Punjab

ਖੇਤੀ ਕਿਵੇਂ ਬਣੇਗੀ ਲਾਹੇਵੰਦ, ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਨੇ ਦੱਸਿਆ ਤਰੀਕਾ

Jathedar from Sri Akal Takht Sahib Giani Harpreet Singh

ਅੰਮ੍ਰਿਤਸਰ : ਪੰਜਾਬ ਖੇਤੀਬਾੜੀ ਸੂਬਾ ਹੋਣ ਦੇ ਬਾਵਜੂਦ ਵੀ ਖੇਤੀ ਸੰਕਟ ਵਿੱਚ ਹੈ। ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀ ਦੇ ਰਾਹ ਵੱਲ ਜਾ ਰਹੇ ਹਨ। ਕਿਸਾਨ ਦੇ ਇਸ ਦੁਖ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar from Sri Akal Takht Sahib Giani Harpreet Singh) ਵੀ ਚਿੰਤਤ ਹਨ। ਉਨ੍ਹਾਂ ਨੇ ਬੰਦੀ ਛੋੜ ਦਿਵਸ ਮੌਕੇ ਆਪਣੇ ਸੰਦੇਸ਼ ਵਿਚ ਹੋਰਨਾਂ ਮੁੱਦਿਆਂ ਦੇ ਨਾਲ ਖੇਤੀ ਉੱਤੇ ਵੀ ਆਪਣੀ ਰਾਏ ਰੱਖੀ। ਜਥੇਦਾਰ ਨੇ ਸਿੱਖ ਬੱਚਿਆਂ ਨੂੰ ਪੜ੍ਹ ਲਿਖ ਕੇ ਉਚ ਅਹੁਦਿਆਂ ’ਤੇ ਪਹੁੰਚਣ ਦੇ ਸੱਦੇ ਦੇ ਨਾਲ ਨਾਲ ਕਿਸਾਨਾਂ ਨੂੰ ਨਵੀਂਆਂ ਤਕਨੀਕਾਂ ਅਪਣਾ ਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦਾ ਵੀ ਸੱਦਾ ਦਿੱਤਾ।
ਉਨ੍ਹਾਂ ਨੇ ਸਿੱਖ ਕੌਮ ਨੂੰ ਦਰਪੇਸ਼ ਵੱਖ ਵੱਖ ਮਸਲਿਆਂ ਦੇ ਹੱਲ ਲਈ ਸਮੂਹ ਪੰਥਕ ਧਿਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਹਨਾਂ ਨੇ ਕੇਂਦਰ ਸਰਕਾਰ ’ਤੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਤੇ ਤੋੜਨ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਵੀ ਲਗਾਇਆ ਤੇ ਪੰਥਕ ਧਿਰਾਂ ਨੂੰ ਕਿਹਾ ਕਿ ਪੰਥ ਤੇ ਪੰਥਕ ਸੰਸਥਾਵਾਂ ਦੀ ਰਾਖੀ ਵਾਸਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਦੀ ਧਾਰਨਾ ਕਰਦਿਆਂ ਇਕਜੁੱਟ ਹੋਣ ਦੀ ਲੋੜ ਹੈ।

