ਚੰਡੀਗੜ : ਪੰਜਾਬ ਵਿਧਾਨ ਸਭਾ ਦੀ ਬੈਠਕ ਜਦੋਂ ਦੁਬਾਰਾ ਸ਼ੁਰੂ ਹੋਈ ਤਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕਾਰਜ ਸਲਾਹਕਾਰ ਕਮੇਟੀ ਦੀ ਰਿਪੋਰਟ ਵਿੱਚ ਦਰਜ ਸਿਫਾਰਸ਼ਾਂ ਨਾਲ ਸਹਿਮਤੀ ਬਾਰੇ ਪ੍ਰਸਤਾਵ ਪੇਸ਼ ਕੀਤਾ,ਜਿਸ ਤੋਂ ਬਾਅਦ ਵਿਧਾਨ ਸਭਾ ਵਿੱਚ ਬਹਿਸ ਸ਼ੁਰੂ ਹੋ ਗਈ ਤੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਬੋਲਣ ਤੋਂ ਪਹਿਲਾਂ ਹੀ ਹੰਗਾਮਾ ਸ਼ੁਰੂ ਕਰ ਦਿੱਤਾ ।
ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦੱਸਿਆ ਕਿ ਵਿਧਾਨ ਸਭਾ ਦਾ ਵਿਸ਼ੇਸ਼ 3 ਅਕਤੂਬਰ ਤੱਕ ਚੱਲੇਗਾ ਸੈਸ਼ਨ। ਇਸ ਲਈ BAC ਦੀ ਮਨਜ਼ੂਰੀ ਮਿਲ ਚੁੱਕੀ ਹੈ।29 ਅਤੇ 30 ਸਤੰਬਰ ਨੂੰ ਸੈਸ਼ਨ ਦੀ ਕਾਰਵਾਈ ਤੋਂ ਬਾਅਦ 1 ਅਤੇ 2 ਅਕਤੂਬਰ ਨੂੰ ਛੁੱਟੀ ਰਹੇਗੀ ਅਤੇ ਇਸ ਤੋਂ ਬਾਅਦ 3 ਅਕਤੂਬਰ ਨੂੰ ਸੈਸ਼ਨ ਦਾ ਆਖਰੀ ਦਿਨ ਹੋਵੇਗਾ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਵਿਸ਼ਵਾਸ ਪ੍ਰਸਤਾਵ ਪੇਸ਼ ਕਰਨ ਲਈ ਕਿਹਾ,ਜਿਸ ਮਗਰੋਂ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ ।
ਵਿਸ਼ਵਾਸ ਪ੍ਰਸਤਾਵ ਨੂੰ ਪੇਸ਼ ਕੀਤੇ ਜਾਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਦਾ ਵਿਰੋਧ ਕੀਤਾ ਤੇ ਕਿਹਾ ਹੈ ਕਿ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਇਸ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਹੈ ? ਇਹ ਸੰਵਿਧਾਨ ਦੇ ਖਿਲਾਫ ਹੈ। ਜਿਹੜੇ ਮੁੱਦਿਆਂ ਨੂੰ ਲੈ ਕੇ ਇਹ ਵਿਧਾਨ ਸਭਾ ਇਜਲਾਸ ਰੱਖਣ ਦੀ ਗੱਲ ਹੋਈ ਹੈ,ਉਹਨਾਂ ਨੂੰ ਪਾਸੇ ਰੱਖ ਕੇ ਪਹਿਲਾਂ ਹੀ ਸਰਕਾਰ ਵੱਲੋਂ ਇਹ ਮਤਾ ਕਿਸ ਤਰਾਂ ਲਿਆਂਦਾ ਜਾ ਸਕਦਾ ਹੈ?
