Punjab

ਪੰਜਾਬ ਦੇ 3 ਸਾਬਕਾ ਮੰਤਰੀ ਹੁਣ ਈਡੀ ਦੀ ਰਾਡਾਰ ‘ਤੇ

The Directorate of Enforcement

‘ਦ ਖ਼ਾਲਸ ਬਿਊਰੋ :  ਪੰਜਾਬ ਦੇ ਤਿੰਨ ਸਾਬਕਾ ਮੰਤਰੀਆਂ ਤੇ ਹੁਣ ਈਡੀ ਦੀ ਗਾਜ ਡਿਗਣ ਵਾਲੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਹੁਣ ਪੰਜਾਬ ਦੇ ਤਿੰਨ ਸਾਬਕਾ ਮੰਤਰੀਆਂ ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਖਿਲਾਫ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰੇਗਾ। ਪੰਜਾਬ ਵਿਜੀਲੈਂਸ ਨੇ ਇਹਨਾਂ ਤਿੰਨਾਂ ਨਾਲ ਸਬੰਧਤ ਫਾਈਲਾਂ ਈਡੀ ਨੂੰ ਸੌਂਪ ਦਿੱਤੀਆਂ ਹਨ।

ਈਡੀ ਨੇ ਵਿਜੀਲੈਂਸ ਬਿਊਰੋ ਦੇ ਮੁਖੀ ਨੂੰ ਮੁਲਜ਼ਮਾਂ ‘ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਾਲੇ ਕੇਸਾਂ ਦੀਆਂ ਸਾਰੀਆਂ ਫਾਈਲਾਂ ਸੌਂਪਣ ਲਈ ਕਿਹਾ ਹੈ। ਇਸਤੋਂ ਪਹਿਲਾਂ ਵੀ ਵਿਜੀਲੈਂਸ ਬਿਊਰੋ ਨੇ ਈਡੀ ਨੂੰ ਕਰੋੜਾਂ ਰੁਪਏ ਦੇ ਜੰਗਲਾਤ ਘੁਟਾਲੇ ਦੇ ਦਸਤਾਵੇਜ਼ ਮੁਹੱਈਆ ਕਰਵਾਏ ਸਨ। ਈਡੀ ਨੇ ਹੁਣ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਾਹਮਣੇ ਆਏ ਲੁਧਿਆਣਾ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲਿਆਂ ਦੀਆਂ ਫਾਈਲਾਂ ਵਿਜੀਲੈਂਸ ਵਿਭਾਗ ਤੋਂ ਮੰਗੀਆਂ ਹਨ ।

ਵਿਜੀਲੈਂਸ ਨੇ ਲੁਧਿਆਣਾ ਵਿੱਚ ਇੰਪਰੂਵਮੈਂਟ ਟਰੱਸਟ ਵਿੱਚ ਹੋਏ ਪਲਾਟ ਅਲਾਟਮੈਂਟ ਘੁਟਾਲੇ ਦੇ ਮਾਮਲੇ ਵਿੱਚ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ। ਜਿਸ ਵਿੱਚ ਕੁੱਲ 5 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ ,ਜਿਹਨਾਂ ਵਿੱਚ ਮੁੱਖ ਮੁਲਜ਼ਮ ਮੰਨੀ ਗਈ ਟਰੱਸਟ ਦੀ ਈਓ ਕੁਲਜੀਤ ਕੌਰ ਵੀ ਸ਼ਾਮਲ ਹੈ । ਗ੍ਰਿਫ਼ਤਾਰ ਕੀਤੇ ਗਏ ਹੋਰ ਮੁਲਜ਼ਮਾਂ ਵਿੱਚ ਸੇਲਜ਼ ਕਲਰਕ ਪ੍ਰਵੀਨ ਕੁਮਾਰ, ਰਮਨ ਬਾਲਾਸੁਬਰਾਮਨੀਅਮ ਦੇ ਪੀਏ ਸੰਦੀਪ ਸ਼ਰਮਾ ਅਤੇ ਕਮਲਦੀਪ ਸਿੰਘ ਸ਼ਾਮਲ ਹਨ।

ਇਹਨਾਂ ‘ਤੇ ਲੱਗੇ ਇਲਜ਼ਾਮ ਵਿਜੀਲੈਂਸ ਦੀ ਜਾਂਚ ਵਿੱਚ ਸਾਬਤ ਵੀ ਹੋਏ ਹਨ ਕਿ ਇਹਨਾਂ ਨੇ ਚੇਅਰਮੈਨ ਅਤੇ ਹੋਰ ਸਿਆਸਤਦਾਨਾਂ ਨੂੰ ਪਲਾਟ ਅਲਾਟਮੈਂਟ ਦੀ ਬੋਲੀ ਵਿੱਚ ਧਾਂਦਲੀ ਦੇ ਕੇ ਰਿਸ਼ਵਤ ਲਈ ਹੈ। ਇਸ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਐਕਸੀਅਨ ਬੂਟਾ ਰਾਮ, ਜਗਦੇਵ ਸਿੰਘ, ਜੇਈ ਇੰਦਰਜੀਤ ਸਿੰਘ ਅਤੇ ਮਨਦੀਪ ਸਿੰਘ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਵਿੱਚ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲੇ ਵਿੱਚ ਜਾਂਚ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ । ਸੰਨ 2008 ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਕਾਰਜਕਾਲ ਦੌਰਾਨ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੀ 32 ਏਕੜ ਜ਼ਮੀਨ ਦੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਸੀ ,ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕੁੱਲ 18 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ, ਬਲਜੀਤ ਸਿੰਘ ਤੇ ਹੋਰ ਕਈਆਂ ਨੂੰ ਮੁਲਜ਼ਮ ਬਣਾਇਆ ਗਿਆ। ਇਸ ਸਬੰਧੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਹੋਇਆ ਸੀ, ਜੋ ਕਿ ਵਿਜੀਲੈਂਸ ਥਾਣਾ ਮੁਹਾਲੀ ਵਿਖੇ ਦਰਜ ਕੀਤਾ ਗਿਆ ਸੀ।