ਜਥੇਦਾਰ ਨੇ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਕੁਝ ਅਖੌਤੀ ਨਕਲੀ ਪਾਸਟਰਾਂ ਵਲੋਂ ਇਸਾਈਅਤ ਦੀ ਆੜ ਵਿਚ ਪਾਖੰਡਵਾਦ ਫੈਲਾ ਕੇ ਭੋਲੇ-ਭਾਲੇ ਸਿੱਖਾਂ ਦਾ ਸਰੀਰਕ, ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰਦਿਆਂ, ਕਰਵਾਇਆ ਜਾ ਰਿਹਾ ਧਰਮ ਪਰਿਵਰਤਨ ਤੇ ਇਸ ਮਸਲੇ ‘ਤੇ ਸਰਕਾਰ ਦੀ ਖਾਮੋਸ਼ੀ, ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੈਠੇ ਸਾਡੇ ਸੰਘਰਸ਼ੀ ਯੋਧੇ ਆਪਣੇ ਘਰ ਪਰਤਣ ਦੀ ਉਡੀਕ ਕਰ ਰਹੇ ਹਨ ਅਤੇ ਅਸੀਂ ਦੇਸ਼/ਵਿਦੇਸ਼ ਅੰਦਰ ਗੁਰਦੁਆਰਿਆਂ ਦੇ ਪ੍ਰਬੰਧਾਂ ‘ਤੇ ਕਾਬਜ ਹੋਣ ਲਈ ਲੜਾਈਆਂ ਲੜ ਰਹੇ ਹਾਂ।ਇਹ ਲੜਾਈਆਂ ਵਕਤ ਅਤੇ ਧਨ ਦੀ ਬਰਬਾਦੀ ਤੋਂ ਇਲਾਵਾ ਸਾਡੇ ਅੰਦਰ ਧੜੇਬੰਦੀਆਂ ਤੇ ਨਫਰਤ ਪੈਦਾ ਕਰ ਰਹੀਆਂ ਹਨ। ਸਿੱਖ ਬੰਦੀਆਂ ਨੂੰ ਰਿਹਾਅ ਕਰਾਉਣ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ, ਖਾਸ ਤੌਰ ‘ਤੇ ਪ੍ਰਵਾਸੀ ਸਿੱਖ, ਭਾਰਤ ਸਰਕਾਰ ਦੇ ਬੰਦ ਕੰਨ ਖੋਲ੍ਹਣ ਲਈ ਰੋਸ ਪ੍ਰਦਰਸ਼ਨਾਂ ਤੋਂ ਇਲਾਵਾ ਆਪਣੀਆਂ ਸਰਕਾਰਾਂ ਰਾਹੀਂ ਬੰਦੀ ਸਿੱਖਾਂ ਨੂੰ ਰਿਹਾਅ ਕਰਾਉਣ ਲਈ ਯਤਨ ਕਰਨ।

ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ, ਵਿਦਿਅਕ ਤੇ ਮਾਨਵ ਭਲਾਈ ਦੇ ਕਾਰਜ ਸਮਾਜ ਨੂੰ ਸ਼ਕਤੀਵਰ ਬਣਾਉਣ ਵਾਲੇ ਹਨ ਤੇ ਇਨ੍ਹਾਂ ਨੂੰ ਹੋਰ ਨਿਗਰ ਬਣਾਉਣ ਲਈ ਉਪਰਾਲੇ ਹੋਣੇ ਚਾਹੀਦੇ ਹਨ, ਪਰ ਸਾਜ਼ਿਸ਼ਾਂ ਅਤੇ ਆਪਸੀ ਰਾਜਸੀ ਵਖਰੇਵਿਆਂ ਦੇ ਕਰਕੇ ਸਰਕਾਰ ਵੱਲੋਂ ਇਸ ਦੀ ਅਖੰਡਤਾ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜੋਰ ਕਰਨ ਦੀ ਸਰਕਾਰੀ ਕੋਸ਼ਿਸ਼ ਨਾਲ ਪੰਥ ਕਮਜ਼ੋਰ ਨਾ ਹੋਵੇ, ਇਸ ਲਈ ਸਭ ਪੰਥਕ ਧਿਰਾਂ ਨੂੰ ਪੰਥ ਅਤੇ ਪੰਥਕ ਸੰਸਥਾਵਾਂ ਦੀ ਮਜ਼ਬੂਤੀ ਲਈ ਇਕੱਨ ਰਹਿਣ ਦੀ ਲੋੜ ਹੈ |

