ਮੁਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਮਾਣਹਾਨੀ ਦੇ ਕੇਸ ਵਿੱਚ ਮਾਨਸਾ ਦੀ ਸੈਸ਼ਨ ਅਦਾਲਤ ਵਿੱਚ ਪੇਸ਼ ਹੋਏ। ਮੁੱਖ ਮੰਤਰੀ ਮਾਨ ਹੁਣ 5 ਦਸੰਬਰ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਹੋਣਗੇ। ਉਨ੍ਹਾਂ ਦੇ ਖਿਲਾਫ਼ ਮਾਨਸਾ ਤੋਂ ਸਾਬਕਾ ਆਪ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਮੁੱਖ ਮੰਤਰੀ ਮਾਨ ਨੇ ਅਦਾਲਤ ਵਿੱਚ ਪੇਸ਼ੀ ਭੁਗਤਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੱਗਦਾ ਹੈ ਕਿ ਸਿਰਫ਼ ਇਕੱਲੇ ਲੀਡਰਾਂ ਦੀ ਹੀ ਮਾਣਹਾਨੀ ਰਹਿ ਗਈ ਹੈ।
ਇਨ੍ਹਾਂ ਨੇ ਜੋ 70 ਸਾਲਾਂ ਤੋਂ ਦੇਸ਼ ਦੇ ਕਰੋੜਾਂ ਨਾਗਰਿਕਾਂ ਦੀ ਮਾਣਹਾਨੀ ਕੀਤੀ ਹੈ, ਕੀ ਉਹਦਾ ਕੋਈ ਮੁੱਲ ਨਹੀਂ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕੇਜਰੀਵਾਲ, ਸੰਜੇ ਸਿੰਘ, ਭਗਵੰਤ ਮਾਨ ਜੇ ਕੁਝ ਬੋਲਦੇ ਹਨ ਤਾਂ ਉਨ੍ਹਾਂ ਖਿਲਾਫ਼ ਮਾਣਹਾਨੀ ਦਰਜ ਕੀਤੀ ਜਾਂਦੀ ਹੈ।
ਮਾਨ ਨੇ ਨਾਜਰ ਸਿੰਘ ਮਾਨਸ਼ਾਹੀਆ ਦੇ ਕਾਂਗਰਸ ਵਿੱਚ ਜਾਣ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਡੇਢ ਲੱਖ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾਈਆਂ ਸਨ, ਪਰ ਉਹ ਬਿਨਾਂ ਪੁੱਛੇ ਕਾਂਗਰਸ ਵਿੱਚ ਚਲੇ ਗਏ, ਕੀ ਗੱਲ ਉਹ ਫਿਰ ਡੇਢ ਲੱਖ ਲੋਕਾਂ ਦੀ ਮਾਣਹਾਨੀ ਨਹੀਂ ਹੋਈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਨ੍ਹਾਂ ਨੇ ਮਾਣਹਾਨੀ ਨੂੰ ਇੱਕ ਮਜ਼ਾਕ ਬਣਾ ਕੇ ਰੱਖਿਆ ਹੋਇਆ ਹੈ।
ਮਾਨਸਾ ਤੋਂ ਮੀਡੀਆ ਦੇ ਸਾਥੀਆਂ ਨਾਲ ਗੱਲਬਾਤ LIVE https://t.co/PyyIoxhO8d
— Bhagwant Mann (@BhagwantMann) October 20, 2022
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪੰਜਾਬ ਦਾ ਪੈਸਾ ਲੁੱਟ ਕੇ ਹੁਣ ਬੀਜੇਪੀ ਵੱਲ ਚੱਲੀ ਹੈ ਕਿ ਉੱਥੇ ਜਾ ਕੇ ਬਚ ਜਾਵਾਂਗੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸੈਸ਼ਨ ਕੋਰਟ ਵਿੱਚ ਆਵੇਗਾ, ਮੁੱਖ ਮੰਤਰੀ ਸੈਸ਼ਨ ਕੋਰਟ ਤੋਂ ਵੱਡਾ ਨਹੀਂ ਹੈ। ਉਨ੍ਹਾਂ ਨੇ ਵੱਡਾ ਦਾਅਵਾ ਕੀਤਾ ਕਿ ਕੋਰਟਾਂ ਦਾ ਸਨਮਾਨ ਬਹਾਲ ਕਰਨਾ ਵੀ ਅੱਜ ਵੱਡਾ ਮੁੱਦਾ ਬਣ ਗਿਆ ਹੈ। ਕੋਰਟਾਂ ਅੱਧੀ ਰਾਤ ਨੂੰ ਖੁੱਲਵਾ ਕੇ ਫੈਸਲੇ ਲਏ ਜਾ ਰਹੇ ਹਨ।
