Punjab

ਗੁਰਜੰਟ ਸਿੰਘ ਨੂੰ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਇਗੀ

Gurjant Singh was cremated

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਬੀਤੇ ਦਿਨੀਂ ਤਰਨਤਾਰਨ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕੱਪੜਾ ਵਪਾਰੀ ਗੁਰਜੰਟ ਸਿੰਘ ਦਾ ਅੱਜ ਬੇਹੱਦ ਗਮਗੀਨ ਮਾਹੌਲ ਵਿੱਚ ਅੰਤਿਮ ਸਸਕਾਰ ਕੀਤਾ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਪਿੰਡਵਾਸੀਆਂ ਵੱਲੋਂ ਪਰਿਵਾਰ ਨੂੰ ਧਰਵਾਸ ਦਿੱਤੀ ਜਾ ਰਹੀ ਸੀ। ਪਰਿਵਾਰ ਨੇ ਗੁਰਜੰਟ ਸਿੰਘ ਦੇ ਕਤਲ ਲਈ ਉਸਦੀ ਚਾਚੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਰਿਵਾਰ ਨੇ ਗੁਰਜੰਟ ਸਿੰਘ ਦੇ ਛੋਟੇ ਭਰਾ ਦੀ ਜਾਨ ਨੂੰ ਵੀ ਖ਼ਤਰਾ ਦੱਸਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਸਦੀ ਚਾਚੀ ਹਾਲੇ ਵੀ ਗੈਂਗਸਟਰ ਲਖਬੀਰ ਲੰਡਾ ਦੇ ਸੰਪਰਕ ਵਿੱਚ ਹੈ। ਗੁਰਜੰਟ ਦੇ ਪਿਤਾ ਨੇ ਮੁੜ ਲੰਡਾ ਨੂੰ ਕੱਲ੍ਹ ਵਾਲੀ ਅਪੀਲ ਦੁਹਰਾਉਂਦਿਆਂ ਕਿਹਾ ਕਿ ਫਿਰੌਤੀ ਲੈਣ ਤੋਂ ਪਹਿਲਾਂ ਉਹ ਜਾਂਚ ਕਰ ਲਿਆ ਕਰੇ ਕਿ ਕੌਣ ਸਹੀ ਹੈ ਅਤੇ ਕੌਣ ਗਲਤ। ਉਹਨਾਂ ਨੇ ਲੰਡਾ ਨੂੰ ਪਾਪ ਨਾ ਕਰਨ ਦੀ ਨਸੀਹਤ ਵੀ ਦਿੱਤੀ।

ਗੁਰਜੰਟ ਦੀ ਮਾਂ ਨੇ ਆਪਣੇ ਪੁੱਤ ਨੂੰ ਅੰਤਿਮ ਵਿਦਾਇਗੀ ਦਿੰਦਿਆਂ ਕਿਹਾ ਕਿ ਮੇਰੇ ਪੁੱਤ ਵਰਗਾ ਦੁਨੀਆ ਉੱਤੇ ਹੋਰ ਕੋਈ ਨਹੀਂ ਸੀ। ਉਹ ਦੇਸ਼ਾਂ ਦਾ ਰਾਜਾ ਸੀ। ਉਹ ਕੋਈ ਵੀ ਮਾੜੀ ਸ਼ੈਅ ਨਹੀਂ ਸੀ ਖਾਂਦਾ। ਗੁਰਜੰਟ ਦੀ ਮਾਂ ਨੇ ਕਿਹਾ ਕਿ ਗੁਰਜੰਟ ਮਰਨ ਤੋਂ ਇੱਕ ਦਿਨ ਪਹਿਲਾਂ ਹੀ ਸੋਹਣੀ ਜਿਹੀ ਕੋਠੀ ਪਾਉਣ ਦੀ ਸਲਾਹ ਕਰ ਰਿਹਾ ਸੀ। ਉਹ ਰਾਤ ਨੂੰ ਕਹਿੰਦਾ ਸੀ ਕਿ ਅਸੀਂ ਸਵੇਰੇ ਚਾਚੀ ਘਰੇ ਜਾਵਾਂਗੇ ਅਤੇ ਚਾਚੀ ਅਤੇ ਭੈਣ ਯਾਨਿ ਚਾਚੀ ਦੀ ਧੀ ਨੂੰ ਪੱਕਾ ਆਪਣੇ ਘਰੇ ਲੈ ਆਵਾਂਗੇ। ਮੈਨੂੰ ਨਹੀਂ ਸੀ ਪਤਾ ਕਿ ਚਾਚੀ ਵੈਰਨ ਨੇ ਮੇਰੇ ਢਿੱਡ ਨੂੰ ਹੱਥ ਪਾ ਲੈਣਾ ਹੈ।

