ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਰਾਜਪਾਲ ਨੂੰ ਭੇਜੇ ਜਾਣ ਵਾਲੇ 3 ਨਾਵਾਂ ਦੇ ਪੈਨਲ ਵਿੱਚੋਂ ਉਨ੍ਹਾਂ ਦਾ ਨਾਂ ਹਟਾਇਆ ਜਾਵੇ। ਸੂਬਾ ਸਰਕਾਰ ਨੇ ਵੀਸੀ ਦੇ ਅਹੁਦੇ ਲਈ ਉਨ੍ਹਾਂ ਦਾ ਨਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭੇਜਿਆ ਸੀ। ਪਰ, ਰਾਜਪਾਲ ਨੇ ਇਸ ਨੂੰ ਵਾਪਸ ਕਰ ਦਿੱਤਾ ਸੀ। ਜਿਸ ਤਰ੍ਹਾਂ ਇਹ ਪੂਰਾ ਮਾਮਲਾ ਵਿਵਾਦਾਂ ‘ਚ ਘਿਰਿਆ ਹੈ, ਉਸ ਨਾਲ ਸੂਬੇ ਦੀ ਭਗਵੰਤ ਮਾਨ ਸਰਕਾਰ ਅਤੇ ਰਾਜਪਾਲ ਵਿਚਾਲੇ ਤਣਾਅ ਵਧਣ ਦਾ ਖਦਸ਼ਾ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ (BABA FARID UNIVERSITY) ਦੇ VC ਲਈ ਡਾ. ਗੁਰਪ੍ਰੀਤ ਸਿੰਘ ਦਾ ਨਾਂ ਭੇਜਿਆ ਗਿਆ ਸੀ ਜਿਸ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਤਰਾਜ਼ ਜਤਾਇਆ ਸੀ। ਗਵਰਨਰ ਨੇ ਕਿਹਾ ਸੀ ਕਿ ਸਰਕਾਰ ਵੱਲੋਂ ਸਿਰਫ਼ ਇੱਕ ਹੀ ਨਾਂ VC ਦੇ ਲਈ ਭੇਜਿਆ ਗਿਆ ਹੈ ਜਦਕਿ 3 ਨਾਵਾਂ ਦਾ ਪੈਨਲ ਭੇਜਣ ਦੀ ਜ਼ਰੂਰਤ ਸੀ । ਗਵਰਨਰ ਬਨਵਾਰੀ ਨਾਲ ਪੁਰੋਹਿਤ ਨੇ ਡਾ. ਗੁਰਪ੍ਰੀਤ ਸਿੰਘ (DR GURPREET SINGH) ਦੀ ਨਿਯੁਕਤੀ ਦੀ ਫਾਈਲ ਵਾਪਸ ਭੇਜ ਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਬਾ ਫਰੀਦ ਯੂਨੀਵਰਸਿਟੀ ਦੇ VC ਦੀ ਨਿਯੁਕਤੀ ਲਈ ਤਿੰਨ ਨਾਂ ਮੰਗੇ ਸਨ ।
ਡਾਕਟਰ ਰਾਜ ਬਹਾਦੁਰ ਦੀ ਥਾਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਗੁਰਪ੍ਰੀਤ ਸਿੰਘ ਦੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦੇ ਅਹੁਦੇ ‘ਤੇ ਨਿਯੁਕਤੀ ਦੀ ਸ਼ਿਫਾਰਸ਼ ਕੀਤੀ ਸੀ। ਇਸ ਵਕਤ ਡਾਕਟਰ ਗੁਰਪ੍ਰੀਤ ਸਿੰਘ ਲੁਧਿਆਣਾ ਦੇ DMC ਹਸਪਤਾਲ ਦੇ chief cardiologist unit ਦੇ ਮੁੱਖੀ ਹਨ ।
ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਵੀਸੀ ਡਾ: ਰਾਜ ਬਹਾਦਰ ਨੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਜ਼ਲੀਲ ਕੀਤੇ ਜਾਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। 29 ਜੁਲਾਈ ਨੂੰ ਅਸਤੀਫਾ ਦੇਣ ਤੋਂ ਬਾਅਦ ਨਵੇਂ ਵੀਸੀ ਦੀ ਭਾਲ ਸ਼ੁਰੂ ਹੋ ਗਈ ਸੀ। ਸਰਕਾਰ ਵੱਲੋਂ ਦਿੱਤੇ ਮੈਮੋਰੰਡਮ ਤੋਂ ਬਾਅਦ 22 ਲੋਕਾਂ ਨੇ ਅਪਲਾਈ ਕੀਤਾ, ਜਿਨ੍ਹਾਂ ਵਿੱਚੋਂ ਡਾ. ਵਾਂਡਰ ਦੀ ਚੋਣ ਕੀਤੀ ਗਈ ਸੀ ਹੁਣ ਡਾ: ਵਾਂਡਰ ਵੱਲੋਂ ਆਪਣਾ ਨਾਂ ਵਾਪਸ ਲੈਣ ਨੂੰ ਯੂਨੀਵਰਸਿਟੀ ਦੇ ਨੁਕਸਾਨ ਵਜੋਂ ਦੇਖਿਆ ਜਾ ਰਿਹਾ ਹੈ।