‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੱਖਾ ਸਿਧਾਣਾ ਤੋਂ ਪਰਚਾ ਰੱਦ ਕਰਨ ਬਾਰੇ ਬੋਲਦਿਆਂ ਕਿਹਾ ਕਿ ਇਹ ਤੋਂ ਅਸਥਾਈ ਤੌਰ ਉੱਤੇ ਪਰਚਾ ਰੱਦ ਕੀਤਾ ਗਿਆ ਹੈ, ਗੱਲ ਤਾਂ ਕੋਈ ਹੋਰ ਹੈ। ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਹਨ ਕਿ ਸਿੱਧੂ ਮੂਸੇਵਾਲਾ, ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਹੈ, ਤੂੰ ਆਪਣਾ ਧਿਆਨ ਰੱਖੀ। ਪਰ ਰਾਜਨੀਤੀ ਵਿੱਚ ਆਪਣਾ ਧਿਆਨ ਕਿਵੇਂ ਰੱਖਿਆ ਜਾ ਸਕਦਾ ਹੈ। ਖਹਿਰਾ ਨੇ ਅਰਵਿੰਦ ਕੇਜਰੀਵਾਲ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਕੇਜਰੀਵਾਲ ਨੂੰ ਏਨੀ ਜ਼ਿਆਦਾ ਸਿਕਿਓਰਿਟੀ ਦਿੱਤੀ ਹੋਈ ਹੈ ਪਰ ਉਸਦੀ ਕੋਈ ਗੱਲ ਨਹੀਂ ਕਰਦਾ। ਬੇਅਦਬੀਆਂ ਵਰਗੀਆਂ ਘਟਨਾਵਾਂ ਨੂੰ ਅੱਠ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮਨਾਇਆ ਤਾਂ ਜਾ ਸਕਦਾ ਹੈ ਪਰ ਦਬਾਇਆ ਨਹੀਂ ਜਾ ਸਕਦਾ।
ਸਮਾਜ ਸੇਵੀ ਵਜੋਂ ਜਾਣੇ ਜਾਂਦੇ ਤੇ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਨੇ ਅੱਜ ਬਠਿੰਡਾ ਦੇ ਪਿੰਡ ਮਹਿਰਾਜ ਵਿੱਚ ਵਿਸ਼ਾਲ ਇਕੱਠ ਸੱਦਿਆ। ਵੱਡੀ ਗਿਣਤੀ ਵਿੱਚ ਲੋਕ ਲੱਖਾ ਸਿਧਾਣਾ ਦੀ ਹਮਾਇਤ ਵਿੱਚ ਇਕੱਠੇ ਹੋਏ। ਪੰਡਾਲ ਵਿੱਚ ਦੂਰ ਦੂਰ ਤੱਕ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। ਇਸ ਮੌਕੇ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ। ਇਸ ਰੈਲੀ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ, ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਮੇਤ ਵੱਖ ਵੱਖ ਸ਼ਖਸੀਅਤਾਂ ਪਹੁੰਚੀਆਂ।
ਲੱਖਾ ਸਿਧਾਣਾ ਵੱਲੋਂ ਸੱਦੀ ਗਈ ਰੈਲੀ ਵਿੱਚ ਪਹੁੰਚੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਨੇ ਅਸਿੱਧੇ ਤੌਰ ਉੱਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤਕੜਾ ਜਵਾਬ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੋਈ ਮੰਤਰੀ ਬਿਆਨ ਦਿੰਦਾ ਹੈ ਕਿ ਇਨ੍ਹਾਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦਿਉ, ਕੋਈ ਕਹਿੰਦਾ ਕਿ ਇਨ੍ਹਾਂ ਨੂੰ ਫੜ ਕੇ ਮਾਰ ਦਿਉ। ਮੈਂ ਕਹਿੰਨਾ ਕਿ ਇਨ੍ਹਾਂ ਨੂੰ ਹਾਲੇ ਕਿਸੇ ਦੇ ਚੰਗੀ ਤਰ੍ਹਾਂ ਹੱਥ ਨਹੀਂ ਲੱਗੇ। ਤੁਸੀਂ ਮੂੰਹ ਚੁੱਕ ਕੇ ਬਿਆਨ ਦੇ ਦਿੰਦੇ ਹੋ, ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਕਦੇ ਕਾਲ ਕੋਠੜੀ ਨਹੀਂ ਵੇਖੀ। ਅਸੀਂ ਉਨ੍ਹਾਂ ਦੀ ਕੌਮ ਵਿੱਚੋਂ ਹਾਂ ਜਿਨ੍ਹਾਂ ਨੇ ਬੰਦ ਬੰਦ ਕਟਵਾਏ, ਰੰਬੀਆਂ ਚਲਵਾਈਆਂ, ਸੋ ਸਾਨੂੰ ਕੋਈ ਡਰਾਵਾ ਨਾ ਦੇਵੋ। ਜੇ ਕੁਝ ਕਰਨਾ ਹੈ ਤਾਂ ਕਾਨੂੰਨ ਦੀ ਵਿਵਸਥਾ ਸੰਭਾਲ ਲਉ। ਰਾਜ ਇਹ ਵੀ ਨਹੀਂ ਰਹਿਣਾ। ਇਸ ਕਰਕੇ ਅਸੀਂ ਰਾਜ ਕਰਨ ਦੀ ਗੱਲ ਕਰਨ ਤੋਂ ਨਹੀਂ ਰਹਿਣਾ।
ਅੰਮ੍ਰਿਤਪਾਲ ਸਿੰਘ ਨੇ ਸੰਗਤ ਨੂੰ ਸੁਚੇਤ ਕਰਦਿਆਂ ਕਿਹਾ ਕਿ ਹਕੂਮਤ ਨੇ ਪਰਚਾ ਪਾ ਕੇ ਇਹ ਟੋਹਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨ੍ਹਾਂ ਉੱਤੇ ਝੂਠਾ ਪਰਚਾ ਪਾ ਕੇ ਵੇਖਿਆ ਜਾਵੇ ਕਿ ਇਹ ਦੁਬਾਰਾ ਇਕੱਠੇ ਹੁੰਦੇ ਹਨ ਕਿ ਨਹੀਂ। ਉਨ੍ਹਾਂ ਨੇ ਯਾਦ ਕਰਵਾਇਆ ਕਿ ਲੱਖਾ ਸਿਧਾਣਾ ਸਮੇਤ ਹੋਰ ਵੀ ਕਈ ਨੌਜਵਾਨਾਂ ਉੱਤੇ ਝੂਠੇ ਪਰਚੇ ਪਾਏ ਗਏ ਹਨ, ਸਾਨੂੰ ਉਨ੍ਹਾਂ ਦੇ ਪਿੱਛੇ ਵੀ ਖੜਨਾ ਪੈਣਾ ਹੈ।
ਲੱਖਾ ਸਿਧਾਣਾ ਨੂੰ ਪੁਲਿਸ ਵੱਲੋਂ ਅੱਜ ਨਿਰਦੋਸ਼ ਸਾਬਿਤ ਕੀਤੇ ਜਾਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਸਰਕਾਰ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਹੁਣ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੱਖਾ ਸਿਧਾਣਾ ਨਿਰਦੋਸ਼ ਹੈ। ਕੀ ਗੱਲ ਪਹਿਲਾਂ ਇਨ੍ਹਾਂ ਦੇ ਐਨਕਾਂ ਨਹੀਂ ਸੀ ਲੱਗੀਆਂ ਜਾਂ ਫਿਰ ਇਨ੍ਹਾਂ ਦੀ ਨਜ਼ਰ ਕਮਜ਼ੋਰ ਹੋ ਗਈ ਸੀ ਕਿ ਇਨ੍ਹਾਂ ਨੂੰ ਦਿਸਿਆ ਨਹੀਂ ਸੀ ਕਿ ਲੱਖਾ ਸਿਧਾਣਾ ਨਿਰਦੋਸ਼ ਹੈ ਜਾਂ ਨਹੀਂ। ਜਿਹੜਾ ਨੌਜਵਾਨ ਨਸ਼ਿਆਂ ਦੇ ਖਿਲਾਫ਼ ਬੋਲਦਾ ਹੈ, ਉਸਦੇ ਖਿਲਾਫ਼ ਹੀ ਪਰਚਾ ਪਾ ਦਿੱਤਾ ਜਾਂਦਾ ਹੈ। ਇਹ ਬਹੁਤ ਸ਼ਰਮ ਦੀ ਗੱਲ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੀ ਲੱਖਾ ਸਿਧਾਣਾ ਵੱਲੋਂ ਸੱਦੀ ਗਈ ਰੈਲੀ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਮਾਨ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਹਿੰਦੂ ਨੂੰ ਬਾਦਸ਼ਾਹੀ ਪ੍ਰਾਪਤ ਹੋਈ ਹੈ। ਜਦੋਂ ਤੱਕ ਅਸੀਂ ਖੁਦਮੁਖਤਿਆਰ ਨਹੀਂ ਹੁੰਦੇ, ਉਦੋਂ ਤੱਕ ਸਾਨੂੰ ਸਿਆਸਤ ਵਿੱਚ ਜਗ੍ਹਾ ਨਹੀਂ ਮਿਲਣੀ। ਪਾਰਲੀਮੈਂਟ ਵਿੱਚ ਮੈਨੂੰ ਬੋਲਣ ਦੀ ਇਜ਼ਾਜਤ ਨਹੀਂ ਦਿੱਤੀ ਗਈ। ਪਾਰਲੀਮੈਂਟ ਵਿੱਚ ਸਿਰਫ਼ ਵੱਧ ਗਿਣਤੀ ਵਾਲਿਆਂ ਨੂੰ ਬੋਲਣ ਦੀ ਇਜ਼ਾਜਤ ਦਿੱਤੀ ਜਾਂਦੀ ਹੈ। ਮਾਨ ਨੇ ਕਿਹਾ ਕਿ ਸਿੱਖ ਦੀ ਦਾੜੀ, ਕੇਸ ਜ਼ਰੂਰ ਹੋਣੇ ਚਾਹੀਦੇ ਹਨ ਤਾਂ ਜੋ ਸਾਡੀ ਪਹਿਚਾਣ ਵੱਖਰੀ ਬਣੀ ਰਹੇ।