ਉਨ੍ਹਾਂ ਕਿਹਾ ਕਿ ਪੰਥਕ ਏਕਤਾ ਦੇ ਪੱਖ ਤੋਂ ਕੇਵਲ ਰਾਜਸੀ ਏਕਤਾ ਹੀ ਮਹੱਤਵਪੂਰਨ ਨਹੀਂ ਹੈ, ਪੰਥ ਦੀਆਂ ਸਭ ਧਿਰਾਂ ਨੂੰ ਇੱਕ ਨਿਊਨਤਮ ਕਾਰਜਕਰਮ ਮਿੱਥ ਕੇ ਸਿੱਖ ਕੌਮ ਨੂੰ ਅੱਗੇ ਲਿਜਾਣ ਲਈ ਉਸਾਰੂ ਕੰਮ/ਪ੍ਰੋਜੈਕਟ ਆਰੰਭਣੇ ਚਾਹੀਦੇ ਹਨ। ਸਭ ਪੰਥਕ ਧਿਰਾਂ, ਗੁਰੂ ਹੁਕਮ ਵਿਚ ਬੱਝ ਕੇ, ਗੁਰੂ ਦੇ ਭਉ-ਭਾਵਨੀ ਵਿਚ ਵਿਚਰਨ। ਸੋਸ਼ਲ ਮੀਡੀਆ ਦੀ ਨਜਾਇਜ਼ ਵਰਤੋਂ ਕਰਕੇ ਇਕ ਦੂਜੇ ਤੇ ਦੂਸ਼ਣਬਾਜ਼ੀ ਨਾ ਕਰਨ ਤਾਂ ਹੀ ਕੋਈ ਭਲੇ ਦਾ ਕੰਮ ਸੰਭਵ ਹੈ। ਬਿਬੇਕਹੀਣਤਾ ਧਾਰਨ ਕਰਦਿਆਂ ਕੇਵਲ ਜਜ਼ਬਾਤੀ ਰੌਂਅ ਵਿਚ ਵਹਿਣਾ ਤੇ ਰਹਿਣਾ ਹਮੇਸ਼ਾਂ ਨੁਕਸਾਨਦਾਇਕ ਹੈ।

ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਰੂ ਹਮਲਿਆਂ ਨੂੰ ਰੋਕਣ ਵਿੱਚ ਸਰਕਾਰਾਂ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ। ਨਸ਼ਿਆਂ ਦੀ ਵਰਤੋਂ ਅਤੇ ਵਪਾਰ ਦੇ ਸੰਗਠਿਤ ਢਾਂਚੇ ਨੂੰ ਢਾਹੁਣ ਵਿਚ ਦਿਖ ਰਹੀ ਅਸਫਲਤਾ ਨੂੰ ਸੋਧਣ ਤੇ ਹੱਲ ਕਰਨ ਲਈ, ਪਿੰਡ-ਪਿੰਡ ਕਮੇਟੀਆਂ ਤੇ ਜਥੇ ਬਣਾਉਣ ਦੀ ਲੋੜ ਹੈ।ਕੇਂਦਰ ਤੇ ਪੰਜਾਬ ਸਰਕਾਰ ਆਪਣੇ ਸਭ ਸਾਧਨ ਅਤੇ ਸ਼ਕਤੀ ਵਰਤ ਕੇ ਵੀ, ਨਸ਼ਿਆਂ ਦੇ ਵਪਾਰ-ਵਰਤੋਂ ਨੂੰ ਰੋਕਣ ਵਿੱਚ ਸਫਲ ਕਿਉਂ ਨਹੀਂ ਹੋ ਰਹੀਆਂ? ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।ਜਾਤ-ਪਾਤ ਦੀ ਵੰਡ ਸਦੀਆਂ ਤੋਂ ਸਮਾਜ ‘ਤੇ ਬੁਰਾ ਪ੍ਰਭਾਵ ਪਾ ਰਹੀ ਹੈ ਜਿਸ ਨੂੰ ਗੁਰੂ ਸਾਹਿਬਾਨ ਨੇ 239 ਸਾਲ ਦੀ ਘਾਲਣਾ ਨਾਲ ਦੂਰ ਕਰਨ ਦਾ ਰਾਹ ਦਿਖਾਇਆ। ਅੰਮ੍ਰਿਤਧਾਰੀ, ਸੰਗਤ ਤੇ ਪੰਗਤ ਦੇ ਵਿਸ਼ਵਾਸੀ ਸਿੱਖਾਂ ਨੂੰ ਤਾਂ ਜਾਤ-ਪਾਤ ਦੇ ਕੋਹੜ ਨੂੰ ਆਪਣੇ ਪਿੰਡਾਂ-ਕਸਬਿਆਂ ਵਿਚੋਂ ਦੂਰ ਕਰਨ ਲਈ, ਮਾਨਵੀ ਕਦਰਾਂ-ਕੀਮਤਾਂ ਦੇ ਧਾਰਨੀ ਬਣਨਾ ਚਾਹੀਦਾ ਹੈ।