ਇਸ ਤੋਂ ਬਾਅਦ ਸਲਾਹਕਾਰ ਕਮੇਟੀ ਦੀ ਰਿਪੋਰਟ ਵਿੱਚ ਦਰਜ ਸਿਫਾਰਸ਼ਾਂ ਨਾਲ ਸਹਿਮਤੀ ਬਾਰੇ ਪ੍ਰਸਤਾਵ ਪਾਸ ਹੋ ਗਿਆ ਤੇ ਜਿਵੇਂ ਹੀ ਮੁੱਖ ਮੰਤਰੀ ਪੰਜਾਬ ਨੇ ਵਿਸ਼ਵਾਸ ਪ੍ਰਸਤਾਵ ਵਿਧਾਨ ਸਭਾ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ,ਫਿਰ ਤੋਂ ਹੰਗਾਮਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਨੂੰ 15 ਮਿੰਟ ਲਈ ਮੁਲਤਵੀ ਕਰ ਦਿੱਤਾ ਹੈ।
ਇਸ ਤੋਂ ਬਾਅਦ ਵਿਧਾਇਕ ਅਮਨ ਅਰੋੜਾ ਨੇ ਵਿਸ਼ਵਾਸ ਮਤੇ ‘ਤੇ ਬੋਲਣਾ ਸ਼ੁਰੂ ਕੀਤਾ ਤਾਂ ਵਿਰੋਧੀ ਧਿਰ ਨੇ ਫਿਰ ਤੋਂ ਹੰਗਾਮਾ ਸ਼ੁਰੂ ਕਰ ਦਿੱਤਾ । ਵਿਧਾਇਕ ਅਮਨ ਅਰੋੜਾ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਰਿਆਂ ਨੂੰ ਸ਼ਾਂਤੀ ਨਾਲ ਬੈਠਣ ਦੀ ਅਪੀਲ ਕੀਤੀ ਪਰ ਵਿਰੋਧ ਜਾਰੀ ਰਿਹਾ। ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸ ਦੇ ਸਮੂਹ ਵਿਧਾਇਕਾਂ ਨੂੰ ਸੈਸ਼ਨ ਤੋਂ ਬਾਹਰ ਕੱਢਣ ਦਾ ਹੁਕਮ ਕੀਤਾ ਤੇ ਵਿਧਾਨ ਸਭਾ ਸੈਸ਼ਨ ਨੂੰ 10 ਮਿੰਟ ਲਈ ਮੁਲਤਵੀ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਪਾਰਟੀਆਂ ‘ਤੇ ਵਰਦਿਆਂ ਕਿਹਾ ਹੈ ਕਿ ਕਾਂਗਰਸ ਪਹਿਲਾਂ ਆਪਣਾ ਘਰ ਸਾਂਭੇ। ਉਹਨਾਂ ਕਾਂਗਰਸ ‘ਤੇ ਇਲਜ਼ਾਮ ਲਗਾਇਆ ਕਿ ਆਪਰੇਸ਼ਨ ਲੋਟਸ ਕਾਮਯਾਬ ਹੋਣ ‘ਤੇ ਕਾਂਗਰਸ ਨੂੰ ਵੀ ਲੁਕਵਾਂ ਫਾਇਦਾ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਵਿਧਾਨ ਸਭਾ ਸੈਸ਼ਨ ਵਿਚ ਵਿਘਨ ਪਾਉਣ ਕਰਕੇ ਕਾਂਗਰਸ ਦੇ ਸਮੂਹ ਮੈਂਬਰਾਂ ਨੂੰ ਵਿਧਾਨ ਸਭਾ ਸੈਸ਼ਨ ਵਿਚੋਂ ਬਾਹਰ ਕੱਢਣ ਦੇ ਹੁਕਮ ਦੇਣ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਵਿਧਾਨ ਸਭਾ ਵਿੱਚ ਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਤੇ ਇਸ ‘ਤੇ ਬਹਿਸ ਸ਼ੁਰੂ ਹੋਈ। ਮੁੱਖ ਮੰਤਰੀ ਪੰਜਾਬ ਨੇ ਬੋਲਦਿਆਂ ਕਿਹਾ ਕਿ ਲੋਕਤੰਤਰ ਲੋਕਾਂ ਲਈ ਹੁੰਦਾ ਹੈ। ਇਹ ਇੱਕ ਪਾਸੜ ਨਹੀਂ ਹੋ ਸਕਦਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਇਜਾਜ਼ਤ ਦੇ ਨਾਲ ਸਰਕਾਰ ਵੱਲੋਂ ਭਰੋਸਗੀ ਮਤਾ ਲਿਆਂਦਾ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਜਿਵੇਂ ਗੁਲਦਸਤੇ ਵਿੱਚ ਇੱਕੋ ਜਿਹੇ ਫੁੱਲ ਹੋਣ ਤਾਂ ਦੇਖਣ ਵਾਲੇ ਨੂੰ ਚੰਗਾ ਨਹੀਂ ਲੱਗਦਾ। ਇਸੇ ਤਰਾਂ ਵਖਰੇਵੇਂ ਜਰੂਰੀ ਹਨ ਤੇ ਇੱਕ ਚੰਗਾ ਵਿਰੋਧੀ ਧਿਰ ਹੋਣਾ ਵੀ ਜ਼ਰੂਰੀ ਹੈ। ਅੱਜ ਵਿਰੋਧੀ ਧਿਰ ਦੀ ਭੂਮਿਕਾ ‘ਤੇ ਬੋਲਦਿਆਂ ਉਹਨਾਂ ਕਿਹਾ ਕਿ ਹਰ ਇੱਕ ਵਿਧਾਇਕ ਨੂੰ ਵਿਧਾਨ ਸਭਾ ਵਿੱਚ ਬੋਲਣ ਦਾ ਮੌਕਾ ਮਿਲਦਾ ਹੈ। ਸੋਚ ਵਿੱਚ ਵਖਰੇਂਵੇ ਹੋ ਸਕਦੇ ਹਨ। ਸਾਡੇ ਕੋਲ ਮਹਾਤਮਾ ਬੁੱਧ ਵੇਲੇ ਦਾ ਲੋਕਤੰਤਰ ਹੈ ।
ਵਿਰੋਧੀ ਧਿਰ ‘ਤੇ ਵਰਦਿਆਂ ਉਹਨਾਂ ਕਿਹਾ ਕਿ ਬੜਾ ਚੰਗਾ ਹੁੰਦਾ ਜੇ ਉਹ ਵੀ ਇਸ ਬੈਠਕ ਵਿੱਚ ਹੁੰਦੇ ਤੇ ਉਹਨਾਂ ਨਾਲ ਅੱਖ ਮਿਲਾ ਕੇ ਗੱਲ ਹੁੰਦੀ ਪਰ ਸ਼ਾਇਦ ਉਹ ਇਸ ਲਾਇਕ ਰਹੇ ਹੀ ਨਹੀਂ ਹਨ। ਵਿਸ਼ਵਾਸ ਮਤੇ ‘ਤੇ ਬੋਲਦਿਆਂ ਉਹਨਾਂ ਕਿਹਾ ਕਿ ਅਸੀਂ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਲੋਕਾਂ ਦਾ ਵਿਸ਼ਵਾਸ ਸਾਡੇ ਨਾਲ ਹੈ। 3 ਅਕਤੂਬਰ ਤੱਕ ਸੈਸ਼ਨ ਵੱਧ ਗਿਆ ਹੈ ਪਰ ਵਿਰੋਧੀ ਧਿਰ ਨੇ ਤਾਂ ਵਿਧਾਨ ਸਭਾ ਪਹਿਲੇ ਦਿਨ ਹੀ ਨਹੀਂ ਚੱਲਣ ਦਿੱਤੀ ਹੈ। ਕਾਂਗਰਸ ਨੂੰ ਹਾਰ ਬਰਦਾਸ਼ਤ ਨਹੀਂ ਹੋ ਰਹੀ ਹੈ।
