‘ਦ ਖ਼ਾਲਸ ਬਿਊਰੋ- (ਪੁਨੀਤ ਕੌਰ) ਪੰਜਾਬੀ ਦਾ ਇੱਕ ਮੁਹਾਵਰਾ ਬਹੁਤ ਪ੍ਰਸਿੱਧ ਹੈ ‘ਪੱਗ ਦੀ ਸ਼ਾਨ’। ਪੱਗ ਦੀ ਸ਼ਾਨ ਕੇਵਲ ਸੋਹਣੀ ਪੱਗ ਬੰਨਣ ਨਾਲ ਜਾਂ ਫਿਰ ਪੱਗ ਦਾ ਕੱਪੜਾ ਵਧੀਆ ਹੋਣ ਤੇ ਪੱਗ ਦਾ ਰੰਗ ਸੋਹਣਾ ਹੋਣ ਤੱਕ ਹੀ ਸੀਮਤ ਨਹੀਂ ਹੈ।
ਜੇਕਰ ਅਸੀਂ ਦਸਤਾਰ ਦੀ ਸ਼ਾਨ ਨੂੰ ਕੇਵਲ ਉੱਪਰਲੇ ਰੂਪ ‘ਚ ਵੇਖਣਾ ਹੈ ਤਾਂ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦੀ ਦਸਤਾਰ ਵੀ ਪਿਆਰੀ ਹੋਵੇਗੀ,ਉਸ ਉੱਪਰ ਵੀ ਕਲਗੀ ਸਜੀ ਹੋਵੇਗੀ,ਦਸਤਾਰ ਲਈ ਕੱਪੜਾ ਵਧੀਆ ਹੋਵੇਗਾ,ਹੀਰੇ ਮੋਤੀ ਵੀ ਜੜੇ ਹੋਣਗੇ ਪਰ ਸਾਡੇ ਗੁਰੂ ਜੀ ਦੀਆਂ ਦਸਤਾਰਾਂ ਇਸ ਕਰਕੇ ਉੱਚੀਆਂ ਹਨ ਕਿਉਂਕਿ ਗੁਰੂ ਜੀ ਦੀ ਦਸਤਾਰ ਪਿੱਛੇ ਗੁਰੂ ਜੀ ਦਾ ਉੱਚਾ ਕਿਰਦਾਰ ਖੜ੍ਹਾ ਹੈ। ਦਸਤਾਰ ਦੇ ਪਿੱਛੇ ਕਿਰਦਾਰ ਦਾ ਉੱਚਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਹਰ ਇਨਸਾਨ ਦਸਤਾਰਧਾਰੀ ਨੂੰ ਵੇਖ ਕੇ ਇਹ ਮਹਿਸੂਸ ਕਰੇ ਕਿ ਦਸਤਾਰ ਵਾਲੇ ਕਿਰਦਾਰ ਦੇ ਬੜੇ ਉੱਚੇ ਹਨ। ਸਾਨੂੰ ਪੱਗ ਦੀ ਸ਼ਾਨ ਨੂੰ ਸਿੱਖ ਇਤਿਹਾਸ ਦੀ ਵਿਚਾਰਧਾਰਾ ਤੋਂ ਸਮਝਣਾ ਚਾਹੀਦਾ ਹੈ।
ਜਿਸ ਵੇਲੇ ਬੰਗਲਾਦੇਸ਼ ਬਣਿਆ ਤਾਂ ਉਸ ਸਮੇਂ ਪਾਕਿਸਤਾਨ ਦੀ ਕਰੀਬ 91 ਹਜਾਰ ਫੌਜ ਨੇ ਜਗਜੀਤ ਸਿੰਘ ਅਰੋੜਾ ਤੇ ਜਨਰਲ ਸ਼ਬੇਗ ਸਿੰਘ ਵਰਗੇ ਦੋ ਜਰਨੈਲਾਂ ਅੱਗੇ ਆਤਮ ਸਮਰਪਣ ਕੀਤਾ। ਜਦੋਂ ਪਾਕਿਸਤਾਨੀ ਫੌਜ ਦੇ ਸਿਪਾਹੀ ਆਤਮ-ਸਮਰਪਣ ਕਰਨ ਲਈ ਆਏ ਤਾਂ ਇਨ੍ਹਾਂ ਦੇ ਮੋਰਚਿਆਂ ਵਿੱਚ ਬੰਗਲਾਦੇਸ਼ ਦੀਆਂ ਗਰੀਬ ਕੁੜੀਆਂ ਜਿਨ੍ਹਾਂ ਦੀ ਬੇਪੱਤੀ ਕੀਤੀ ਗਈ ਸੀ,ਉਹ ਵੀ ਇਨ੍ਹਾਂ ਜਰਨੈਲਾਂ ਦੀ ਸ਼ਰਨ ਵਿੱਚ ਆਈਆਂ ਤੇ ਆਪਣੀ ਰੱਖਿਆ ਦੀ ਮੰਗ ਕੀਤੀ। ਜਦੋਂ ਜਰਨੈਲ ਨੇ ਕਿਹਾ ਕਿ ਅਸੀਂ ਤਾਂ ਪਾਕਿਸਤਾਨ ਨੂੰ ਅਜ਼ਾਦ ਕਰਵਾਉਣ ਲਈ ਤੁਹਾਡੀ ਕੌਮ ਦੇ ਨਾਲ ਲੜਨ ਲਈ ਆਏ ਹਾਂ ਪਰ ਤੁਸੀਂ ਸਾਡੇ ਕੋਲ ਹੀ ਰੱਖਿਆ ਕਰਨ ਦੀ ਮੰਗ ਲੈ ਕੇ ਆ ਗਈਆਂ ਹੋ ਤਾਂ ਉਸਨੇ ਕਿਹਾ ਕਿ ਸਾਨੂੰ ਸਾਡੇ ਵਡੇਰਿਆਂ ਨੇ ਦੱਸਿਆ ਹੈ ਕਿ ਜਿੱਥੇ ਦਸਤਾਰ ਹੋਵੇ ਉੱਥੇ ਕਿਰਦਾਰ ਇੰਨਾ ਉੱਚਾ ਹੁੰਦਾ ਹੈ ਕਿ ਜੇਕਰ ਆਪਣੇ ਆਚਰਣ,ਇੱਜ਼ਤ ਨੂੰ ਬਚਾਉਣਾ ਹੈ ਤਾਂ ਦਸਤਾਰ ਵਾਲਿਆਂ ਦਾ ਆਸਰਾ ਲੈ ਲਿਉ। ਉਸ ਸਮੇਂ ਜੇ ਉਨ੍ਹਾਂ ਬੱਚੀਆਂ ਦੀ ਇੱਜ਼ਤ ਸੁਰੱਖਿਅਤ ਰਹੀ ਤਾਂ ਸਿਰਫ਼ ਉਨ੍ਹਾਂ ਕਰਕੇ ਜਿਹੜੇ ਬੇਸ਼ੱਕ ਦੁਸ਼ਮਣ ਸੀ ਪਰ ਉਨ੍ਹਾਂ ਦੇ ਸਿਰਾਂ ‘ਤੇ ਦਸਤਾਰਾਂ ਸੀ। ਸਿੱਖ ਤਾਂ ਜੰਗ ਦੇ ਮੈਦਾਨ ਵਿੱਚ ਲੜਦਿਆਂ ਵੀ ਜੇ ਦੁਸ਼ਮਣ ਦੀ ਦਸਤਾਰ ਲਹਿ ਜਾਵੇ ਤਾਂ ਆਪਣੀ ਤਲਵਾਰ ਰੋਕ ਲੈਂਦੇ ਹਨ ਤਾਂ ਕਿ ਉਹਨਾਂ ਦਾ ਦੁਸ਼ਮਣ ਪਹਿਲਾਂ ਆਪਣੀ ਦਸਤਾਰ ਸਹੀ ਕਰ ਸਕੇ। ਪਰ ਅੱਜ ਤਾਂ ਅਸੀਂ ਆਪ ਹੀ ਆਪਣੀਆਂ ਦਸਤਾਰਾਂ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਜਦਕਿ ਪੁਰਾਣੇ ਸਮਿਆਂ ‘ਚ ਤਾਂ ਸਿੱਖ ਦੁਸ਼ਮਣ ਦੀਆਂ ਦਸਤਾਰਾਂ ਦਾ ਵੀ ਸਤਿਕਾਰ ਕਰਦੇ ਸਨ। ਦਸਤਾਰ ਦੀ ਸ਼ਾਨ ਕੇਵਲ ਦਸਤਾਰ ਸੋਹਣੀ ਬੰਨਣ ਕਰਕੇ ਹੀ ਨਹੀਂ ਹੁੰਦੀ ਬਲਕਿ ਦਸਤਾਰ ਦੀ ਸ਼ਾਨ ਤਾਂ ਦਸਤਾਰ ਦੇ ਪਿੱਛੇ ਤੁਹਾਡੇ ਉੱਚੇ ਕਿਰਦਾਰ ਤੋਂ ਹੁੰਦੀ ਹੈ।