ਸਿੱਖ ਬੱਚਿਆਂ ਵਿਚ ਪੜ੍ਹਨ ਦੀ ਘਟਦੀ ਰੂਚੀ ਚਿੰਤਾ ਦਾ ਵਿਸ਼ਾ ਹੈ, ਇਸ ਲਈ ਪੰਥਕ ਸੰਸਥਾਵਾਂ ਇਨ੍ਹਾਂ ਬੱਚਿਆਂ ਨੂੰ ਉਤਸ਼ਾਹਤ ਕਰਨ ਤਾਂ ਜੋ ਉਹ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਭਾਗ ਲੈ ਕੇ ਦੇਸ਼/ਵਿਦੇਸ਼ ਅੰਦਰ ਪ੍ਰਸਾਸ਼ਨ, ਫੌਜ, ਸੁਰੱਖਿਆ ਸੈਨਾਵਾਂ, ਵਿਦੇਸ਼ ਸੇਵਾਵਾਂ ਤੇ ਹੋਰ ਉੱਚ ਨੌਕਰੀਆਂ ਵਿਚ ਸ਼ਾਮਲ ਹੋ ਕੇ ਕੌਮ ਦਾ ਮਾਣ ਬਣਨ। ਲੋੜਵੰਦ ਬੱਚੇ ਬੱਚੀਆਂ ਨੂੰ ਉੱਚ ਵਿਦਿਆ ਲਈ ਹਰ ਹੀਲੇ ਪੰਥਕ ਜ਼ਿੰਮੇਵਾਰੀ ਜਾਣ ਕੇ ਸਹਾਇਤਾ ਦੇਣ ਦੀ ਲੋੜ ਹੈ ਜਿਹੜੇ ਕੇਵਲ ਪੈਸੇ ਦੀ ਘਾਟ ਕਰਕੇ, ਉੱਚ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਪੜ੍ਹੇ ਲਿਖੇ ਨੌਜਵਾਨਾਂ ਨੂੰ ਨਵੇਂ ਕਾਰੋਬਾਰ ਅਤੇ ਹੋਰ ਵਪਾਰਕ, ਪ੍ਰਬੰਧਕ ਖੇਤਰ ਵਿਚ ਵੀ ਸੇਧ ਦੇਣ ਅਤੇ ਉਤਸ਼ਾਹਤ ਕਰਨ ਦੀ ਲੋੜ ਹੈ। ਸਾਰੀ ਮਨੁੱਖਤਾ ਅਨੇਕ ਤਰ੍ਹਾਂ ਦੇ ਮਾਰੂ ਹਥਿਆਰਾਂ,ਬੇਲੋੜੇ ਜੰਗਾਂ ਯੁੱਧਾਂ ਅਤੇ ਵਿਨਾਸ਼ ਦੇ ਹਾਲਾਤ ਨਾਲ ਜੂਝ ਰਹੀ ਹੈ। ਮਨੁੱਖ ਜੀਵਨ ਦੀ ਗ੍ਰਿਫਤ ਵਿਚ ਉਲਝਦਾ ਜਾ ਰਿਹਾ ਹੈ।

ਰੂਸ ਅਤੇ ਯੂਕਰੇਨ ਵਿਚਕਾਰ ਪਿਛਲੇ 8 ਮਹੀਨਿਆਂ ਤੋਂ ਚਲਦੀ ਆ ਰਹੀ ਮਾਰੂ ਜੰਗ ਦੇ ਹੁਣ ਪ੍ਰਮਾਣੂ ਜੰਗ ਵਿਚ ਬਦਲਣ ਦਾ ਖਤਰਾ ਸਿਰ ‘ਤੇ ਮੰਡਰਾ ਰਿਹਾ ਹੈ। ਵਿਸ਼ਵ ਵਿਚ ਫੈਲੇ ਸਿੱਖ ਦਾਨਿਸ਼ਵਰਾਂ ਅਤੇ ਸੰਸਥਾਵਾਂ ਨੂੰ ਅਜਿਹੀ ਸਥਿਤੀ ਵਿਚ ਵਿਸ਼ਵ ਨੂੰ ਬਚਾਉਣ ਅਤੇ ਸਿਰਜਾਣਤਮਕ ਕਾਰਜ ਕਰਨ ਲਈ ਆਪਣੀ ਬਣਦੀ ਭੂਮਿਕਾ ਨਿਭਾਉਣੀ ਹੋਏਗੀ। ਅਜਿਹੀ ਹਾਲਤ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸਾਰੀ ਮਾਨਵਜਾਤੀ ਨੂੰ ਉਸਾਰੂ ਅਤੇ ਸਾਕਾਰਾਤਮਕ-ਕਲਿਆਣਕਾਰੀ ਦਿਸ਼ਾ ਦੇਣ ਦੇ ਸਮਰੱਥ ਹੈ।