ਉਹਨਾਂ ਇਹ ਵੀ ਕਿਹਾ ਕਿ ਸਾਡੇ ਵਿਧਾਇਕਾਂ ਨੂੰ ਰੋਜ ਖਰੀਦਣ ਦੀ ਗੱਲ ਹੋ ਰਹੀ ਹੈ।ਕਾਂਗਰਸ ਨਾਲ ਵੀ ਇਹ ਹੋਇਆ ਹੈ।ਇਸ ਦੇ ਬਾਵਜੂਦ ਉਹ ਸਾਡਾ ਸਾਥ ਨੀ ਦੇ ਰਹੇ। ਸੋ ਲਗਦਾ ਹੈ ਕਿ ਦਾਲ ਵਿੱਚ ਕੁਝ ਕਾਲਾ ਨਹੀਂ, ਸਗੋਂ ਸਾਰੀ ਦਾਲ ਹੀ ਕਾਲੀ ਹੈ ਤੇ ਨਾਲ ਹੀ ਇਸ ਵਿੱਚ ਹੋਰ ਵੀ ਕੋਕੜੂ ਆ ਗਏ ਹਨ।ਹੈਰਾਨੀ ਦੀ ਗੱਲ ਹੈ ਕਿ ਇਹ ਆਪਰੇਸ਼ਨ ਲੋਟਸ ਦੇ ਪੱਖ ਵਿੱਚ ਖੜੇ ਹਨ ਤੇ ਰੱਲੇ ਹੋਏ ਹਨ। ਆਪਰੇਸ਼ਨ ਲੋਟਸ ਦਾ ਮਾਮਲਾ ਭੱਖਣ ਤੋਂ ਬਾਅਦ ਇਹਨਾਂ ਇਧਰ ਚਿੱਠੀ ਲਿਖੀ ਤੇ ਉਧਰ ਗੋਆ ਵਿੱਚ ਇਹਨਾਂ ਦੇ 8 ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ।
ਮਾਨ ਨੇ ਤੰਜ ਕਸਦਿਆਂ ਕਿਹਾ ਕਿ ਲੱਗਦਾ ਹੈ ਕਿ ਕਾਂਗਰਸ ਹੁਣ ਵਿਧਾਇਕ ਵੇਚ ਕੇ ਗੁਜ਼ਾਰਾ ਕਰ ਰਹੀ ਹੈ। ਇਹ ਭਾਰਤ ਜੋੜੋ ਅੰਦੋਲਨ ਦੀ ਗੱਲ ਕਰ ਰਹੇ ਹਨ ਪਰ ਰਾਜਸਥਾਨ ਇਹਨਾਂ ਤੋਂ ਸਾਂਭਿਆ ਨਹੀਂ ਜਾ ਰਿਹਾ।ਉਹਨਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਘੇਰਿਆ ਤੇ ਕਿਹਾ ਕਿ ਇਸ ਮਾਮਲੇ ਵਿੱਚ ਸਾਡੇ ਨਾਲੋਂ ਜਿਆਦਾ ਚਿੰਤਾ ਇਹਨਾਂ ਨੂੰ ਹੈ । ਉਹਨਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵੀ ਤਾਰੀਫ ਕੀਤੀ।
