ਚੰਡੀਗੜ੍ਹ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਆਪ ਸਰਕਾਰ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ। ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਗੰਭੀਰ ਦੋਸ਼ ਲਾਏ ਹਨ ਕਿ ਵਿਧਾਇਕਾਂ ਦੀ ਖਰੀਦ ਫਰੋਖਤ ਹੋਈ ਹੈ। ਇਸ ਬਾਰੇ ਬੀਤੇ ਦਿਨ ਆਪ ਵਿਧਾਇਕਾਂ ਦੇ ਵਫਦ ਨੇ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਵੀ ਕੀਤੀ ਹੈ ਪਰ ਆਪ ਸਰਕਾਰ ਨੇ ਨਾ ਤਾਂ ਇਸ ਕੇਸ ਸਬੰਧੀ ਦਰਜ ਹੋਈ ਐਫਆਈਆਰ ਹੀ ਜਨਤਕ ਕੀਤੀ ਹੈ ਤੇ ਨਾ ਹੀ ਭਾਜਪਾ ਦੇ ਕਿਸੇ ਆਗੂ ਜਾਂ ਕਿਸੇ ਵਿਚੋਲੇ ਖਿਲਾਫ ਕੋਈ ਕਾਰਵਾਈ ਹੋਈ ਹੈ।
ਉਹਨਾਂ ਕਿਹਾ ਕਿ ਪੰਜਾਬ ਵਿਚ ਕਦੇ ਵੀ ਇਸ ਪੱਧਰ ’ਤੇ ਰਿਸ਼ਵਤਖੋਰੀ ਦੇ ਦੋਸ਼ ਨਹੀਂ ਲੱਗੇ ਅਤੇ ਮਾਮਲੇ ਵਿਚ ਪੰਜਾਬ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਇਸ ਲਈ ਇਹ ਕੇਸ ਕੇਂਦਰੀ ਏਜੰਸੀਆਂ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਮਾਮਲੇ ’ਤੇ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ। ਮਜੀਠਿਆ ਨੇ ਆਪ ਪਾਰਟੀ ਦੇ ਲਾਏ ਇਲਜ਼ਾਮਾਂ ਨੂੰ ਲੋਕਤੰਤਰ ਲਈ ਖਤਰਾ ਦੱਸਿਆ ਹੈ। ਉਨ੍ਹਾਂ ਕਿਹਾ ਮੈਂ ਵੀ FIR ਦੀ ਕਾਪੀ ਮੰਗੀ ਸੀ ਪਰ ਮੈਨੂੰ ਕੀ ਦੇਣੀ, ਮੀਡੀਆ ਤੇ ਹੋਰਨਾਂ ਕੋਲ ਵੀ ਨਹੀਂ ਹੈ।
ਅਕਾਲੀ ਆਗੂ ਮਜੀਠਿਆ ਨੇ ਦਾਅਵਾ ਕੀਤਾ ਹੈ ਕਿ ਆਪ ਸਰਕਾਰ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾਉਣਾ ਚਾਹੁੰਦੀ ਹੈ ,ਇਸ ਲਈ ਇਹ ਚਾਲਾਂ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਲੀਡਰ ਤਾਂ ਵਿਧਾਇਕਾਂ ਦੀ ਗਿਣਤੀ ਵੀ ਇਕਸਾਰ ਨਹੀਂ ਦੱਸ ਰਹੇ। ਭਗਵੰਤ ਮਾਨ ਨੇ ਕਿਹਾ ਹੈ ਕਿ 6- 7 MLA ਨੂੰ ਫੋਨ ਆਇਆ ਹੈ, ਹਰਪਾਲ ਚੀਮਾ ਦੱਸ ਰਹੇ ਸੀ 10 MLA ਅਤੇ ਅਮਨ ਅਰੋੜਾ 35 ਦੀ ਗੱਲ ਕਰ ਰਹੇ ਸਨ।
‘ਆਪ’ ਵਿਧਾਇਕਾਂ ਨੂੰ ਖ਼ਰੀਦਣ ਦੇ ਮਾਮਲੇ ‘ਚ ਅਕਾਲੀ ਆਗੂ ਨੇ ਅੱਗੇ ਕਿਹਾ ਕਿ ਇਨ੍ਹਾਂ ਨੇ ਵਿਧਾਇਕ ਸ਼ੀਤਲ ਦਾ ਨਾਂ ਲਿਆ ਹੈ ਅਤੇ ਦੋਸ਼ ਕੇਂਦਰੀ ਗ੍ਰਹਿ ਮੰਤਰੀ ਉਤੇ ਲਾਇਆ ਹੈ।ਵਿਧਾਇਕ ਸ਼ੀਤਲ ਆਖ ਰਿਹਾ ਹੈ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ ਪਰ ਖੁੱਦ ਉਸ ਦੇ ਖਿਲਾਫ 8 ਕੇਸ ਦਰਜ ਹਨ। ਸ. ਮਜੀਠਿਆ ਨੇ ਸਵਾਲ ਕੀਤਾ ਕਿ ਹਰਪਾਲ ਚੀਮਾ ਨੇ ਕਿਹਾ ਕਿ ਬਲਜਿੰਦਰ ਕੌਰ ਨੂੰ ਵੀ ਪੇਸ਼ਕਸ਼ ਕੀਤੀ ਹੈ, ਉਹ ਦੱਸਣ ਕਿ ਉਹ ਪ੍ਰੈਸ ਕਾਨਫਰੰਸ ਵਿੱਚ ਕਿਉਂ ਨਹੀਂ ਆਈ?
ਮਜੀਠੀਆ ਨੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਕਿ ਉਹਨਾਂ ਦਾ ਨਾਂ ਵੀ ਆਪ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਲਈ ਯਤਨਾਂ ਵਿਚ ਆ ਰਿਹਾ ਹੈ ਤਾਂ ਇਸ ਲਈ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਗੱਲ ਸਿਰਫ ਕਿਸੇ ਇਕ ਪਾਰਟੀ ਦੀ ਨਹੀਂ ਹੈ ਬਲਕਿ ਇਹ ਲੋਕਤੰਤਰ ਅਤੇ ਇਸਦੀ ਬੁਨਿਆਦ ਨੂੰ ਦਰਪੇਸ਼ ਚੁਣੌਤੀ ਦੀ ਗੱਲ ਹੈ।
ਉਹਨਾਂ ਐਲਾਨ ਵੀ ਕੀਤਾ ਕਿ ਚੰਡੀਗੜ੍ਹ ਪੁਲਿਸ ਕੋਲ ਉਹ ਵੀ ਸ਼ਿਕਾਇਤ ਦਰਜ਼ ਕਰਵਾਉਣਗੇ ਕਿ ਇਹਨਾਂ ਵਿਧਾਇਕਾਂ ਨੂੰ ਖਰੀਦਣ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤੇ ਜੋ ਵੀ ਦੋਸ਼ੀ ਹੋਵੇ,ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਇਹ ਵੀ ਗੱਲ ਸਾਹਮਣੇ ਲਿਆਂਦੀ ਜਾਵੇ ਕਿ ਅਸਲ ਵਿੱਚ ਇਸ ਤਰਾਂ ਦੀ ਕੋਈ ਗੱਲ ਹੋਈ ਵੀ ਸੀ ਜਾਂ ਨਹੀਂ।