ਮਾਨ ਨੇ ਤੰਸ ਕਸਦਿਆਂ ਕਿਹਾ ਕਿ ਕਾਂਗਰਸ ਨੇ ਇਨ੍ਹਾਂ ਨੂੰ ਟਿਕਟ ਨਹੀਂ ਦਿੱਤੀ, ਚਲੋ ਰਾਹੁਲ ਗਾਂਧੀ ਉੱਤੇ ਮਾਣਹਾਨੀ ਕਰੋ, ਕਿਸੇ ਪਾਰਟੀ ਦੇ ਫੰਕਸ਼ਨ ਵਿੱਚ ਜਾਂਦੇ ਹਨ ਤਾਂ ਉੱਥੇ ਕੁਰਸੀ ਨਹੀਂ ਮਿਲਦੀ, ਚਲੋ ਉਨ੍ਹਾਂ ਉੱਤੇ ਵੀ ਮਾਣਹਾਨੀ ਕਰੋ। ਅਸਲ ਵਿੱਚ ਉਨ੍ਹਾਂ ਨੂੰ ਭਗਵੰਤ ਮਾਣਹਾਨੀ ਦਾ ਦੁੱਖ ਹੈ। ਜਿੰਨੇ ਮਰਜ਼ੀ ਕੇਸ ਕਰ ਲੈਣ, ਜੋ ਲੋਕਾਂ ਨੇ ਮੇਰੇ ਉੱਤੇ ਯਕੀਨ ਕੀਤਾ ਹੈ, ਮੈਂ ਉਹ ਕੰਮ ਕਰਾਂਗਾ। ਜਿਨ੍ਹਾਂ ਦੀ ਲੋਕਾਂ ਨੇ ਹਾਣੀ ਕਰ ਦਿੱਤੀ, ਉਨ੍ਹਾਂ ਦਾ ਕਾਹਦਾ ਮਾਣ।
ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਹੁਣ ਤਾਂ ਕੋਰਟ ਨੇ ਫ਼ੈਸਲਾ ਕਰਨਾ ਹੈ। ਮਾਨਸ਼ਾਹੀਆ ਨੇ ਦੱਸਿਆ ਕਿ ਉਹਨਾਂ ਨੇ ਅਦਾਲਤ ਵਿੱਚ ਪੇਸ਼ ਹੋ ਕੇ ਆਪਣੀ ਜ਼ਮਾਨਤ ਕਰਵਾ ਲਈ ਹੈ। ਆਮ ਆਦਮੀ ਪਾਰਟੀ ਦਾ ਜੋ ਮਿਸ਼ਨ ਸੀ, ਉਸ ਉੱਤੇ ਸਰਕਾਰ ਕਿੰਨਾ ਕੁ ਖਰਾ ਉਤਰ ਰਹੀ ਹੈ, ਉਹ ਤੁਸੀਂ ਸਰਕਾਰ ਵੱਲੋਂ ਕੀਤੇ ਜਾ ਰਹੇ ਖਰਚਿਆਂ ਤੋਂ ਹੀ ਪਤਾ ਲੱਗ ਰਿਹਾ ਹੈ।
ਮਾਨਸ਼ਾਹੀਆ ਦੇ ਵਕੀਲ ਨੇ ਕਿਹਾ ਕਿ ਮਾਨਸ਼ਾਹੀਆ ਨੇ ਪਾਰਟੀ ਛੱਡਣ ਤੋਂ ਪਹਿਲਾਂ ਅਸਤੀਫ਼ਾ ਵੀ ਦਿੱਤਾ ਸੀ। ਪਰ ਮੁੱਖ ਮੰਤਰੀ ਮਾਨ ਨੇ ਸਿੱਧਾ ਉਨ੍ਹਾਂ ਉੱਤੇ ਪੈਸੇ ਲੈ ਕੇ ਅਤੇ ਚੇਅਰਮੈਨੀ ਦੇ ਲਾਲਚ ਵਿੱਚ ਪਾਰਟੀ ਛੱਡਣ ਦਾ ਦੋਸ਼ ਲਾਇਆ ਸੀ। ਇਸ ਦੋਸ਼ ਦਾ ਖਮਿਆਜਾ ਮੁੱਖ ਮੰਤਰੀ ਮਾਨ ਨੂੰ ਭੁਗਤਣਾ ਪਵੇਗਾ।
ਦਰਅਸਲ, ਮਾਨਸ਼ਾਹੀਆ ਸਾਲ 2019 ਵਿੱਚ ਆਪ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ। ਉਸ ਸਮੇਂ ਭਗਵੰਤ ਮਾਨ ਨੇ ਮਾਨਸ਼ਾਹੀਆ ਉੱਤੇ ਟਿੱਪਣੀ ਕੀਤੀ ਸੀ ਕਿ ਮਾਨਸ਼ਾਹੀਆ ਦੀ ਕਾਂਗਰਸ ਨਾਲ ਡੀਲ ਹੋਈ ਹੈ। ਇਸ ਟਿੱਪਣੀ ਤੋਂ ਬਾਅਦ ਮਾਨਸ਼ਾਹੀਆ ਨੇ ਭਗਵੰਤ ਮਾਨ ਖ਼ਿਲਾਫ਼ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ।