‘ਦ ਖ਼ਾਲਸ ਬਿਊਰੋ : ਪੰਜਾਬ ਦੀ ਪ੍ਰਸਿੱਧ ਗਾਇਕਾ ਜੈਨੀ ਜੌਹਲ ਵੱਲੋਂ ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਗਾਇਆ ਗਿਆ ਗੀਤ Letter to CM ਇਸ ਵੇਲੇ ਚਰਚਾ ਦੇ ਵਿਚ ਹੈ। ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਦੀ ਮੌਤ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਆਹ ਬਾਰੇ ਜ਼ਿਕਰ ਕੀਤਾ ਗਿਆ ਹੈ। ਪਰ ਹੁਣ ਇਸ ਗੀਤ ਨੂੰ ਬਲਾਕ ਕਰ ਦਿੱਤਾ ਗਿਆ ਹੈ। ਗੀਤ ਦੇ ਬੋਲ ਸਨ ਕਿ ਘਰ ਸਾਡੇ ਵੈਣ ਪਏ, ਗੂੰਜਣ ਥੋਡੇ ਘਰ ਸ਼ਹਿਨਾਈਆਂ। ਪੁਲਿਸ ਅਤੇ ਸਰਕਾਰ ‘ਤੇ ਟੀਕਾ ਟਿੱਪਣੀ Jenny Johal ਵੱਲੋਂ ਆਪਣੇ ਗੀਤ Letter to CM ਵਿਚ ਕੀਤੀ ਗਈ ਹੈ। ਗੀਤ ਨੂੰ ਬਲਾਕ ਕਰਨ ਦਾ ਕਾਰਨ ਕਾਪੀਰਾਈਟ ਵਿਵਾਦ ਦੱਸਿਆ ਗਿਆ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਨੂੰ ਬਲਾਕ ਹੋਣ ਤੱਕ 2.32 ਲੱਖ ਲੋਕ ਦੇਖ ਚੁੱਕੇ ਹਨ।
Jenny Johal ਦੇ ਗੀਤ ਵਿਚ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਵਾਲੇ ਪੱਤਰ ਦਾ ਵੀ ਜ਼ਿਕਰ ਕੀਤਾ ਗਿਆ ਸੀ ਅਤੇ ਜਿਸ ਆਦਮੀ ਦੇ ਵੱਲੋਂ ਸਭ ਤੋਂ ਪਹਿਲਾਂ ਇਸ ਪੱਤਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ, ਉਹਦੇ ਖਿਲਾਫ਼ ਕਾਰਵਾਈ ਨਾ ਹੋਣ ਦੀ ਗੱਲ ਵੀ ਕਹੀ ਗਈ ਹੈ। ਸੋਸ਼ਲ ਮੀਡੀਆ ਪਲੇਟਫ਼ਾਰਮਾਂ ‘ਤੇ ਇਸ ਗੀਤ ਉੱਤੇ ਸੈਂਕੜੇ ਲੋਕਾਂ ਦੀਆਂ ਟਿੱਪਣੀਆਂ ਆ ਰਹੀਆਂ ਹਨ। ਹੁਣ ਤੱਕ ਇਸ ਗੀਤ ਨੂੰ ਯੂ-ਟਿਊਬ ‘ਤੇ ਹਜ਼ਾਰਾਂ ਲੋਕ ਵੇਖ ਚੁੱਕੇ ਹਨ।