ਬੀਐਮਡਬਲਿਉ ਮਾਮਲੇ ਵਿੱਚ ਆਪ ਸਰਕਾਰ ਤੇ ਵਰਦਿਆਂ ਅਕਾਲੀ ਆਗੂ ਮਜੀਠੀਆ ਨੇ ਤੰਜ ਕਸਦਿਆਂ ਕਿਹਾ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪੰਜਾਬੀ ਮੁੱਖ ਮੰਤਰੀ ਦੀ ਇਸ ਤਰਾਂ ਨਾਲ ਬੇਇਜ਼ਤੀ ਹੋਈ ਹੈ।ਪਹਿਲੇ ਦਿਨ ਮੁੱਖ ਮੰਤਰੀ ਪੰਜਾਬ ਇਹ ਐਲਾਨ ਕਰਦੇ ਹਨ ਕਿ ਬੀਐਮਡਬਲਿਉ ਆ ਰਹੀ ਹੈ ਪਰ ਅੱਗਲੇ ਹੀ ਦਿਨ ਬੀਐਮਡਬਲਿਉ ਦਾ ਬਿਆਨ ਅਖਬਾਰ ਵਿੱਚ ਲੱਗ ਜਾਂਦਾ ਹੈ ਕਿ ਉਹਨਾਂ ਦਾ ਅਜਿਹਾ ਕੋਈ ਵੀ ਪ੍ਰੋਗਰਾਮ ਨਹੀਂ ਹੈ।ਸੋ ਇਹ ਲੋਕ ਆਮ ਜਨਤਾ ਨੂੰ ਬੇਵਕੂਫ ਬਣਾ ਰਹੇ ਹਨ ਪਰ ਜਨਤਾ ਸਭ ਸਮਝਦੀ ਹੈ।
ਇਸ ਤੋਂ ਇਲਾਵਾ ਅਗਨੀਵੀਰ ਸਕੀਮ ਤੇ ਆਪ ਦੇ ਸਟੈਂਡ ਤੇ ਸਵਾਲ ਚੁੱਕੇ ਹਨ। ਸੂਬੇ ਦੇ ਮੁੱਖ ਮੰਤਰੀ ਦੀਆਂ ਪਹਿਲਾਂ ਵਾਲੀਆਂ ਵੀਡੀਓ ਦਿਖਾਉਂਦੇ ਹੋਏ ਉਹਨਾਂ ਕਿਹਾ ਕਿ ਮਾਨ ਨੇ ਪਹਿਲਾਂ ਇਸ ਯੋਜਨਾ ਦੀ ਵਿਰੋਧ ਕਰਨ ਦੀ ਗੱਲ ਕੀਤੀ ਸੀ ਪਰ ਹੁਣ ਸਾਰੇ ਜਿਲ੍ਹਾ ਅਧਿਕਾਰੀਆਂ ਨੂੰ ਚਿੱਠੀ ਲਿੱਖ ਕੇ ਇਹ ਹੁਕਮ ਜਾਰੀ ਕੀਤੇ ਹਨ ਕਿ ਇਸ ਯੋਜਨਾ ਨੂੰ ਪੰਜਾਬ ਵਿੱਚ ਲਾਗੂ ਕਰਮ ਲਈ ਸਹਿਯੋਗ ਕੀਤਾ ਜਾਵੇ। ਇਹ ਦੋਗਲਾਪਨ ਕਿਉਂ?
1984 ਸਿੱਖ ਕਤਲੇਆਮ ਤੇ ਦਿਲਜੀਤ ਦੋਸਾਂਝ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ 1984 ਸਿੱਖ ਕਤਲੇਆਮ ਬਾਰੇ ਕੋਈ ਸ਼ੱਕ ਵਾਲੀ ਗੱਲ ਨਹੀਂ ਰਹਿ ਜਾਂਦੀ ਹੈ ਕਿ ਇਹ ਕਾਂਗਰਸ ਤੇ ਗਾਂਧੀ ਪਰਿਵਾਰ ਨੇ ਕਰਵਾਇਆ ਸੀ। ਇਸ ਵਿੱਚ ਕੁੱਝ ਕਾਤਲਾਂ ਨੂੰ ਸਜ਼ਾ ਮਿਲ ਗਈ ਹੈ ਤੇ ਬਾਕੀ ਰਹਿੰਦਿਆਂ ਨੂੰ ਵੀ ਮਿਲ ਜਾਵੇਗੀ।