‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਨਸ਼ਿਆ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਦੀ ਜਵਾਨੀ ਨੂੰ ਨ ਸ਼ਿਆਂ ਨੇ ਆਪਣੇ ਜਾਲ ’ਚ ਜਕੜਿਆ ਹੋਇਆ ਹੈ। ਬਠਿੰਡਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਬਠਿੰਡਾ ਦੀ ਸਬ-ਡਵੀਜ਼ਨ ਮੌੜ ਦੇ ਪਿੰਡ ਭਾਈ ਬਖਤੌਰ ਵਿਖੇ ਖੇਤਾਂ ਵਿਚ ਲੱਗਿਆ ਇਕ ਬੋਰਡ ਬਣ ਰਿਹੈ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਬੋਰਡ ’ਤੇ ਲਿਖਿਆ ਹੈ ਕਿ ਇਥੇ ਚਿੱਟਾ ਮਿਲਦਾ ਹੈ। ਇਸਦੀ ਤਸਵੀਰ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਬੋਰਡ ਵਿੱਚ ਲਿਖਿਆ ਹੋਇਆ ਹੈ ਕਿ ਇੱਥੇ ਚਿੱਟਾ ਮਿਲਦਾ ਹੈ
ਇਸ ਬੋਰਡ ਨੂੰ ਲੈ ਕੇ ਪਿੰਡ ਭਾਈ ਬਖਤੌਰ ਦੇ ਇਕ ਨੌਜਵਾਨ ਵੱਲੋਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਜਿਸ ਵਿਚ ਪੰਜਾਬ ਸਰਕਾਰ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨ ਨਸ਼ੇ ਨੂੰ ਬੰਦ ਕਰਨ ਲਈ ਦਿੱਤੇ ਬਿਆਨ ’ਤੇ ਵੀ ਤਿੱਖਾ ਪ੍ਰਤੀਕਰਮ ਕੀਤਾ ਗਿਆ ਹੈ।
ਬਿਆਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਕੋਈ ਗਿੱਦੜਸਿੰਗੀ ਨਹੀਂ ਹੈ ਕਿ ਨਸ਼ਾ ਇਸੇ ਤਰ੍ਹਾਂ ਬੰਦ ਹੋ ਜਾਵੇਗਾ ਇਸ ਨੂੰ ਬੰਦ ਕਰਨ ਵਿੱਚ ਸਮਾਂ ਲੱਗੇਗਾ। ਨੌਜਵਾਨ ਨੇ ਚਿੰਤਾ ਪ੍ਰਗਟ ਕੀਤੀ ਹੈ ਉਹਨਾਂ ਦੇ ਪਿੰਡ ਅਤੇ ਜ਼ਿਲ੍ਹੇ ਬਠਿੰਡੇ ਵਿੱਚ ਚਿੱਟੇ ਨਾਲ ਮੌਤਾਂ ਹੋ ਰਹੀਆਂ ਹਨ। ਨੌਜਵਾਨ ਨੇ ਇਹ ਵੀ ਖ਼ਦਸ਼ਾ ਪ੍ਰਗਟ ਕੀਤਾ ਕਿ ਇਸ ਵੀਡੀਓ ਤੋਂ ਬਾਅਦ ਪੁਲਿਸ ਖਿਲਾਫ ਮਾਮਲਾ ਦਰਜ ਕਰ ਸਕਦੀ ਹੈ। ਬਠਿੰਡਾ ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।
ਪੰਜਾਬ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਚਿੱਟੇ ਨੂੰ ਮਹੀਨਿਆਂ ਵਿੱਚ ਚੁਟਕੀ ਨਾਲ ਹੀ ਬੰਦ ਕੀਤੇ ਜਾਣ ਦੇ ਦਾਅਵਿਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦਿਨੀ ਦਿੱਤੇ ਨਸ਼ੇ ਬਾਰੇ ਬਿਆਨਾਂ ਨੂੰ ਲੈ ਕੇ ਲੋਕ ਸਵਾਲ ਖੜੇ ਕਰ ਰਹੇ ਹਨ। ਪਹਿਲਾਂ ਪੰਜਾਬ ਵਿੱਚ ਰਹੀ ਕਾਂਗਰਸ ਸਰਕਾਰ ਨੇ ਵੀ ਵੋਟਾਂ ਵੇਲੇ ਵਾਅਦੇ ਕੀਤੇ ਸੀ ਕਿ ਨਸ਼ੇ ਦਾ ਲੱਕ ਤੋੜ ਕੇ ਰੱਖ ਦਿਆਂਗੇ ਪਰੰਤੂ ਪੰਜਾਬ ਵਿੱਚ ਨਸ਼ਾ ਲਗਾਤਾਰ ਵਧ ਰਿਹਾ ਹੈ ਹੁਣ ਪੰਜਾਬ ਵਿੱਚ ਸੱਤਾ ਬਦਲੀ ਹੈ ਪ੍ਰੰਤੂ ਚਿੱਟੇ ਨੂੰ ਲੈ ਕੇ ਕੋਈ ਹਾਲਾਤ ਨਹੀਂ ਬਦਲੇ, ਜਿਸ ਕਰਕੇ ਪੰਜਾਬ ਵਿੱਚ ਹਰ ਦਿਨ ਚਿੱਟੇ ਨੂੰ ਲੈ ਕੇ ਕਥਿਤ ਤੌਰ ਤੇ ਮੌਤਾਂ ਹੋ ਰਹੀਆਂ ਹਨ ਅਤੇ ਲੋਕ ਸਰਕਾਰਾਂ ਤੋਂ ਸਵਾਲ ਪੁੱਛ ਰਹੇ ਹਨ ਕਿ ਆਖ਼ਿਰ ਚਿੱਟੇ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਉਂ ਇੰਨੇ ਲੋਕ ਮਰ ਰਹੇ ਹਨ।