‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਪ੍ਰਧਾਨ, ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਵਾਸਤੇ ਸੱਦਿਆ ਗਿਆ ਇਜਲਾਸ (General Meeting) 9 ਨਵੰਬਰ ਨੂੰ ਹੀ ਹੋਵੇਗਾ। ਸ਼੍ਰੋਮਣੀ ਕਮੇਟੀ ਨੇ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਜਨਰਲ ਇਜਲਾਸ ਨੂੰ 9 ਨਵੰਬਰ ਤੋਂ ਥੋੜਾ ਅੱਗੇ ਪਾਉਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਗਿਆ ਹੈ। ਬੀਬੀ ਜਗੀਰ ਕੌਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਇਹ ਇਜਲਾਸ ਅੱਗੇ ਪਾਉਣ ਦੀ ਬੇਨਤੀ ਕੀਤੀ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਜਨਰਲ ਇਜਲਾਸ ਪਹਿਲਾਂ ਐਲਾਨੀ ਗਈ ਮਿਤੀ ਮੁਤਾਬਕ 9 ਨਵੰਬਰ ਨੂੰ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਜਨਰਲ ਹਾਊਸ ਸਿੱਖ ਗੁਰਦੁਆਰਾ ਐਕਟ ਮੁਤਾਬਕ 21 ਦਿਨਾਂ ਦੇ ਵਕਫ਼ੇ ਬਾਅਦ ਸੱਦਿਆ ਗਿਆ ਹੈ।
ਸਾਰੇ ਮੈਂਬਰਾਂ ਨੇ ਇਜਲਾਸ ‘ਚ ਆਉਣ ਦੀ ਭਰੀ ਹਾਮੀ
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਸੂਚਨਾ ਵੀ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਨਰਲ ਇਜਲਾਸ ਦੀ ਮਿਤੀ ਨੂੰ ਧਿਆਨ ਵਿੱਚ ਰੱਖਦਿਆਂ ਗੁਰਦੁਆਰਾ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਵਿਦੇਸ਼ ਵਿੱਚ ਹਨ, ਉਨ੍ਹਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਅਜਿਹੇ ਵਿੱਚ ਸਾਰੇ ਮੈਂਬਰਾਂ ਨੇ ਜਨਰਲ ਹਾਊਸ ਵਿੱਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਹੈ।
SGPC ਦਾ ਜਨਰਲ ਇਜਲਾਸ ਪੈ ਸਕਦੈ ਅੱਗੇ ! ਬੀਬੀ ਜਗੀਰ ਕੌਰ ਨੇ ਕੀਤੀ ਮੰਗ…
ਬੀਬੀ ਜਗੀਰ ਕੌਰ ਨੇ ਕੀਤੀ ਸੀ ਇਹ ਅਪੀਲ
ਬੀਬੀ ਜਗੀਰ ਕੌਰ ਨੇ ਧਾਮੀ ਨੂੰ ਅਪੀਲ ਕੀਤੀ ਸੀ ਕਿ ਅਹੁਦੇਦਾਰਾਂ ਦੀ ਚੋਣ ਲਈ ਰੱਖਿਆ ਗਿਆ ਜਨਰਲ ਇਜਲਾਸ ਕੁਝ ਦਿਨਾਂ ਲਈ ਅਗਾਂਹ ਪਾ ਦਿੱਤਾ ਜਾਵੇ ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ, ਜਿਸ ਕਰ ਕੇ ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰ ਗੁਰਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਜਾ ਰਹੇ ਹਨ। ਕੁਝ ਮੈਂਬਰ ਪਹਿਲਾਂ ਹੀ ਵਿਦੇਸ਼ਾਂ ਵਿੱਚ ਹਨ। ਉਨ੍ਹਾਂ ਕਿਹਾ ਸੀ ਕਿ ਅਹੁਦੇਦਾਰਾਂ ਦੀ ਚੋਣ ਲਈ ਹੋਣ ਵਾਲਾ ਇਹ ਜਨਰਲ ਇਜਲਾਸ 9 ਨਵੰਬਰ ਦੀ ਥਾਂ ਕੁਝ ਦਿਨ ਅਗਾਂਹ ਕਰ ਦਿੱਤਾ ਜਾਵੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਵੀ ਬੀਬੀ ਜਗੀਰ ਕੌਰ ਦੀ ਇਸ ਅਪੀਲ ਦਾ ਸਮਰਥਨ ਕਰਦਿਆਂ ਧਾਮੀ ਨੂੰ ਜਨਰਲ ਇਜਲਾਸ ਅੱਗੇ ਪਾਉਣ ਦੀ ਅਪੀਲ ਕੀਤੀ ਸੀ।