ਅੰਮ੍ਰਿਤਸਰ : ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਕਿਹਾ ਕਿ ‘ਪਹਿਲਾਂ ਕਾਂਗਰਸ ਸਰਕਾਰ ਨੇ ਆਪਣੀਆਂ ਕੋਝੀਆਂ ਸਿਆਸੀ ਚਾਲਾਂ ਨਾਲ ਪੰਜਾਬ ਨੂੰ ਭੂਗੋਲਿਕ ਤੌਰ ਤੇ ਟੁਕੜਿਆਂ ਵਿੱਚ ਵੰਡਿਆ ਅਤੇ ਅੱਜ “ਆਪ” ਸਰਕਾਰ ਤੇ ਕੇਂਦਰ ਦੀਆਂ ਏਜੰਸੀਆਂ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੁਕੜੇ ਕਰ ਕੇ ਸਾਡੇ ਧਰਮ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਸੰਬੰਧੀ ਸਮੁੱਚੇ ਸਿੱਖ ਸਮੁਦਾਇ ਨੂੰ ਇੱਕ ਜੁੱਟ ਹੋ ਕੇ ਵਿਰੋਧੀਆਂ ਖ਼ਿਲਾਫ਼ ਡਟਣ ਦੀ ਲੋੜ ਹੈ।‘ ਬੀਤੇ ਦਿਨ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਉਕਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ।
ਬੀਬਾ ਬਾਦਲ ਨੇ ਕਿਹਾ ਕਿ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਬਣਨ ਮਾਮਲੇ ਵਿੱਚ ਖੁੱਲ ਰੋਸ ਜ਼ਾਹਿਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨਾਲ ਹਮੇਸ਼ਾ ਹੀ ਧੱਕਾ ਹੁੰਦਾ ਆ ਰਿਹਾ ਹੈ। ਪਹਿਲਾ ਸੰਤਾਲੀ ਦਾ ਦੁਖਾਂਤ ਵਪਾਰੀਆ ਫਿਰੇ ਪੰਜਾਬ ਦੇ ਟੁਕੜੇ-ਟੁਕੜੇ ਕਰ ਕੇ ਹੋਰ ਸੂਬੇ ਬਣਾਏ ਗਏ ਅਤੇ ਹੁਣ 100 ਸਾਲਾਂ ਵਿੱਚ ਸਿੱਖਾਂ ਉੱਤੇ ਸਭ ਤੋਂ ਵੱਡਾ ਹਮਲਾ ਹੋਇਆ ਹੈ। ਸਿੱਖਾਂ ਨੇ ਸੰਘਰਸ਼ ਕਰ ਕੇ ਇੱਕ ਮਰਿਆਦਾ ਕਾਇਮ ਕੀਤੀ ਅਤੇ ਇਸ ਤੋਂ ਪੂਰੀ ਦੁਨੀਆ ਵਿੱਚ ਸਿੱਖ ਰੌਸ਼ਨੀ ਲੈਂਦੇ ਹਨ। ਅੱਜ ਇਸ ਨੂੰ ਖੇਰੂੰ-ਖੇਰੂੰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪਾਰਲੀਮੈਂਟ ਪ੍ਰਣਾਲੀ ਨੂੰ ਛਿੱਕੇ ਟੰਗ ਕੇ ਅਦਾਲਤ ਰਾਹੀਂ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਾਈ ਗਈ। ਅਦਾਲਤਾਂ ਨੂੰ ਕੋਈ ਅਧਿਕਾਰ ਨਹੀਂ, ਇਹ ਚੁਣੀ ਹੋਈ ਸਿੱਖਾਂ ਦੀ ਕਮੇਟੀ ਨੂੰ ਕਮਜ਼ੋਰ ਕਰਨ ਦੀ ਬਹੁਤ ਵੱਡੀ ਸਾਜ਼ਿਸ਼ ਹੈ। ਹੁਣ ਗੱਲ ਇੱਥੇ ਹੀ ਨਹੀਂ ਰੁਕਣੀ ਬਲਕਿ ਪੰਜਾਬ ਦੇ ਪਿੰਡਾਂ ਵਿੱਚ ਵੀ ਵੱਖ-ਵੱਖ ਕਮੇਟੀਆਂ ਬਣਨਾ ਸ਼ੁਰੂ ਹੋ ਜਾਣਗੀਆਂ। ਇਸ ਨਾਲ ਭਰਾ ਮਾਰੂ ਜੰਗ ਸ਼ੁਰੂ ਹੋਣ ਕਾਰਨ ਸਿੱਖ ਪੰਥ ਨੂੰ ਨੁਕਸਾਨ ਹੋ ਹੋਵੇਗਾ।
ਬੀਬਾ ਬਾਦਲ ਨੇ ਕਿਹਾ ਕਿ ਐਸਜੀਪੀਸੀ ਨੂੰ ਕਮਜ਼ੋਰ ਕਰਨ ਲਈ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦਾ ਪੱਖ ਪੂਰਿਆ ਅਤੇ ਫੇਰ ਆਮ ਆਦਮੀ ਪਾਰਟੀ ਨੇ ਵੀ ਹਰਿਆਣਾ ਦੀ ਬੋਲੀ ਬੋਲੀ। ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਐਕਟ ਨੂੰ ਸਿਰਫ਼ ਪਾਰਲੀਮੈਂਟ ਵੱਲੋਂ ਹੀ ਸੋਧਿਆ ਜਾ ਤੋੜਿਆ ਜਾ ਸਕਦਾ ਹੈ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਅਦਾਲਤ ਨੇ ਆਪਣੇ ਤੌਰ ’ਤੇ ਇੱਕ ਨਵਾਂ ਕਾਨੂੰਨ ਬਣਾ ਦਿੱਤਾ ਹੈ। ਹੁਣ ਸਿੱਖ ਮਰਿਆਦਾ ਨੂੰ ਬਚਾਉਣ ਦਾ ਵੇਲਾ ਆ ਗਿਆ ਹੈ। ਸਿੱਖਾਂ ਦੀ ਲੜਨ ਵਾਲੀ ਇੱਕੋ-ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਵੋ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ‘ਕੇਂਦਰ ਦੀਆਂ ਸਿੱਖ ਵਿਰੋਧੀ ਏਜੰਸੀਆਂ ਅਤੇ ਕੁਝ ਝੂਠੇ ਸਿੱਖੀ ਸਰੂਪ ਵਿੱਚ ਘੁੰਮ ਰਹੇ ਪੰਥ ਦੇ ਦੋਖੀ ਬਹਿਰੂਪੀਆਂ ਦੁਆਰਾ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੁਫਾੜ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਸਿੱਖ ਧਰਮ ਨੂੰ ਨੁਕਸਾਨ ਪਹੁੰਚਾਉਣ ਲਈ ਰਚਿਆ ਗਿਆ ਬਹੁਤ ਵੱਡਾ ਛੜਯੰਤਰ ਹਨ। ਸਾਡੇ ਧਰਮ ਉੱਤੇ ਕੀਤੇ ਜਾ ਰਹੇ ਇਸ ਹਮਲੇ ਵਿਰੁੱਧ ਸਾਨੂੰ ਸਭ ਨੂੰ ਇੱਕਜੁਟ ਹੋ ਕੇ ਲੜ੍ਹਨਾ ਪਵੇਗਾ ਨਹੀਂ ਤਾਂ ਸਿੱਖੀ ਦੇ ਦੁਸ਼ਮਣ ਸਾਰੀ ਕੌਮ ਨੂੰ ਅੱਗੇ ਤੋਂ ਅੱਗੇ ਹੋਰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ।’