‘ਦ ਖ਼ਾਲਸ ਬਿਊਰੋ : SGPC ਦੀ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਵੱਲੋਂ ਮੁਅੱਤਲ ਹੋਈ ਬੀਬੀ ਜਗੀਰ ਕੌਰ ਨੇ ‘ਦ ਖ਼ਾਲਸ ਟੀਵੀ ਦੀ ਐਡੀਟਰ ਹਰਸ਼ਰਨ ਕੌਰ ਨਾਲ EXCLUSIVE ਗੱਲਬਾਤ ਦੌਰਾਨ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਆਖਿਰ ਕਿਹੜੇ ਹਾਲਾਤਾਂ ਵਿੱਚ ਉਨ੍ਹਾਂ ਨੇ SGPC ਦੀ ਚੋਣ ਲੜਨ ਦਾ ਫੈਸਲਾ ਲਿਆ ? ਬੀਬੀ ਜਗੀਰ ਨੇ ਸੁਖਬੀਰ ਅਤੇ ਹਰਸਿਮਰਤ ਨਾਲ ਰਿਸ਼ਤਿਆਂ ਵਿੱਚ ਆਈ ਕੁੜਤਨ ਦੀ ਵਜ੍ਹਾ ਵੀ ਦੱਸੀ ? ਬੀਜੇਪੀ ਨਾਲ ਜਾਣ ਬਾਰੇ ਵੀ ਆਪਣਾ ਸੈਂਡ ਸਪਸ਼ਟ ਕੀਤਾ ? SGPC ਦੀ ਸਾਬਕਾ ਪ੍ਰਧਾਨ ਨੇ ਦੱਸਿਆ ਕਿ ਕਦੋਂ ਅਤੇ ਕਿਵੇਂ ਉਹ ਨੋਟਿਸ ਦਾ ਜਵਾਬ ਦੇਣਗੇ । ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਨੇ ਨਾਨਕਸ਼ਾਹੀ ਕਲੈਂਡਰ ਅਤੇ ਸ੍ਰੀ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਵੱਲੋਂ ਉਨ੍ਹਾਂ ਨੂੰ ਸਿੱਖ ਪੰਥ ਤੋਂ ਛੇਕਣ ਦੀ ਸਾਜਿਸ਼ ਦਾ ਵੀ ਪਰਦਾਫਾਸ਼ ਕੀਤਾ ਹੈ । ਇਹ ਪੂਰਾ ਇੰਟਕਵਿਊ ਤੁਸੀਂ ਹੇਠਾਂ ਜੁੜੇ ਲਿੰਕ ‘ਤੇ ਕਲਿੱਕ ਕਰਕੇ ਸੁਣ ਸਕਦੇ ਹੋ
ਨੋਟਿਸ ‘ਤੇ ਬੀਬੀ ਜਗੀਰ ਕੌਰ ਦਾ ਜਵਾਬ
ਬੁੱਧਵਾਰ ਨੂੰ ਸ੍ਰੋਮਣੀ ਅਕਾਲੀ ਦਲ ਵੱਲੋਂ ਭੇਜੇ ਗਏ ਨੋਟਿਸ ‘ਤੇ ਬੀਬੀ ਜਗੀਰ ਨੇ ਕਿਹਾ ਕਿ ਫੋਨ ਦੇ ਜ਼ਰੀਏ ਉਨ੍ਹਾਂ ਨੂੰ ਨੋਟਿਸ ਮਿਲ ਗਿਆ ਹੈ। ਨੋਟਿਸ ਵਿੱਚ ਸਿਰਫ ਏਨਾ ਹੀ ਲਿਖਿਆ ਹੋਇਆ ਹੈ ਕਿ ਉਨ੍ਹਾਂ ਨੂੰ ਪਿਛਲੇ 4 ਮਹੀਨੀਆਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿੱਚ ਸਸਪੈਂਡ ਕੀਤਾ ਜਾਂਦਾ ਹੈ ਜਿਸ ਦਾ ਜਵਾਬ ਉਨ੍ਹਾਂ ਨੂੰ 48 ਘੰਟਿਆਂ ਦੇ ਅੰਦਰ ਦੇਣਾ ਹੈ। ਉਨ੍ਹਾਂ ਨੇ ਅਕਾਲੀ ਦਲ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਉਨ੍ਹਾਂ ਨੇ ਕਿਹੜੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ ਹਨ। ਬੀਬੀ ਜਗੀਰ ਕੌਰ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਸੋਚ ਕੇ ਇਸ ਨੋਟਿਸ ਦਾ ਜਵਾਬ ਦੇਣਗੇ ਜਾਂ ਫਿਰ ਸ਼ਾਇਦ ਜਵਾਬ ਨਾ ਵੀ ਦੇਣ। ‘ਦ ਖਾਲਸ ਟੀਵੀ ਨਾਲ EXCLUSIVE ਗੱਲਬਾਤ ਦੌਰਾਨ ਬੀਬੀ ਜਗੀਰ ਕੌਰ ਨੇ ਦਾਅਵਾ ਕੀਤੀ ਅਨੁਸ਼ਾਸਨਿਕ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਹੁਣ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧਿਆ ਦਾ ਨੋਟਿਸ ਦੇ ਰਹੇ ਹਨ ਜਦਕਿ ਉਨ੍ਹਾਂ ਨੇ 2 ਮਹੀਨੇ ਪਹਿਲਾਂ ਹੀ ਆਪਣਾ ਫੈਸਲਾ ਦੱਸ ਦਿੱਤਾ ਸੀ । ਬੀਬੀ ਜਗੀਰ ਕੌਰ ਨੇ ਕਿਹਾ ਕਿ ਹੁਣ ਵੀ ਉਹ ਆਪਣੇ ਫੈਸਲੇ ‘ਤੇ ਕਾਇਮ ਹਨ ਅਤੇ 9 ਨਵੰਬਰ ਨੂੰ ਜ਼ਰੂਰ ਚੋਣ ਲੜਨਗੇ । ਸਾਬਕਾ SGPC ਦੀ ਪ੍ਰਧਾਨ ਨੇ ਦਾਅਵਾ ਕੀਤਾ ਕਿ ਲਿਫਾਫਾ ਕਲਚਰ ਖ਼ਤਮ ਕਰਨ ਦੇ ਲਈ ਉਹ ਆਪ ਸੁਖਬੀਰ ਬਾਦਲ ਨੂੰ ਮਿਲੇ ਸਨ । ਉਨ੍ਹਾਂ ਨੇ ਕਿਹਾ ਕਿ ਇਸ ਵਾਰ ਨਵਾਂ ਸਿਸਟਮ ਸ਼ੁਰੂ ਕਰਨ ਕਿਉਂ ਲਿਫਾਫਾ ਕਲਚਰ ਨਾਲ ਪਾਰਟੀ ਦੀ ਬਹੁਤ ਬਦਨਾਮੀ ਹੁੰਦੀ ਹੈ। ਫਿਰ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਨਵੇਂ ਤਰੀਕੇ ਬਾਰੇ ਪੁੱਛਿਆ ਤਾਂ ਉਨ੍ਹਾਂ ਦੇ ਸੁਝਾਅ ਦਿੱਤਾ ਸੀ SGPC ਦੇ ਪ੍ਰਧਾਨ ਦਾ ਨਾਂ ਪਹਿਲਾਂ ਤੋਂ ਐਲਾਨਣ ਦੀ ਥਾਂ ਸੁਖਬੀਰ ਬਾਦਲ ਹਾਊਸ ਵਿੱਚ ਜਾਕੇ ਚੋਣ ਲੜਨ ਵਾਲੇ ਉਮੀਦਵਾਰਾਂ ਦਾ ਨਾਂ ਪੁੱਛਣ ਅਤੇ ਜ਼ਮੀਰ ਦੀ ਆਵਾਜ਼ ‘ਤੇ ਵੋਟ ਕਰਨ ਦੀ ਅਪੀਲ ਕਰਨ। ਪਰ ਉਨ੍ਹਾਂ ਨੂੰ ਇਹ ਪਾਰਟੀ ਵਿਰੋਧੀ ਗਤੀਵਿਧੀਆਂ ਲੱਗੀਆਂ। ਬੀਬੀ ਜਗੀਰ ਕੌਰ ਨੂੰ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਲਿਫਾਫਾ ਕਲਚਰ ਦਾ ਉਸ ਵੇਲੇ ਵਿਰੋਧ ਕਿਉਂ ਨਹੀਂ ਕੀਤਾ ਜਦੋਂ ਉਨ੍ਹਾਂ ਨੂੰ 4 ਵਾਰ ਪ੍ਰਧਾਨ ਬਣਾਇਆ ਗਿਆ ਤਾਂ ਉਨ੍ਹਾਂ ਨੇ ਕਿਹਾ ਪਾਰਟੀ ਦੇ ਪਲੇਟਫਾਰਮ ‘ਤੇ ਉਨ੍ਹਾਂ ਵੱਲੋਂ ਲਿਫਾਫਾ ਅਤੇ ਬੇਅਦਬੀ ਵਰਗੇ ਕਈ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਪਰ ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਇਹ ਵੀ ਦਾਅਵਾ ਕੀਤਾ ਪਾਰਟੀ ਦੇ ਕਈ ਆਗੂ ਮੀਟਿੰਗ ਤੋਂ ਬਾਹਰ ਆਕੇ ਕਈ ਫੈਸਲਿਆਂ’ ਤੇ ਸਵਾਲ ਚੁੱਕ ਦੇ ਰਹੇ ਹਨ। ਬੀਬੀ ਜਗੀਰ ਕੌਰ ਨੂੰ ਜਦੋਂ ਬੀਜੇਪੀ ਵਿੱਚ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਗੋਲਮੋਲ ਸੀ ।
ਬੀਜੇਪੀ ਦੇ ਸਵਾਲ ‘ਤੇ ਗੋਲਮੋਲ ਜਵਾਬ
‘ਦ ਖਾਲਸ ਟੀਵੀ ਦੀ ਐਡੀਟਰ ਹਰਸ਼ਰਨ ਕੌਰ ਨੇ ਜਦੋਂ ਬੀਬੀ ਜਗੀਰ ਕੌਰ ਨੂੰ ਪੁੱਛਿਆ ਕਿ ਵਿਰੋਧੀ ਕਹਿ ਰਹੇ ਹਨ ਕਿ ਉਹ ਬੀਜੇਪੀ ਵਿੱਚ ਜਾ ਸਕਦੇ ਹਨ ਕੀ ਉਹ ਵਾਅਦਾ ਕਰਦੇ ਹਨ ਕਿ ਬੀਜੇਪੀ ਵਿੱਚ ਨਹੀਂ ਜਾਣਗੇ ? ਬੀਬੀ ਜਗੀਰ ਕੌਰ ਨੇ ਇਸ ਦਾ ਕੋਈ ਸਪਸ਼ਟ ਜਵਾਬ ਤਾਂ ਨਹੀਂ ਦਿੱਤਾ ਸਿਰਫ਼ ਇੰਨਾਂ ਜ਼ਰੂਰ ਕਿਹਾ ਕਿ ਉਹ ਹੁਣ ਵੀ ਸ੍ਰੋਮਣੀ ਅਕਾਲੀ ਦਲ ਵਿੱਚ ਹਨ ਅਤੇ ਆਪਣੇ ਆਪ ਨੂੰ ਸਸਪੈਂਡ ਨਹੀਂ ਮੰਨ ਦੇ ਹਨ। ਵਾਰ-ਵਾਰ ਪੁੱਛੇ ਜਾਣ ਦੇ ਬਾਵਜੂਦ ਉਨ੍ਹਾਂ ਨੇ ਸਪਸ਼ਟ ਨਹੀਂ ਕੀਤਾ ਉਹ ਬੀਜੇਪੀ ਨਹੀਂ ਜਾਣਗੇ । ਸਾਫ਼ ਹੈ ਕਿ ਬੀਬੀ ਜੀ ਆਪਣੀ ਸਿਆਸੀ ਰਣਨੀਤੀ ਬਾਰੇ ਫਿਲਹਾਲ ਕੋਈ ਖੁਲਾਸਾ ਨਹੀਂ ਕਰਨਾ ਚਾਉਂਦੇ ਹਨ। ਹਾਲਾਂਕਿ ਉਨ੍ਹਾਂ ਇੰਨਾਂ ਜ਼ਰੂਰ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਉਨ੍ਹਾਂ ਨੂੰ ਭੁੱਲਥ ਹਲਕੇ ਤੋਂ ਬੀਜੇਪੀ ਦੇ ਮੈਂਬਰਾਂ ਨੂੰ ਹਲਕੇ ਦੀਆਂ ਕਮੇਟੀਆਂ ਵਿੱਚ ਮੈਂਬਰ ਬਣਾਉਣ ਦੀ ਅਪੀਲ ਕਰਦੇ ਹਨ ਪਰ ਉਨ੍ਹਾਂ ਨੇ ਕਦੇ ਵੀ ਬੀਜੇਪੀ ਦੇ ਕਿਸੇ ਆਗੂ ਨੂੰ ਮੈਂਬਰ ਨਹੀਂ ਬਣਨ ਦਿੱਤਾ ਕਿਉਂਕਿ ਬੀਜੇਪੀ ਦਾ ਉਨ੍ਹਾਂ ਦੇ ਹਲਕੇ ਵਿੱਚ ਕੋਈ ਅਧਾਰ ਨਹੀਂ ਸੀ । EXCLUSIV ਗੱਲਬਾਤ ਦੌਰਾਨ ਬੀਬੀ ਜਗੀਰ ਕੌਰ ਨੇ 2019 ਵਿੱਚ ਹਰਸਿਮਰਤ ਕੌਰ ਬਾਦਲ ਨਾਲ ਹੋਏ ਵਿਵਾਦ ਦਾ ਵੀ ਜ਼ਿਕਰ ਕੀਤਾ ।
2019 ਵਿੱਚ ਹਰਸਿਮਰਤ ਨਾਲ ਤਲਖੀ
ਬੀਬੀ ਜਗੀਰ ਕੌਰ ਨੇ ਦਾਅਵਾ ਕੀਤਾ ਕਿ SGPC ਦੀ ਪ੍ਰਧਾਨ ਰਹਿੰਦੇ ਹੋਏ ਉਨ੍ਹਾਂ ਨੇ ਹਮੇਸ਼ਾ ਸਿੱਖੀ ਸਿਧਾਂਤਾ ‘ਤੇ ਪੈਰਾ ਦਿੱਤਾ ਹੈ। ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਨੇ ਦਾਅਵਾ ਕੀਤਾ ਜਦੋਂ ਉਹ ਅਹੁਦੇ ‘ਤੇ ਨਹੀਂ ਸੀ ਤਾਂ ਵੀ ਉਹ ਹਮੇਸ਼ਾ ਡੱਟ ਕੇ ਖੜੀ ਰਹੀ । ਬੀਬੀ ਜਗੀਰ ਕੌਰ ਨੇ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਸਮਾਗਮਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਕਿਵੇਂ ਸਿਧਾਂਤਾਂ ਨੂੰ ਲੈਕੇ ਹਰਸਿਮਰਤ ਕੌਰ ਬਾਦਲ ਨਾਲ ਤਲਖੀ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਹਰਸਿਮਰਤ ਕੌਰ ਬਾਦਲ ਸੁਲਤਾਨਪੁਰ ਲੋਧੀ ਦੇ ਸਮਾਗਮਾਂ ਦੌਰਾਨ ਮੂਲ ਮੰਤਰ ਵਿੱਚ ਕੁਝ ਬਦਲਾਅ ਕਰਨਾ ਚਾਉਂਦੀ ਸੀ ਪਰ ਉਨ੍ਹਾਂ ਨੇ ਬਿਨਾਂ ਇਹ ਪਰਵਾ ਕੀਤੇ ਕਿ ਉਹ ਕੇਂਦਰ ਵਿੱਚ ਮੰਤਰੀ ਹਨ ਅਤੇ ਪਾਰਟੀ ਦੇ ਪ੍ਰਧਾਨ ਦੀ ਪਤਨੀ ਹਨ ਉਨ੍ਹਾਂ ਦਾ ਡੱਟ ਕੇ ਵਿਰੋਧ ਕੀਤਾ ਸੀ । ਬੀਬੀ ਜਗੀਰ ਕੌਰ ਨੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਵੱਲੋਂ ਉਨ੍ਹਾਂ ਨੂੰ ਪੰਥ ਤੋਂ ਛੇਕਣ ਦੇ ਬਿਆਨ ‘ਤੇ ਵੀ ਵੱਡਾ ਖੁਲਾਸਾ ਕੀਤਾ ।
ਗਿਆਨੀ ਪੂਰਨ ਵਿਵਾਦ ‘ਤੇ ਬੀਬੀ ਜਗੀਰ ਕੌਰ ਦਾ ਜਵਾਬ
ਬੀਬੀ ਜਗੀਰ ਕੌਰ ਨੇ ਖੁਲਾਸਾ ਕਿ ਜਦੋਂ ਮੂਲ ਨਾਨਕਸ਼ਾਹੀ ਕਲੰਡਰ ਨੂੰ ਪਾਸ ਕੀਤਾ ਗਿਆ ਸੀ ਤਾਂ ਸ੍ਰੀ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਪੂਰਨ ਸਿੰਘ ਵੱਲੋਂ ਬਿਨਾਂ ਹੋਰ ਸਿੰਘ ਸਾਹਿਬਾਨਾਂ ਦੀ ਮੀਟਿੰਗ ਸੱਦੇ ਉਨ੍ਹਾਂ ਨੂੰ ਪੰਥ ਤੋਂ ਛੇਕ ਦਿੱਤਾ ਸੀ । ਉਨ੍ਹਾਂ ਕਿਹਾ ਉਸ ਵੇਲੇ ਵੀ ਅਕਾਲੀ ਦਲ ਵੱਲੋਂ ਉਨ੍ਹਾਂ ਦੇ ਦਬਾਅ ਸੀ ਕਿ ਉਹ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਹਾਜ਼ਰ ਹੋ ਜਾਣ। ਪਰ ਸਿੱਖ ਰਹਿਤ ਮਰਿਆਦਾ ਨੂੰ ਉਨ੍ਹਾਂ ਨੇ ਤਰਜ਼ੀ ਦਿੱਤੀ ਅਤੇ ਆਪਣੇ ਫੈਸਲੇ ‘ਤੇ ਡੱਟੀ ਰਹੀ। ਉਨ੍ਹਾਂ ਦੱਸਿਆ ਕਿ ਬੇਅਦਬੀ ਵੇਲੇ ਵੀ ਉਨ੍ਹਾਂ ਨੂੰ ਪ੍ਰਧਾਨ ਸਾਹਿਬ ਨੇ ਦੱਸਿਆ ਸੀ ਸੌਦਾ ਸਾਧ ਦੀ ਮੁਆਫੀ ਦੀ ਚਿੱਠੀ ਆਈ ਹੈ ਅਤੇ ਸ੍ਰੀ ਅਕਾਲ ਤਖ਼ਤ ਵੱਲੋਂ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਗਿਆ । ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਉਨ੍ਹਾਂ ਨੇ ਸਿਰ ਜ਼ਰੂਰ ਝੁਕਾਇਆ ਸੀ ਪਰ ਮੀਟਿੰਗ ਤੋਂ ਬਾਅਦ ਉਨ੍ਹਾਂ ਦੇ ਨਾਲ ਪਾਰਟੀ ਦੇ ਕਈ ਆਗੂਆਂ ਨੇ ਇਸ ਦਾ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਜਥੇਦਾਰ ਸਾਹਿਬ ਨੂੰ ਇਹ ਹੁਕਮਨਾਮਾ ਵਾਪਸ ਲੈਣਾ ਪਿਆ ਸੀ।