ਉਨ੍ਹਾਂ ਕਿਹਾ ਕਿ ਵਾਤਾਵਰਨ ਇਕ ਵਿਸ਼ਵ-ਵਿਆਪੀ ਸਮੱਸਿਆ ਹੈ, ਇਸ ਦੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਮੌਸਮਾਂ ਦੀ ਹੇਰ-ਫੇਰ ਦਾ ਬੁਰਾ ਪ੍ਰਭਾਵ ਪੈਣ ਦੇ ਸੰਕੇਤ ਮਿਲ ਰਹੇ ਹਨ। ਅੱਜ ਪੰਜਾਬ ਦਾ ਵਾਤਾਵਰਨ, ਹਵਾ-ਪਾਣੀ, ਖੁਰਾਕ ਅਤੇ ਹੋਰ ਖਾਦ ਪਦਾਰਥ ਬੜੀ ਨਾਜ਼ੁਕ ਸਥਿਤੀ ਤੱਕ ਪ੍ਰਦੂਸ਼ਿਤ ਹੋ ਰਹੇ ਹਨ।ਫਸਲਾਂ ਨੂੰ ਉਗਾਣ ਅਤੇ ਸਾਂਭ-ਸੰਭਾਲ ਵਿਚ ਆਉਣ ਵਾਲੀਆਂ ਔਕੜਾਂ ਕਾਰਨ ਵੀ ਧਰਤੀ ਹੇਠਲਾ ਪਾਣੀ ਅਤੇ ਹਵਾ ਪ੍ਰਦੂਸ਼ਿਤ ਹੋ ਰਹੇ ਹਨ।ਇਸ ਲਈ ਜਿਥੇ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਏਗੀ, ਉਥੇ ਕਿਸਾਨਾਂ ਨੂੰ ਆਪਣੀ ਖੇਤੀ ਦੇ ਮਸਲੇ ਖੁਦ ਹੱਲ ਕਰਦਿਆਂ ਨਵੇਂ ਖੇਤੀ ਮਾਡਲ ਅਨੁਸਾਰ ਇਸ ਸਬੰਧੀ ਜਾਗਰੂਕ ਹੋਣਾ ਹੋਏਗਾ। ਇਸ ਖਿੱਤੇ ਵਿਚ ਸੇਵਾ ਕਰ ਰਹੀਆਂ ਸਿੱਖ ਸੰਸਥਾਵਾਂ ਅਤੇ ਵਾਤਾਵਰਨ ਪ੍ਰੇਮੀਆਂ ਵਾਂਗ ਸਭ ਸੰਪਰਦਾਵਾਂ, ਸਭਾ ਸੁਸਾਇਟੀਆਂ ਤੇ ਸਿੰਘ ਸਭਾਵਾਂ, ਆਪੋ ਆਪਣੀ ਸੰਸਥਾ ਦੇ ਵਿੱਚ ਵਾਤਾਵਰਨ ਨੂੰ ਕੁਦਰਤੀ ਬਣਾਉਣ ਲਈ ਹੋਰ ਉਪਰਾਲੇ ਕਰਨ।ਗੁਰਦੁਆਰਾ ਸਾਹਿਬਾਨ ਵਿਚ ਸਾਫ਼ ਸਫਾਈ ਅਤੇ ਵਾਤਾਵਰਨ ਅਨੁਕੂਲ ਰੁੱਖ ਆਦਿਕ ਲਗਾਏ ਜਾਣ।

ਉਨ੍ਹਾਂ ਕਿਹਾ ਕਿ ਬਿਬੇਕ, ਸੰਜਮ, ਦੂਰ-ਅੰਦੇਸ਼ੀ ਅਤੇ ਗੰਡੀਰ-ਈਮਾਨਦਾਰ ਉਪਰਾਲਿਆਂ ਨਾਲ ਹੀ ਹਰ ਦੀਵਾਲੀ ਤੇ ਬੰਦੀ ਛੋੜ ਦਿਵਸ ਵਧੇਰੇ ਖੁਸ਼ੀਆਂ ਭਰੇ ਹੋ ਸਕਦੇ ਹਨ।