ਇਸ ਤੋਂ ਪਹਿਲਾਂ ਯੂਟਿਊਬ ਨੇ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਪਹਿਲੇ ਗਾਣੇ SYL ਨੂੰ ਵੀ ਬੈਨ ਕਰ ਦਿੱਤਾ ਸੀ। 23 ਜੂਨ ਦੀ ਸ਼ਾਮ ਨੂੰ ਰਿਲੀਜ਼ ਕੀਤਾ ਗਿਆ ਇਹ ਗੀਤ ਦੁਨੀਆ ਭਰ ਵਿੱਚ ਵੱਡੇ ਪੱਧਰ ਉੱਤੇ ਦੇਖਿਆ ਗਿਆ ਸੀ। ਇਸ ਗੀਤ ‘ਚ ਸਿੱਧੂ ਮੂਸੇਵਾਲੇ ਨੇ ਐੱਸਵਾਈਐੱਲ ਸਮੇਤ ਪੰਜਾਬ ਦੇ ਕਈ ਭਖਦੇ ਮਸਲਿਆਂ ਨੂੰ ਪੇਸ਼ ਕੀਤਾ ਸੀ। SYL ਮੂਸੇਵਾਲਾ ਵੱਲੋਂ ਲਿਖਿਆ ਅਤੇ ਗਾਇਆ ਗਿਆ ਸੀ। ਇਹ ਉਸਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਪਹਿਲਾ ਗੀਤ ਸੀ। ਇਸ ਗੀਤ ‘ਚ ਸਿੱਧੂ ਮੂਸੇਵਾਲਾ ਨੇ ਸਤਲੁਜ-ਯਮੁਨਾ ਲਿੰਕ “SYL” ਨਹਿਰ ਦਾ ਮੁੱਦਾ, ਦਰਿਆਈ ਪਾਣੀ ‘ਤੇ ਪੰਜਾਬ ਦਾ ਹੱਕ ਅਤੇ ਜੇਲਾਂ ‘ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਵਰਗੇ ਮੁੱਦੇ ਉਠਾਏ ਸਨ।
ਯੂਟਿਊਬ ਦਾ ਸਿੱਧੂ ਮੂਸੇਵਾਲਾ ਦੀ ਮੌ ਤ ਤੋਂ ਬਾਅਦ ਰਿਲੀਜ਼ ਹੋਏ ਪਹਿਲੇ ਗਾਣੇ ਖਿਲਾ ਫ਼ ਵੱਡਾ ਐਕਸ਼ਨ
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਦੇ ਗੀਤ ਰਿਹਾਈ ‘ਤੇ ਵੀ ਯੂਟਿਊਬ ਨੇ ਪਾਬੰਦੀ ਲਗਾ ਦਿੱਤੀ ਸੀ। ਕੰਵਰ ਗਰੇਵਾਲ ਨੇ ਇਸ ਗੀਤ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ। ਇਸਦੇ ਨਾਲ ਹੀ ਇਤਿਹਾਸ ਦੀਆਂ ਕਿਤਾਬਾਂ ਵਿੱਚ ਹੋ ਰਹੀ ਛੇੜਛਾੜ ਬਾਰੇ ਵੀ ਜ਼ਿਕਰ ਕੀਤਾ ਸੀ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜੈਨੀ ਜੌਹਲ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਦੋ ਕੁੜੀਆਂ ਰੁਪਿੰਦਰ ਹਾਂਡਾ ਅਤੇ ਜੈਨੀ ਜੌਹਲ ਨੇ ਮੂਸੇਵਾਲਾ ਦੇ ਹੱਕ ਵਿੱਚ ਬੋਲਣ ਦੀ ਹਿੰਮਤ ਕੀਤੀ ਹੈ ਪਰ ਜੈਨੀ ਦੇ ਗੀਤ ਨੂੰ ਬਲਾਕ ਕਰ ਦਿੱਤਾ ਗਿਆ ਅਤੇ ਉਸਨੂੰ ਹੁਣ ਧਮਕੀਆਂ ਮਿਲ ਰਹੀਆਂ ਹਨ ਕਿ ਉੱਸ ਉੱਤੇ ਪਰਚਾ ਪਾ ਦਿੱਤਾ ਜਾਵੇਗਾ ਅਤੇ ਛੇ-ਛੇ ਮਹੀਨੇ ਜ਼ਮਾਨਤ ਵੀ ਨਹੀਂ ਹੋਵੇਗੀ। ਬਲਕੌਰ ਸਿੰਘ ਨੇ ਕਿਹਾ ਕਿ ਉਸ ਲੜਕੀ ਨੇ ਸਾਡੀ ਤਕਲੀਫ਼ ਨੂੰ ਦਿਲ ਤੋਂ ਵਾਚਿਆ ਹੈ। ਹਰੇਕ ਚੀਜ਼ ਦਾ ਹੱਲ ਪਰਚਾ ਨਹੀਂ ਹੈ।