ਭਾਜਪਾ ‘ਤੇ ਵਰਦਿਆਂ ਉਹਨਾਂ ਕਿਹਾ ਕਿ ਇਸ ਪਾਰਟੀ ਦਾ ਕੰਮ ਹੀ ਵਿਧਾਇਕਾਂ ਨੂੰ ਤੋੜ ਕੇ ਸਰਕਾਰਾਂ ਡੇਗਣ ਦਾ ਹੈ। ਬੀਜੇਪੀ ਇੱਕ ਤਰਾਂ ਨਾਲ ਮ੍ਰਿਗ ਤ੍ਰਿਸ਼ਨਾ ਦਾ ਸ਼ਿਕਾਰ ਹੋ ਗਈ ਹੈ। ਪੰਜਾਬ ਵਿੱਚ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਤੋਂ ਪਹਿਲਾਂ ਦਿੱਲੀ ਵਿੱਚ ਵੀ ਇਹ ਕੋਸ਼ਿਸ਼ ਹੋਈ ਹੈ ਪਰ ਸਾਡੇ ਵਿਧਾਇਕ ਵਿਕਾਉ ਨਹੀਂ ਹਨ ।
ਲੋਕਾਂ ਨੇ ਜੋ ਫੈਸਲਾ ਦਿੱਤਾ ਹੈ,ਵਿਰੋਧੀ ਧਿਰਾਂ ਉਸ ਤੋਂ ਤਕਲੀਫ ਵਿੱਚ ਹਨ। ਇਹਨਾਂ ਨੂੰ ਆਪਣਾ ਅੰਦਰ ਦੇਖਣਾ ਚਾਹਿਦਾ ਹੈ ਕਿ ਕਿਉਂ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ।ਇਨਾਂ ਨੇ ਵਾਰੀਆਂ ਬੰਨੀਆਂ ਹੋਈਆਂ ਸਨ 5-5 ਸਾਲਾਂ ਲਈ ਪਰ ਇਸ ਵਾਰ ਪੰਜਾਬ ਦੇ ਲੋਕਾਂ ਨੇ ਵਾਰੀ ਬੰਨੀ ਹੈ। ਇਹਨਾਂ ਨੇ 75 ਸਾਲਾਂ ਵਿੱਚ ਕੁਝ ਨਹੀਂ ਕੀਤਾ ਹੈ ਪਰ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਦੇਖ ਕੇ ਇਹਨਾਂ ਨੂੰ ਜਲਨ ਹੋ ਰਹੀ ਹੈ। ਇਸ ਲਈ ਇਹ ਵਿਸ਼ਵਾਸ ਮਤ ਲਿਆਂਦਾ ਗਿਆ ਹੈ।
ਪੰਜਾਬ ਵਿੱਚ ਲੋਕਾਂ ਨੂੰ ਹੁਣ ਨਵਾਂ ਮੁਹਾਂਦਰਾ ਦਿਖਣਾ ਸ਼ੁਰੂ ਹੋ ਗਿਆ ਹੈ। ਸਾਡੀਆਂ ਕੋਸ਼ਿਸ਼ਾਂ ਜਾਰੀ ਹਨ। ਮੁੱਖ ਮੰਤਰੀ ਮਾਨ ਨੇ ਆਪਣੇ ਵਿਧਾਇਕਾਂ ਬਾਰੇ ਬੋਲਦਿਆਂ ਕਿਹਾ ਹੈ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਪਹਿਲੀ ਵਾਰ ਵਿਧਾਇਕ ਬਣੇ ਹਨ ਤੇ ਮੈਨੂੰ ਯਕੀਨ ਹੈ ਕਿ ਇਹ ਸਾਰੇ ਆਮ ਲੋਕਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਣਗੇ।
