ਚੰਡੀਗੜ੍ਹ : ਪੰਜਾਬ ਦੇ ਕਾਲਜ ਲੈਕਚਰਾਰਾਂ ਦੇ 7ਵੇਂ ਪੇ ਕਮਿਸ਼ਨ ਬਾਰੇ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਮਾਨ ਸਰਕਾਰ ਨੇ ਇਹ ਵਾਅਦਾ ਕੀਤਾ ਸੀ,ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਾਲਜ ਦੇ ਲੈਕਚਰਾਰਾਂ ਦੇ 7ਵੇਂ ਪੇ ਕਮਿਸ਼ਨ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਦਿਵਸ ਤੇ ਸਾਰੇ ਕਾਲਜ ਅਧਿਆਪਕਾਂ ਲਈ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਯੂਜੀਸੀ ਦੇ ਤਨਖਾਹ ਸਕੇਲ ਨੂੰ ਲਾਗੂ ਕਰਕੇ ਅਧਿਆਪਕ ਦਿਵਸ ਦਾ ਤੋਹਫ਼ਾ ਦੇਣ ਦਾ ਐਲਾਨ ਕੀਤਾ ਸੀ।
ਮਾਨ ਨੇ ਕਿਹਾ ਸੀ ਕਿ ਇਹ ਫੈਸਲਾ 1 ਅਕਤੂਬਰ ਤੋਂ ਲਾਗੂ ਹੋਵੇਗਾ। ਇਹ ਐਲਾਨ ਕਰਦੇ ਹੋਏ ਉਹਨਾਂ ਇਹ ਵੀ ਕਿਹਾ ਸੀ ਕਿ ਇੱਕ ਅਧਿਆਪਕ ਦਾ ਪੁੱਤਰ ਹੋਣ ਦੇ ਨਾਤੇ ਉਹ ਅਧਿਆਪਕਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਮਾਨ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਗੈਸਟ ਫੈਕਲਟੀ ਦੀ ਭਰਤੀ ਕਰਨ ਦੇ ਫੈਸਲੇ ਨਾਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮਿਲੇਗੀ।ਮਾਨ ਨੇ ਕਿਹਾ ਕਿ ਇਸ ਵਰਗ ਦੇ ਅਧਿਆਪਕਾਂ ਦੇ ਮਾਣ ਭੱਤੇ ਵਿੱਚ ਵੀ ਵਾਧਾ ਕੀਤਾ ਜਾਵੇਗਾ।
ਇਹ ਅਧਿਆਪਕ ਅਲਟਰਨੇਟਿਵ ਇਨੋਵੇਟਿਵ ਐਜੂਕੇਸ਼ਨ (AIE) ਅਤੇ ਐਜੂਕੇਸ਼ਨ ਗਰੰਟੀ ਸਕੀਮ (EGS) ਤਹਿਤ ਕੰਮ ਕਰਦੇ ਹਨ। ਇੱਕ ਸਪੈਸ਼ਲ ਟ੍ਰੇਨਰ ਨੂੰ 6,000 ਰੁਪਏ ਪ੍ਰਤੀ ਮਹੀਨਾ, ਇੱਕ ਸਧਾਰਨ ਗ੍ਰੈਜੂਏਟ ਸਿੱਖਿਆ ਪ੍ਰਦਾਤਾ ਨੂੰ 8,500 ਰੁਪਏ, ਬੀਏ ਅਤੇ ਬੈੱਡ ਦੀਆਂ ਡਿਗਰੀਆਂ ਰੱਖਣ ਵਾਲੇ ਨੂੰ 9,500 ਰੁਪਏ ਅਤੇ ਐਮਏ-ਬੈੱਡ ਵਾਲੇ ਅਧਿਆਪਕ ਨੂੰ 11,000 ਰੁਪਏ ਮਿਲਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਪਿਛਲੇ 10-15 ਸਾਲਾਂ ਤੋਂ ਕੰਮ ਕਰ ਰਹੇ ਹਨ।