‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜੈਨੀ ਜੌਹਲ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਦੋ ਕੁੜੀਆਂ ਰੁਪਿੰਦਰ ਹਾਂਡਾ ਅਤੇ ਜੈਨੀ ਜੌਹਲ ਨੇ ਮੂਸੇਵਾਲਾ ਦੇ ਹੱਕ ਵਿੱਚ ਬੋਲਣ ਦੀ ਹਿੰਮਤ ਕੀਤੀ ਹੈ ਪਰ ਜੈਨੀ ਦੇ ਗੀਤ ਨੂੰ ਬਲਾਕ ਕਰ ਦਿੱਤਾ ਗਿਆ ਅਤੇ ਉਸਨੂੰ ਹੁਣ ਧਮਕੀਆਂ ਮਿਲ ਰਹੀਆਂ ਹਨ ਕਿ ਉੱਸ ਉੱਤੇ ਪਰਚਾ ਪਾ ਦਿੱਤਾ ਜਾਵੇਗਾ ਅਤੇ ਛੇ-ਛੇ ਮਹੀਨੇ ਜ਼ਮਾਨਤ ਵੀ ਨਹੀਂ ਹੋਵੇਗੀ। ਬਲਕੌਰ ਸਿੰਘ ਨੇ ਕਿਹਾ ਕਿ ਉਸ ਲੜਕੀ ਨੇ ਸਾਡੀ ਤਕਲੀਫ਼ ਨੂੰ ਦਿਲ ਤੋਂ ਵਾਚਿਆ ਹੈ। ਹਰੇਕ ਚੀਜ਼ ਦਾ ਹੱਲ ਪਰਚਾ ਨਹੀਂ ਹੈ।
ਬਲਕੌਰ ਸਿੰਘ ਨੇ ਕਿਹਾ ਕਿ 2 ਕਰੋੜ ਦਾ ਟੈਕਸ ਭਰ ਕੇ ਵੀ ਮੇਰੇ ਪੁੱਤ ਨੂੰ ਇਵੇਂ ਦੀ ਮੌਤ ਮਿਲੀ ਹੈ ਜਿਵੇਂ ਦੀ ਕਿਸੇ ਜਾਨਵਰ ਨੂੰ ਵੀ ਨਹੀਂ ਮਿਲਦੀ। ਮਾਨਸਾ ਸੀਆਈਏ ਸਟਾਫ਼ ਦੀ ਗ੍ਰਿਫਤ ਵਿੱਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਮਾਮਲੇ ਬਾਰੇ ਬੋਲਦਿਆਂ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਗੈਂਗਸਟਰ ਫੜਨੇ ਤਾਂ ਦੂਰ ਦੀ ਗੱਲ ਹੈ, ਜਿਹੜੇ ਫੜੇ ਹਨ, ਉਹ ਵੀ ਭੱਜਦੇ ਜਾ ਰਹੇ ਹਨ। ਮੈਂ ਲੱਖੇ ਨੂੰ ਵੀ ਕਹਿੰਦਾ ਹੁੰਦਾ ਹਾਂ ਕਿ ਪੁੱਤ ਧਿਆਨ ਰੱਖੀਂ, ਕਿਤੇ ਤੇਰਾ ਵੀ ਐਕਸੀਡੈਂਟ ਨਾ ਹੋ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਹੜਾ ਵੀ ਕੋਈ ਆਵਾਜ਼ ਉਠਾਉਂਦਾ ਹੈ, ਉਸਨੂੰ ਬੜੀ ਆਸਾਨੀ ਨਾਲ ਮਾਰ ਦਿੱਤਾ ਜਾਂਦਾ ਹੈ। ਮੈਂ ਬਾਪ ਹੋਣ ਦੇ ਨਾਤੇ ਡਰਦਾ ਰਹਿੰਦਾ ਹਾਂ। ਛੇ ਮਹੀਨਿਆਂ ਵਿੱਚ ਅਸੀ ਤਿੰਨ ਦੀਪ ਗੁਆ ਲਏ ਹਨ।