ਵਿਰੋਧੀ ਧਿਰ ‘ਤੇ ਵਰਦਿਆਂ ਉਹਨਾਂ ਕਿਹਾ ਕਿ ਇਹਨਾਂ ਦਾ ਕੰਮ ਹੀ ਬਣ ਗਿਆ ਹੈ ਨੁਕਸ ਕੱਢਣਾ ਪਰ ਪੰਜਾਬ ਦੇ ਲੋਕ ਇਹਨਾਂ ਨੂੰ ਚੰਗੀ ਤਰਾਂ ਜਾਣਦੇ ਹਨ ਤੇ ਸਭ ਸਮਝਦੇ ਹਨ । ਲੋਕਾਂ ਦਾ ਵਿਸ਼ਵਾਸ ਕਾਇਮ ਰੱਖਣ ਲਈ ਵਿਸ਼ਵਾਸ ਮਤਾ ਜਰੂਰੀ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ‘ਤੇ ਵਰਦਿਆਂ ਉਹਨਾਂ ਕਾਂਗਰਸ ਨੂੰ ਸਵਾਲ ਕੀਤਾ ਕਿ ਉਹਨਾਂ ਦਾ ਮੁੱਖ ਮੰਤਰੀ ਕਿਥੇ ਹਨ ? ਬਹੁਤ ਸਾਰੇ ਮਸਲਿਆਂ ਬਾਰੇ ਉਹਨਾਂ ‘ਤੇ ਵੀ ਸਵਾਲ ਉਠਦੇ ਹਨ ਪਰ ਉਹ ਲੱਭ ਹੀ ਨਹੀਂ ਰਹੇ। ਇਸ ਦਾ ਮਤਲਬ ਇਹ ਹੋਇਆ ਕਿ ਕਾਂਗਰਸ ਦਾ ਮੁੱਖ ਮੰਤਰੀ ਉਦੋਂ ਤੱਕ ਹੀ ਦਾਗ ਰਹਿਤ ਹੈ,ਜਦੋਂ ਤੱਕ ਉਹ ਸੱਤਾ ਵਿੱਚ ਹੈ। ਇਸ ਪਾਰਟੀ ਦਾ ਕੋਈ ਪ੍ਰਧਾਨ ਬਣਨ ਨੂੰ ਤਿਆਰ ਨਹੀਂ ਹੈ।
ਉਹਨਾਂ ਕਾਂਗਰਸ ‘ਤੇ ਸਿੱਧਾ ਇਲਜ਼ਾਮ ਲਗਾਇਆ ਕਿ ਇਹ ਭਾਜਪਾ ਨਾਲ ਰਲੇ ਹੋਏ ਹਨ। ਭਾਰਤ ਯਾਤਰਾ ਵੀ ਉਹਨਾਂ ਸੂਬਿਆਂ ਵਿੱਚੋਂ ਹੋ ਕੇ ਨਹੀਂ ਜਾ ਰਹੀ ,ਜਿਥੇ ਵੋਟਾਂ ਹਨ।ਇਸ ‘ਤੇ ਵੀ ਸ਼ੰਕੇ ਖੜੇ ਹੁੰਦੇ ਹਨ।ਆਪਣੀ ਤਕਰੀਰ ਦੇ ਅਖੀਰ ਵਿੱਚ ਉਹਨਾਂ ਕਿਹਾ ਕਿ ਇਹ ਲੋਕਾਂ ਦੀ ਆਵਾਜ਼ ਹੈ,ਜੋ ਕਿ ਮਾਈਕ ਰਾਹੀਂ ਤੇ ਵੀਡੀਉ ਰਾਹੀਂ ਸਾਰੇ ਪਾਸੇ ਪਹੁੰਚ ਰਹੀ ਹੈ। ਲੋਕਾਂ ਨੂੰ ਸਾਡੇ ‘ਤੇ ਯਕੀਨ ਹੈ ਤੇ ਇਸ ਯਕੀਨ ਨੂੰ ਕਾਇਮ ਰੱਖਣਾ ਸਾਡਾ ਫਰਜ ਹੈ।
ਇਸ ਤੋਂ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੀ ਆਵਾਜ਼ ਹੀ ਲੋਕਾਂ ਦੀ ਆਵਾਜ਼ ਹੈ ਤੇ ਮਾਨ ਨੇ ਆਮ ਲੋਕਾਂ ਦੇ ਦਿਲ ਦੀ ਹੀ ਗੱਲ ਕੀਤੀ ਹੈ। ਪੰਜਾਬ ਦੇ ਸਾਰੇ ਵਿਧਾਇਕ ਇਕਜੁਟ ਹਨ ਤੇ ਮਾਨ ਸਾਹਿਬ ਦੀ ਅਗਵਾਈ ਵਿੱਚ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ ਵਚਨਬੱਧ ਹਨ। ਉਹਨਾਂ ਕਿਹਾ ਹੈ ਕਿ ਸਾਰੇ ਭਾਰਤ ਵਿੱਚ ਕਾਂਗਰਸ ਦੀ ਆਪਣੀ ਹਾਲਤ ਪਤਲੀ ਹੋਈ ਪਈ ਹੈ । ਵਿਧਾਇਕ ਅਰੋੜਾ ਨੇ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਲਈ ਤੇ ਆਪਣਾ ਬਹੁਮਤ ਸਾਬਤ ਕਰਨ ਲਈ ਸਰਕਾਰ ਕੋਲ ਹੱਕ ਹੈ ਕਿ ਉਹ ਭਰੋਸਾ ਮਤਾ ਲਿਆ ਸਕਦੀ ਹੈ। ਭਾਰਤ ਵਿੱਚ ਅਣਗਿਣਤ ਵਾਰ ਇਹ ਮਤਾ ਪੇਸ਼ ਹੋ ਚੁੱਕਾ ਹੈ।
ਪੰਜਾਬ ਸਰਕਾਰ ਜੇਕਰ ਲੋਕਤੰਤਰ ਨੂੰ ਮਜਬੂਤ ਰੱਖਣ ਲਈ ਇਹ ਕਰ ਰਹੀ ਹੈ ਤਾਂ ਕਾਂਗਰਸ ਨੂੰ ਕਿਉਂ ਮੁਸ਼ਕਿਲ ਆ ਰਹੀ ਹੈ? ਉਹਨਾਂ ਇਹ ਵੀ ਸਵਾਲ ਖੜਾ ਕੀਤਾ ਕਿ ਬਾਜਵਾ ਤੇ ਬੜਿੰਗ ਦੋਨੋਂ ਇਲਜ਼ਾਮ ਲਗਾ ਰਹੇ ਹਨ ਕਿ ਆਪ ਦੇ ਕਈ ਵਿਧਾਇਕ ਛੱਡ ਕੇ ਜਾ ਰਹੇ ਹਨ ਪਰ ਇਹਨਾਂ ਦੀ ਆਪਣੀ ਪਾਰਟੀ ਕਿਉਂ ਖਿਲਰੀ ਹੋਈ ਹੈ? ਉਹਨਾਂ ਦਾਅਵਾ ਕੀਤਾ ਕਿ ਆਪ ਦੇ ਸਾਰੇ ਵਿਧਾਇਕ ਇੱਕ ਹਨ ਤੇ ਇਸ ਤਰਾਂ ਦੀ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਵੀ ਹਨ।
ਇਸ ਤੋਂ ਬਾਅਦ ਪਟਿਆਲਾ ਤੋਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਲੇ ਵਿਧਾਨ ਸਭਾ ਵਿੱਚ ਅਪੀਲ ਕੀਤੀ ਕਿ ਵਿਰੋਧੀ ਧਿਰ ਨੂੰ ਵਾਪਸ ਵਿਧਾਨ ਸਭਾ ਵਿੱਚ ਲਿਆਂਦਾ ਜਾਵੇ ਤਾਂ ਜੋ ਇੱਕ ਚੰਗੀ ਬਹਿਸ ਹੋ ਸਕੇ ।
ਇਸ ਗੱਲ ਦੀ ਹਾਮੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਭਰੀ । ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਤੇ ਹੁਣ ਵਿਧਾਨ ਸਭਾ ਦੀ ਬੈਠਕ 29 ਸਤੰਬਰ ਨੂੰ ਹੋਵੇਗੀ।