India

ਦਿੱਲੀ ਪੁਲਿਸ ਕਮਿਸ਼ਨਰ ਹੁਣ ਕਿਸੇ ਨੂੰ ਵੀ ਕਰ ਸਕਦੈ ਗ੍ਰਿਫਤਾਰ, ਮਿਲਿਆ ਇਹ ਵਿਸ਼ੇਸ ਅਧਿਕਾਰ

Delhi Police Commissioner has got the right to arrest anyone

‘ਦ ਖ਼ਾਲਸ ਬਿਊਰੋ : ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ (Deputy Governor of Delhi V.K. Saxena) ਨੇ ਦਿੱਲੀ ਪੁਲੀਸ ਕਮਿਸ਼ਨਰ (Delhi Police Commissioner) ਨੂੰ ਹੁਣ ਇੱਕ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰ ਦਿੱਤਾ ਹੈ। ਪੁਲਿਸ ਕਮਿਸ਼ਨਰ ਨੂੰ ਕਿਸੇ ਵੀ ਉਸ ਵਿਅਕਤੀ, ਜਿਸ ਤੋਂ ਕੌਮੀ ਰਾਜਧਾਨੀ ਵਿੱਚ ਖ਼ਤਰਾ ਦਰਪੇਸ਼ ਹੋਵੇ, ਕੌਮੀ ਸੁਰੱਖਿਆ ਐਕਟ(ਐੱਨਐੱਸਏ) ਤਹਿਤ ਗ੍ਰਿਫ਼ਤਾਰ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਹ ਹੁਕਮ ਬੁੱਧਵਾਰ ਤੋਂ ਅਮਲ ਵਿੱਚ ਆ ਗਿਆ ਸੀ ਜੋ ਅਗਲੇ ਸਾਲ 18 ਜਨਵਰੀ ਤੱਕ ਜਾਰੀ ਰਹੇਗਾ। ਇਸ ਸਮੇਂ ਸੰਜੇ ਅਰੋੜਾ ਦਿੱਲੀ ਦੇ ਪੁਲਿਸ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।

ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਐੱਨਐੱਸਏ ਦੀ ਧਾਰਾ 3 ਦੀ ਉਪ ਧਾਰਾ 2 ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਜਾਂ ਸੂਬਾ ਸਰਕਾਰ, ਨੂੰ ਜੇ ਇਹ ਯਕੀਨ ਹੈ ਕਿ ਕੋਈ ਵਿਅਕਤੀ ਸੂਬੇ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਲਈ ਖਤਰਾ ਹੈ ਤਾਂ ਉਹ ਇਹਤਿਆਤੀ ਕਾਰਵਾਈ ਵਜੋਂ ਉਸ ਨੂੰ ਹਿਰਾਸਤ ਵਿੱਚ ਲੈਣ ਦਾ ਹੁਕਮ ਦੇ ਸਕਦੀ ਹੈ।

ਪੁਲਿਸ ਸੂਤਰਾਂ ਮੁਤਾਬਕ ਜੇਕਰ ਪੁਲਿਸ ਅਧਿਕਾਰੀ ਇਹ ਮਹਿਸੂਸ ਕਰੇ ਕਿ ਕੋਈ ਵਿਅਕਤੀ ਦੇਸ਼ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਲਈ ਖ਼ਤਰਾ ਹੈ ਤਾਂ ਉਸ ਨੂੰ ਐੱਨਐੱਸਏ ਤਹਿਤ ਕਈ ਮਹੀਨਿਆਂ ਤੱਕ ਹਿਰਾਸਤ ਵਿੱਚ ਰੱਖਣ ਦੀ ਆਗਿਆ ਹੁੰਦੀ ਹੈ।

‘ਕਿਸਾਨ-ਸੰਸਦ’ ਦੌਰਾਨ ਵੀ ਜਾਰੀ ਹੋਏ ਸਨ ਅਜਿਹੇ ਹੀ ਹੁਕਮ

ਪਿਛਲੇ ਸਾਲ ਵੀ ਦਿੱਲੀ ਦੇ ਉਪ ਰਾਜਪਾਲ ਵੱਲੋਂ ਦਿੱਲੀ ਪੁਲਿਸ ਕਮਿਸ਼ਨਰ ਨੂੰ 18 ਅਕਤੂਬਰ 2021 ਤੱਕ ਕੌਮੀ ਸੁਰੱਖਿਆ ਐਕਟ (ਐਨਐੱਸਏ) ਤਹਿਤ ਕਿਸੇ ਨੂੰ ਵੀ ਗ੍ਰਿਫ਼ਤਾਰ ਕਰਨ ਦੀਆਂ ਤਾਕਤਾਂ ਦਿੱਤੀਆਂ ਗਈਆਂ ਸਨ। ਇਹ ਹੁਕਮ ਆਜ਼ਾਦੀ ਦਿਵਸ ਅਤੇ ਜੰਤਰ-ਮੰਤਰ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਕੀਤੀ ਜਾ ਰਹੀ ‘ਕਿਸਾਨ-ਸੰਸਦ’ ਦੌਰਾਨ ਜਾਰੀ ਕੀਤੇ ਗਏ ਸਨ, ਜਿਸ ਨੂੰ ਦਿੱਲੀ ਪੁਲਿਸ ਵੱਲੋਂ ਆਮ ਵਾਂਗ ਦਿੱਤੇ ਹੁਕਮ ਦੱਸਿਆ ਗਿਆ ਸੀ।