ਗੁਰਜੰਟ ਦੇ ਭਰਾ ਜੋਬਨ ਨੇ ਕਿਹਾ ਕਿ ਗੁਰਜੰਟ ਰੱਬ ਦਾ ਬੰਦਾ ਸੀ। ਮੈਂ ਉਸਨੂੰ ਸੁਚੇਤ ਕੀਤਾ ਸੀ ਕਿ ਤੇਰੇ ਪਿੱਛੇ ਬੰਦੇ ਲੱਗੇ ਹਨ, ਨਾ ਜਾ ਪਰ ਉਹ ਕਹਿੰਦਾ ਸੀ ਕਿ ਮੈਂ ਕਿਹੜਾ ਕਿਸੇ ਦਾ ਮਾੜਾ ਕੀਤਾ। ਉਸਨੇ ਕਿਹਾ ਕਿ ਅਸੀਂ ਨਿੱਕੇ ਹੁੰਦੇ ਭਾਂਡੇ ਮਾਂਜਦੇ ਰਹੇ। ਮੇਰੇ ਭਰਾ ਦੀ ਤਰੱਕੀ ਲੋਕਾਂ ਤੋਂ ਜਰੀ ਨਹੀਂ ਗਈ। ਉਨ੍ਹਾਂ ਨੇ ਸਰਕਾਰ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ। ਸਾਨੂੰ ਲੱਗਾ ਸੀ ਕਿ ਨਵੀਂ ਸਰਕਾਰ ਆਉਣ ਨਾਲ ਇਹ ਸਭ ਰੁਕ ਜਾਵੇਗਾ ਪਰ ਹੁਣ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਕੰਮ ਵੱਧ ਗਿਆ। ਪਹਿਲਾਂ ਤਾਂ ਫਿਰ ਵੀ ਇੱਕ ਦੋ ਜਾਇਜ਼ ਮਾਰਿਆ ਜਾਂਦਾ ਸੀ ਪਰ ਹੁਣ ਤਾਂ ਨਾਜਾਇਜ਼ ਹੀ ਪੁੱਤ ਮਰਵਾਏ ਜਾ ਰਹੇ ਹਨ।

ਪਿੰਡਵਾਸੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪ੍ਰਸ਼ਾਸਨ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਕਰਦਾ ਹੈ ਤਾਂ ਠੀਕ ਹੈ ਨਹੀਂ ਤਾਂ ਅਸੀਂ ਸੜਕ ਜਾਮ ਕਰ ਦੇਣੀ ਹੈ। ਸਦਰ ਥਾਣੇ ਅੱਗੇ ਧਰਨਾ ਲਾ ਦਿਆਂਗੇ। ਪਿੰਡਵਾਸੀਆਂ ਨੇ ਪ੍ਰਸ਼ਾਸਨ ਨੂੰ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੇ ਲਈ ਤਿੰਨ ਦਿਨ ਦਿੱਤੇ ਹਨ। ਉਨ੍ਹਾਂ ਨੇ ਭੁੱਖ ਹੜਤਾਲ ਕਰਨ ਦਾ ਦਾਅਵਾ ਕੀਤਾ ਹੈ।