‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਦੌਰਾਨ ਪੰਜਾਬ ਸਰਕਾਰ ਨੇ ਸਾਰੇ ਵਿਭਾਗ ਦੇ ਮੁਲਾਜ਼ਮਾਂ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਪੰਜਾਬ ਅੰਦਰ ਕੇਂਦਰ ਦੀ ਪੇ ਸਕੇਲ (Pay scale) ‘ਤੇ ਨਵੇਂ ਮੁਲਾਜ਼ਮਾਂ ਦੀ ਭਰਤੀ ਹੋਵੇਗੀ। ਪੰਜਾਬ ਸਰਕਾਰ ਮੁਤਾਬਿਕ, ਇਹ ਫੈਸਲਾ ਵਿਤੀ ਬੋਝ ਨੂੰ ਘੱਟ ਕਰਨ ਲਈ ਲਿਆ ਹੈ। ਜਾਣਕਾਰੀ ਮੁਤਾਬਿਕ, ਇਹ ਨਵਾਂ ਪੇ ਸਕੇਲ ਪੰਜਾਬ ਅੰਦਰ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ‘ਤੇ ਲਾਗੂ ਹੋਵੇਗਾ।
ਮੌਜੂਦਾ ਤਨਖਾਹ ਦੇ ਮੁਕਾਬਲੇ ਹੁਣ ਪੰਜਾਬ ਦੇ ਨਵੇਂ ਮੁਲਾਜ਼ਮਾਂ ਨੂੰ ਘੱਟ ਤਨਖਾਹ ਮਿਲੇਗੀ। ਸੂਬਾ ਸਰਕਾਰ ਵੱਲੋਂ 20 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਜਿਸ ਦੀਆਂ ਸਿਫਾਰਸ਼ਾਂ ਦੇ ਅਧਾਰ ਦੇ ਇਹ ਫੈਸਲਾ ਵਿੱਤ ਵਿਭਾਗ ਵੱਲੋਂ ਲਿਆ ਗਿਆ ਹੈ।
ਹੁਣ ਪੰਜਾਬ ਪੁਲਿਸ ਦੀ ਜੋ ਨਵੀਂ ਭਰਤੀ ਹੋਵੇਗੀ ਉਹ ਵੀ ਨਵੀਂ ਪੇ ਸਕੇਲ ਦੇ ਅਧਾਰ ‘ਤੇ ਹੀ ਹੋਵੇਗੀ। ਸਿਹਤ ਵਿਭਾਗ ਵੱਲੋਂ ਜੋ 3084 ਪੋਸਟਾਂ ਦੀ ਜੋ ਭਰਤੀ ਚੱਲ ਰਹੀ ਹੈ ਉਸ ਵਿੱਚ ਵੀ ਇਹ ਨਵਾਂ ਨਿਯਮ ਲਾਗੂ ਹੋਵੇਗਾ।
ਹਾਲਾਂਕਿ ਪੰਜਾਬ ਦੀ ਮੌਜੂਦਾ ਪੇ ਸਕੇਲ ਕੇਂਦਰ ਤੋਂ 25 ਫੀਸਦੀ ਜਿਆਦਾ ਹੈ। ਪਰ ਹਰਿਆਣਾ ਵਿੱਚ ਮੁਲਾਜ਼ਮਾਂ ਦੀ ਤਨਖਾਹ ਕੇਂਦਰ ਦੇ ਬਰਾਬਰ ਹੈ।ਮੁਲਾਜ਼ਮਾਂ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਉਹਨਾਂ ਕਿਹਾ ਇਹ ਸਰਕਾਰ ਦੀ ਸੋਚੀ ਸਮਝੀ ਚਾਲ ਹੈ, ਪੰਜਾਬ ਸਰਕਾਰ ਦੇਸ਼ ਭਰ ‘ਚ ਆਪਣੇ ਨੰਬਰ ਬਣਾਉਣ ‘ਤੇ ਲੱਗੀ ਹੋਈ ਹੈ ਹਾਲਾਂਕਿ ਇਸ ਪਿੱਛੇ ਕੰਮ ਕਰਨ ਵਾਲੇ ਜੁਝਾਰੂ ਮੁਲਾਜ਼ਮਾਂ ਦਾ ਹੱਥ ਸੀ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਹੈ।
ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾਂ ਨੇ ਸਰਕਾਰ ਦੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਕਾਂਗਰਸ ਨੇ ਕਦੇ ਵੀ ਕੁਝ ਨਹੀਂ ਦਿੱਤਾ, ਜਿੰਨੇ ਵੀ ਪੇ ਸਕੇਲ ਦਿੱਤੇ ਹੋਏ ਹਨ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਹੋਏ ਹਨ। ਉਹਨਾ ਕਿਹਾ ਕਿ ਜਿਥੇ ਸਰਕਾਰ ਨੂੰ ਪੋਸਟਾ ਵਧਾਉਣ ਦੀ ਲੋੜ ਹੈ ਉਥੇ ਸਰਕਾਰ ਘਟਾ ਰਹੀ ਹੈ।
ਕਾਂਗਰਸ ਬੁਲਾਰੇ ਰਮਨਬਾਲਾ ਸੁਬਰਾਮਣੀਅਮ ਨੇ ਡਾ. ਚੀਮਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਸਾਡੀ ਲੋਕਤੰਤਰੀ ਸਰਕਾਰ ਹੈ ਅਸੀਂ ਸਮਝਾਵਾਂਗੇ, ਉਹਨਾਂ ਦਾਅਵਾ ਕੀਤਾ ਹੈ ਕਿ ਅਸੀਂ ਹਰੇਕ ਵਰਗ ਦਾ ਪੂਰਾ ਖਿਆਲ ਰੱਖਦੇ ਹਾਂ।