀਆਂ ਨਜ਼ਦੀਕੀਆਂ ਨੇ ਹੁਣ ਉਨ੍ਹਾਂ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਹੈ । ਹਰਿਆਣਾ ਵਿੱਚ ਉਹ ਬੀਜੇਪੀ ਲਈ ਵੱਡਾ ਸਿੱਖ ਧਾਰਮਿਕ ਚਹਿਰਾ ਬਣ ਰਹੇ ਹਨ। ਪੰਜਾਬ ਵਿੱਚ ਸੰਤ ਸਮਾਜ ਵਿੱਚ ਦਾਦੂਵਾਲ ਦਾ ਚੰਗਾ ਅਧਾਰ ਹੈ। ਜਿਸ ਨੂੰ ਬੀਜੇਪੀ SGPC ਦੀਆਂ ਚੋਣਾਂ ਦੌਰਾਨ ਵਰਤ ਸਕਦੀ ਹੈ। ਬੀਬੀ ਜਗੀਰ ਕੌਰ ਦੀ ਅਕਾਲੀ ਦਲ ਤੋਂ ਬਗਾਵਤ ਬੀਜੇਪੀ ਲਈ ਇੱਕ ਹੋਰ ਤੁਰਕ ਦਾ ਪਤਾ ਸਾਬਿਤ ਹੋ ਸਕਦੀ ਹੈ।

4 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਹੀ ਬੀਬੀ ਜਗੀਰ ਕੌਰ ਸਿਆਸੀ ਅਤੇ ਧਾਰਮਿਕ ਪੱਖੋਂ ਵੀ ਮਜਬੂਤ ਹੈ। ਉਹ ਆਪ ਇੱਕ ਡੇਰੇ ਦੀ ਮੁਖੀ ਹਨ। ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਇੱਕ ਵਕਤ ਬਾਦਲ ਪਰਿਵਾਰ ਦੇ ਸਭ ਤੋਂ ਨਜ਼ਦੀਕੀ ਸਨ । ਪਰ ਦਿੱਲੀ ਵਿੱਚ DSGMC ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜਦੋਂ ਬਾਗੀ ਹੋਕੇ ਅਕਾਲੀ ਦਲ ਤੋਂ ਵੱਖ ਪਾਰਟੀ ਬਣਾਈ ਸੀ ਤਾਂ ਉਸ ਵਿੱਚ ਟਕਸਾਲ ਮੁੱਖੀ ਹਰਨਾਮ ਸਿੰਘ ਧੂਮਾ ਵੀ ਪਹੁੰਚੇ ਸਨ। ਅਤੇ ਬੇਅਦਬੀ ਵਰਗੇ ਮੁੱਦੇ ‘ਤੇ ਬਾਦਲ ਪਰਿਵਾਰ ਨੂੰ ਘੇਰਿਆ ਸੀ । ਇੱਕ ਵਕਤ ਸੁਖਬੀਰ ਬਾਦਲ ਦੇ ਸਭ ਤੋਂ ਨਜ਼ਦੀਕਿਆਂ ਵਿੱਚੋਂ ਇੱਕ ਮਨਜਿੰਦਰ ਸਿੰਘ ਸਿਰਸਾ ਵੀ ਬੀਜੇਪੀ ਦੇ ਲਈ ਪੰਜਾਬ ਵਿੱਚ ਸਿਆਸੀ ਅਤੇ ਧਾਰਮਿਕ ਜ਼ਮੀਨ ਤਲਾਸ਼ ਅਤੇ ਤਰਾਸ਼ ਰਹੇ ਹਨ। ਕਾਂਗਰਸ ਦੇ ਜਿਹੜੇ ਵੀ ਦਿੱਗਜ ਬੀਜੇਪੀ ਵਿੱਚ ਸ਼ਾਮਲ ਹੋਏ ਉਨ੍ਹਾਂ ਨੂੰ ਪਾਰਟੀ ਨਾਲ ਜੋੜਨ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਹੀ ਨਿਭਾਈ। ਸੁਖਦੇਵ ਸਿੰਘ ਢੀਂਡਸਾ ਪਹਿਲਾਂ ਹੀ ਬੀਜੇਪੀ ਦੇ ਨਾਲ ਹਨ ।

ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਪਾਰਟੀ ਦਾ ਰਿਲੇਵਾ ਬੀਜੇਪੀ ਨਾਲ ਕਰ ਦਿੱਤਾ ਹੈ। ਅਜਿਹੇ ਵਿੱਚ ਅਕਾਲੀ ਦਲ ਵੀ ਬੀਜੇਪੀ ਦੇ ਪਲਾਨ ਨੂੰ ਪੂਰੀ ਤਰ੍ਹਾਂ ਨਾਲ ਸਮਝ ਰਹੀ ਹੈ। ਇਸੇ ਲਈ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੀਜੇਪੀ ਅਤੇ RSS ‘ਤੇ ਸਿੱਖ ਮਸਲਿਆਂ ਵਿੱਚ ਦਖਲ ਅੰਦਾਜੀ ਦਾ ਇਲਜ਼ਾਮ ਲਗਾਇਆ ਹੈ। ਸ੍ਰੀ ਆਨੰਦਪੁਰ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ ਮਨਜੀਤ ਸਿੰਘ ਦਾ ਵੀ ਇੱਕ ਬਿਆਨ ਬੀਜੇਪੀ ਦੇ ਮਿਸ਼ਨ ਪੰਜਾਬ ਦੀ ਤਸਦੀਕ ਕਰ ਰਿਹਾ ਹੈ ।

ਪ੍ਰੋ ਮਨਜੀਤ ਸਿੰਘ ਨੇ 23 ਸਾਲ ਪੁਰਾਣੇ RSS ਦੇ ਬਿਆਨ ਦਾ ਖੁਲਾਸਾ ਕੀਤਾ

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਸਾਬਕਾ ਜਥੇਦਾਰ ਰਹੇ ਪ੍ਰੋ ਮਨਜੀਤ ਸਿੰਘ ਨੇ 23 ਸਾਲ ਪੁਰਾਣੇ RSS ਦੇ ਪੰਜਾਬ ਮਿਸ਼ਨ ਦਾ ਵੱਡਾ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਇੱਕ ਸਮਾਗਮ ਦੌਰਾਨ ਦੱਸਿਆ ਸੀ ਕਿ ਜਦੋਂ 1999 ਵਿੱਚ ਆਨੰਦਪੁਰ ਸਾਹਿਬ ਵਿੱਚ ਖਾਲਸੇ ਦੀ ਸਿਰਜਨਾ ਦੇ 300 ਸਾਲਾ ਸਮਾਗਮ ਸੀ ਤਾਂ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੀ ਪਹੁੰਚੇ ਸਨ। ਇਸ ਦੌਰਾਨ ਨਗਰ ਕੀਰਤਨ ਸਜਾਇਆ ਗਿਆ ਸੀ। ਉਸ ਵੇਲੇ RSS ਦੇ ਤਕਰੀਬਨ 1500 ਕਾਰਜਕਰਤਾ ਸ਼ਾਖਾ ਦੀ ਵਰਦੀ ਪਾਕੇ ਨਗਰ ਕੀਰਤਨ ਵਿੱਚ ਸਭ ਤੋਂ ਅੱਗੇ ਖੜੇ ਹੋਣ ਦੀ ਜ਼ਿੰਦ ਕਰਨ ਲੱਗੇ । ਪਰ ਉਸ ਵੇਲੇ ਤਤਕਾਲੀ ਜਥੇਦਾਰ ਪ੍ਰੋ ਮਨਜੀਤ ਸਿੰਘ ਨੇ ਉਨ੍ਹਾਂ ਦੀ ਇਸ ਮੰਗ ਨੂੰ ਖਾਰਜ ਕਰ ਦਿੱਤਾ ਸੀ । ਉਨ੍ਹਾਂ ਦੱਸਿਆ ਉਸ ਵੇਲੇ ਉਨ੍ਹਾਂ ਨੂੰ RSS ਦੇ ਇੱਕ ਵੱਡੇ ਆਗੂ ਨੇ ਚੁਣੌਤੀ ਦਿੰਦੇ ਹੋਏ ਕਿਹਾ ਸੀ ਕਿ ਤੁਸੀਂ ਵੇਖੋਗੇ ਕਿ ਸਮਾਂ ਅਜਿਹਾ ਆਵੇਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਤੇ SGPC ਦਾ ਪ੍ਰਧਾਨ ਵੀ ਸਾਡਾ ਹੀ ਹੋਵੇਗਾ । 2004 ਵਿੱਚ ਸ੍ਰੀ ਅਕਾਲ ਤਖ਼ਤ ਵੱਲੋਂ ਵੀ RSS ਦੀ ਸਿੱਖ ਗਤੀਵਿਧਿਆਂ ਨੂੰ ਲੈਕੇ ਸਵਾਲ ਚੁੱਕੇ ਗਏ ਸਨ। ਇਸੇ ਲਈ ਹੁਕਮਨਾਮਾ ਜਾਰੀ ਕਰਦੇ ਹੋਏ ਸਿੱਖ ਸੰਗਤ ਨੂੰ ਹੁਕਮ ਦਿੱਤੇ ਗਏ ਸਨ ਕਿ ਉਹ RSS ਦੀ ਰਾਸ਼ਟਰੀ ਸਿੱਖ ਸੰਗਤ ਤੋਂ ਦੂਰ ਰਹਿਣ ।