ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ(Arvind Kejriwal) ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ(pm narendra modi) ਅਤੇ ਭਾਰਤੀ ਜਨਤਾ ਪਾਰਟੀ(BJP) ’ਤੇ ਤਿੱਖਾ ਹਮਲਾ ਕਰਦੇ ਹੋਏ ਦੋਸ਼ ਲਗਾਇਆ ਕਿ ਉਹ ਭ੍ਰਿਸ਼ਟਾਚਾਰ ਨਾਲ ਲੜਨ ਦੇ ਨਾਂ ’ਤੇ ਆਮ ਆਦਮੀ ਪਾਰਟੀ ਨੂੰ ਦਰੜਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਗੁਜਰਾਤ ਚੋਣਾਂ ਵਿੱਚ ਹਾਰ ਦਾ ਡਰ ਹੈ। ‘ਆਪ’ ਦੇ ਚੁਣੇ ਹੋਏ ਪ੍ਰਤੀਨਿਧਾਂ ਦੇ ਪਹਿਲੇ ਕੌਮੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਇਹ ਦੋਸ਼ ਵੀ ਲਗਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਮੰਤਰੀਆਂ ਅਤੇ ਆਗੂਆਂ ਨੂੰ ਮੋਦੀ ਸਰਕਾਰ ਭ੍ਰਿਸ਼ਟਾਚਾਰ ਦੇ ਝੂਠੇ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਭਾਜਪਾ ‘‘ਗੁਜਰਾਤ ਵਿੱਚ ‘ਆਪ’ ਦੀ ਵਧਦੀ ਹਰਮਨਪਿਆਰਤਾ ਨੂੰ ਹਜ਼ਮ ਨਹੀਂ ਕਰ ਸਕ ਰਹੀ ਹੈ।
ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਭਾਜਪਾ ਗੁਜਰਾਤ ਵਿਧਾਨ ਸਭਾ ਦੇ ਮੱਦੇਨਜ਼ਰ ‘ਆਪ’ ਦੇ ਵਧਦੇ ਪ੍ਰਭਾਵ ਤੋਂ ਇਸ ਤਰ੍ਹਾਂ ਘਬਰਾ ਗਈ ਹੈ ਕਿ ਪ੍ਰਧਾਨ ਮੰਤਰੀ ਦੇ ਸਲਾਹਕਾਰ ਹਿਰੇਨ ਜੋਸ਼ੀ ਨੇ ਕਈ ਟੀਵੀ ਚੈਨਲਾਂ ਦੇ ਮਾਲਕਾਂ ਤੇ ਉਨ੍ਹਾਂ ਦੇ ਸੰਪਾਦਕਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੰਦੇ ਹੋਏ ਗੁਜਰਾਤ ਵਿੱਚ ‘ਆਪ’ ਨੂੰ ਕਵਰੇਜ ਨਾ ਦੇਣ ਲਈ ਕਿਹਾ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਭਾਜਪਾ ਨੇ ਆਪ੍ਰੇਸ਼ਨ ਲੋਟਸ ਫੇਜ਼-2 ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਤੋਂ ਵਿਧਾਇਕਾਂ ਕੋਲ ਫੋਨ ਆ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਤੁਹਾਡਾ ਵੀ ਅਮਾਨਤੁੱਲਾ ਖ਼ਾਨ ਵਰਗਾ ਹਾਲ ਹੋਵੇਗਾ। ਸੀਬੀਆਈ ਅਤੇ ਈਡੀ ਨੂੰ ਵੀ ਤੁਹਾਡੇ ਪਿੱਛੇ ਲਗਾਵਾਂਗੇ। ਕੇਜਰੀਵਾਲ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ਤੱਕ ਸਾਰਿਆਂ ਨੂੰ ਜੇਲ੍ਹ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਲੋਕ ਹੁਣ ਮਨੀਸ਼ ਸਿਸੋਦੀਆ, ਕੈਲਾਸ਼ ਗਹਿਲੋਤ ਅਤੇ ਪਾਰਟੀ ਦੇ ਕਈ ਨੇਤਾਵਾਂ ਨੂੰ ਗ੍ਰਿਫਤਾਰ ਕਰ ਲੈਂਦੇ ਹਨ ਪਰ ਫਿਰ ਵੀ ਉਹ ਸਾਡਾ ਨੁਕਸਾਨ ਨਹੀਂ ਕਰ ਸਕਣਗੇ। ਇਸ ਸੰਮੇਲਨ ਵਿੱਚ ਪੰਜਾਬ ਤੋਂ ਵੀ ਆਮ ਆਦਮੀ ਪਾਰਟੀ ਦੇ ਕਈ ਆਗੂ ਪਹੁੰਚੇ ਹੋਏ ਸਨ।