‘ਦ ਖ਼ਾਲਸ ਬਿਊਰੋ : ਹਿਜਾਬ ਨੂੰ ਲੈ ਕੇ ਹਿਰਾਸਤ ਵਿੱਚ ਲਈ ਵਿਦਿਆਰਥਣ ਮਹਿਸਾ ਅਮੀਨੀ ਦੀ ਮੌਤ ਦੇ 12 ਦਿਨਾਂ ਬਾਅਦ ਵੀ ਇਰਾਨ ਵਿੱਚ ਹੰਗਾਮਾ ਰੁਕਣ ਦਾ ਨਾਂ ਨਹੀਂ ਲੈ ਰਹੇ। ਇਰਾਨ ਵਿੱਚ ਫ਼ੌਜ ਨੇ ਪ੍ਰਦਰਸ਼ਨ ਨੂੰ ਸਮਰਥਨ ਦੇਣ ਵਾਲੇ ਕੁਰਦ ਲੜਾਕੂਆਂ ਉੱਤੇ ਮਿਜ਼ਾਇਲ ਅਤੇ ਡ੍ਰੋਨ ਹਮਲੇ ਸ਼ੁਰੂ ਕਰ ਦਿੱਤੇ ਹਨ। ਇਰਾਨ ਦੀ ਸਟੇਟ ਮੀਡੀਆ ਦੀ ਇੱਕ ਖ਼ਬਰ ਮੁਤਾਬਕ ਇਸਲਾਮਿਕ ਰੈਵੋਲਿਊਸ਼ਨ ਗਾਰਡਸ ਕਾਰਪਸ (IRGC) IRGC ਦਾ ਦੋਸ਼ ਹੈ ਕੁਰਦਿਸਤਾਨ ਦੀ ਕੋਮਲਾ ਪਾਰਟੀ ਦੇਸ਼ ਵਿੱਚ ਚੱਲ ਰਹੇ ਹਿਜਾਬ ਵਿਰੋਧੀ ਹਿੰਸਕ ਪ੍ਰਦਰਸ਼ਨਾਂ ਨੂੰ ਆਪਣਾ ਸਮਰਥਨ ਦੇ ਰਹੀ ਹੈ। ਇਹ ਹਮਲੇ ਕੁਰਦ ਇਲਾਕਿਆਂ ਵਿੱਚ ਅਲੱਗ ਅਲੱਗ 42 ਪੁਆਇੰਟਾਂ ਉੱਤੇ ਕੀਤੇ ਗਏ ਸਨ।
ਸ਼ਨੀਵਾਰ ਨੂੰ ਹਮਲੇ ਸ਼ੁਰੂ ਕਰਨ ਤੋਂ ਬਾਅਦ IRGC ਨੇ ਇੱਕ ਬਿਆਨ ਵਿੱਚ ਕਿਹਾ ਕਿ ਪੁਲਿਸ ਹਿਰਾਸਤ ਵਿੱਚ ਇੱਕ 22 ਸਾਲਾ ਇਰਾਨੀ ਔਰਤ ਦੀ ਮੌਤ ਉੱਤੇ ਜਾਰੀ ਅਸ਼ਾਂਤੀ ਵਿਚਕਾਰ ਇਹ ਕੁਰਦ ਸਮੂਹ ਇਰਾਨ ਵਿੱਚ ਹਥਿਆਰਾਂ ਦੀ ਤਸਕਰੀ ਕਰ ਰਹੇ ਸਨ। IRGC ਨੇ ਦੱਸਿਆ ਕਿ ਕੁਰਦਿਸਤਾਨ ਖੇਤਰੀ ਸਰਕਾਰ ਦੇ ਅਧਿਕਾਰੀਆਂ ਵੱਲੋਂ ਉਚਿਤ ਕਾਰਵਾਈ ਨਾ ਕਰਨ ਕਰਕੇ ਉਨ੍ਹਾਂ ਨੂੰ ਇਹ ਹਮਲੇ ਕਰਨੇ ਪਏ। ਹਾਲਾਂਕਿ, ਇਨ੍ਹਾਂ ਹਮਲਿਆਂ ਵਿੱਚ ਤਿੰਨੇ ਲੋਕਾਂ ਦੀ ਜਾਨ ਗਈ ਹੈ, ਇਸਦੀ ਕੋਈ ਜਾਣਕਾਰੀ ਹੁਣ ਤੱਕ ਸਾਹਮਣੇ ਨਹੀਂ ਆਈ ਹੈ।
ਈਰਾਨ ਦੇ ਕੁਰਦ ਆਬਾਦੀ ਵਾਲੇ ਉੱਤਰ-ਪੱਛਮੀ ਖੇਤਰਾਂ ਵਿੱਚ ਸ਼ੁਰੂ ਹੋਏ ਹਿਜਾਬ ਵਿਰੋਧੀ ਪ੍ਰਦਰਸ਼ਨ ਹੌਲੀ ਹੌਲੀ ਰਾਜਧਾਨੀ ਸਮੇਤ 50 ਸ਼ਹਿਰਾਂ ਅਤੇ ਕਸਬਿਆਂ ਵਿੱਚ ਫੈਲ ਗਏ। ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨ ਗਾਰਡਜ਼ ਕੋਰ ਨੇ ਅਮੀਨੀ ਦੇ ਗ੍ਰਹਿ ਸੂਬੇ ਕੁਰਦਿਸਤਾਨ ‘ਚ ਅਸ਼ਾਂਤੀ ਕਾਰਨ ਕੁਰਦ ਇਲਾਕਿਆਂ ‘ਤੇ ਭਾਰੀ ਬੰਬਾਰੀ ਕੀਤੀ ਹੈ। ਹਮਲੇ ਤੋਂ ਪਹਿਲਾਂ ਆਈਆਰਜੀਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕੁਰਦਿਸ਼ ਇਲਾਕਿਆਂ ਵਿੱਚ ਚੱਲ ਰਹੇ ਵਿਰੋਧ ਖਿਲਾਫ਼ ਕਾਰਵਾਈ ਕਰਨ ਦੀ ਗੱਲ ਕੀਤੀ ਸੀ।
ਇਸਲਾਮਿਕ ਰੈਵੋਲਿਊਸ਼ਨ ਗਾਰਡਜ਼ ਕੋਰ ਨੇ ਈਰਾਨ ਵਿੱਚ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਲਈ ਕੁਰਦ ਲੜਾਕਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਰਕਾਰੀ ਮੀਡੀਆ ਨੇ ਆਈਆਰਜੀਸੀ ਦੇ ਹਵਾਲੇ ਨਾਲ ਦੱਸਿਆ ਕਿ ਕੁਰਦ ਈਰਾਨੀ ਸ਼ਹਿਰਾਂ ਵਿੱਚ ਹਿੰਸਾ ਵਿੱਚ ਸ਼ਾਮਲ ਸਨ। ਆਈਆਰਸੀਜੀ ਨੇ ਦੱਸਿਆ ਕਿ ਲੜਾਕੇ ਦੇਸ਼ ਵਿੱਚ ਚੱਲ ਰਹੇ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਰਾਹੀਂ ਇਸਲਾਮਿਕ ਪਵਿੱਤਰਤਾ ਦਾ ਅਪਮਾਨ ਕਰ ਰਹੇ ਹਨ।
ਹਿਜਾਬ ਦੇ ਖਿਲਾਫ ਵਧਦੇ ਅਸੰਤੋਸ਼ ਤੋਂ ਬਾਅਦ ਸ਼ੁਰੂ ਹੋਏ ਪ੍ਰਦਰਸ਼ਨਾਂ ਨੂੰ ਰੋਕਣ ਲਈ ਪੁਲਿਸ ਭਾਰੀ ਤਾਕਤ ਦੀ ਵਰਤੋਂ ਕਰ ਰਹੀ ਹੈ। ਈਰਾਨ ‘ਚ ਹੋ ਰਹੇ ਹਿਜਾਬ ਵਿਰੋਧੀ ਪ੍ਰਦਰਸ਼ਨਾਂ ‘ਚ ਕਈ ਔਰਤਾਂ ਹਿਜਾਬ ਨੂੰ ਅੱਗ ਲਗਾਉਂਦੀਆਂ ਨਜ਼ਰ ਆ ਰਹੀਆਂ ਹਨ, ਜਿਸ ਕਾਰਨ ਪੁਲਿਸ ਲਗਾਤਾਰ ਪ੍ਰਦਰਸ਼ਨਕਾਰੀਆਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡ ਰਹੀ ਹੈ ਅਤੇ ਗੋਲੀਬਾਰੀ ਕਰ ਰਹੀ ਹੈ। ਸਰਕਾਰੀ ਮੀਡੀਆ ਦੇ ਅੰਕੜਿਆਂ ਮੁਤਾਬਕ ਇਨ੍ਹਾਂ ਪ੍ਰਦਰਸ਼ਨਾਂ ‘ਚ ਹੁਣ ਤੱਕ 41 ਲੋਕਾਂ ਦੀ ਜਾਨ ਜਾ ਚੁੱਕੀ ਹੈ।