ਮਾਨਸਾ : ਮਾਨਸਾ ਅਦਾਲਤ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਕੱਲ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀਪਕ ਮੁੰਡੀ ਤੇ ਇਸ ਨਾਲ ਗ੍ਰਿਫ਼ਤਾਰ ਹੋਏ ਦੋ ਹੋਰ ਮੁਲਜ਼ਮਾਂ ਦਾ 7 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਇਹਨਾਂ ਤਿੰਨਾਂ ਨੂੰ ਲੈ ਕੇ ਮਾਨਸਾ ਪੁਲਿਸ ਪੰਜਾਬ ਪਹੁੰਚੀ ਸੀ,ਜਿਸ ਤੋਂ ਬਾਅਦ ਇਹਨਾਂ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ,ਜਿਥੇ ਪੁਲਿਸ ਨੇ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਰੱਖੀ। ਜਿਸ ਨੂੰ ਅਦਾਲਤ ਨੇ ਮੰਨ ਲਿਆ ਤੇ ਰਿਮਾਂਡ ਦੇ ਦਿੱਤਾ।
ਇਹ ਵੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਹੋ ਸਕਦਾ ਹੈ ਕਿ ਹੁਣ ਦੀਪਕ ਮੁੰਡੀ ਨੂੰ ਖਰੜ ਵਿਖੇ ਲਿਆਂਦਾ ਜਾਵੇ, ਜਿਥੇ ਉਸ ਕੋਲੋਂ ਲਾਰੈਂਸ ਬਿਸ਼ਨੋਈ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ।
ਬੀਤੇ ਦਿਨ ਐਂਟੀਗੈਂਗਸਟਰ ਟਾਸਕ ਫੋਰਸ,ਪੰਜਾਬ ਪੁਲਿਸ,ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਤੇ ਕੇਂਦਰੀ ਏਜੰਸੀਆਂ ਦੇ ਸਾਂਝੇ ਯਤਨਾਂ ਸਦਕਾ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਭਗੌੜੇ ਮੁਲਜ਼ਮ ਦੀਪਕ ਮੁੰਡੀ ਨੂੰ ਭਾਰਤ-ਨੇਪਾਲ ਸਰਹੱਦ ਨੇੜੇ ਸਿਲੀਗੁੜੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦੀਪਕ ਮੁੰਡੀ ਤੋਂ ਇਲਾਵਾ ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਨਾਮ ਦੇ ਹੋਰ ਗੈਂਗਸਟਰਾਂ ਨੂੰ ਵੀ ਨੇਪਾਲ ਸਰਹੱਦੀ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਹੈ।
ਦੀਪਕ ਮੁੰਡੀ ਮੂਸੇਵਾਲੇ ਉਤੇ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਵਿਚ ਸ਼ਾਮਲ ਸੀ। ਸਿਰਫ਼ ਉਸ ਦੀ ਗ੍ਰਿਫ਼ਤਾਰੀ ਬਾਕੀ ਸੀ,ਇਸ ਕੇਸ ਵਿੱਚ ਨਾਮਜ਼ਦ ਸਾਰੇ ਮੁਲਜ਼ਮਾਂ ਨੂੰ ਪੁਲਿਸ ਨ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਇਹਨਾਂ ਤੋਂ ਇਲਾਵਾ ਦੋ ਸ਼ੂਟਰਾਂ ਮਨਪ੍ਰੀਤ ਕੁੱਸਾ ਤੇ ਜਗਰੂਪ ਰੂਪਾ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਮਾਰੇ ਗਏ ਸਨ। ਇੱਕ ਸਿਰਫ਼ ਮੁੰਡੀ ਹੀ ਬਚਿਆ ਸੀ,ਜੋ ਕਿ ਲਗਾਤਾਰ ਪੁਲਿਸ ਨੂੰ ਚਕਮਾ ਦੇ ਰਿਹਾ ਸੀ।ਪੁਲਿਸ ਇਸ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਸੀ ਤੇ ਇਹਨਾਂ ਦੀਆਂ ਪੈੜਾਂ ਨੱਪਦੀ ਆਖਰਕਾਰ ਬੰਗਾਲ ਪਹੁੰਚੀ ਸੀ, ਜਿੱਥੇ 3 ਮਹੀਨਿਆਂ ਮਗਰੋਂ ਪੁਲਿਸ ਨੂੰ ਇਹ ਵੱਡੀ ਸਫਲਤਾ ਮਿਲੀ ।
ਹਾਲਾਂਕਿ ਪੰਜਾਬ ਪੁਲਿਸ ਦਾ ਇਹ ਦਾਅਵਾ ਹੈ ਕਿ ਇਹ ਗ੍ਰਿਫ਼ਤਾਰੀਆਂ ਸੁਰੱਖਿਆ ਬੱਲਾਂ ਤੇ ਪੁਲਿਸ ਦੇ ਸਾਂਝੇ ਯਤਨਾਂ ਨਾਲ ਹੋਈਆਂ ਹਨ ਪਰ ਸੋਸ਼ਲ ਮੀਡੀਆਂ ਤੇ ਇੱਕ ਪੋਸਟ ਵਾਇਰਲ ਹੋਈ ਹੈ, ਜੋ ਕਿ ਗੋਲਡੀ ਬਰਾੜ ਦੀ ਦੱਸੀ ਜਾ ਰਹੀ ਹੈ ਤੇ ਇਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹਨਾਂ ਤਿੰਨਾਂ ਨੂੰ ਨੇਪਾਲ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ,ਨਾ ਕਿ ਕਿਸੇ ਹੋਰ ਨੇ।ਇਸ ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹਨਾਂ ਨੂੰ ਪੰਜਾਬ ਲਿਆ ਕੇ ਬਣਦੀ ਕਾਰਵਾਈ ਤਾਂ ਕੀਤੀ ਜਾਵੇ ਪਰ ਨਾਜਾਇਜ਼ ਧੱਕਾ ਨਾ ਕੀਤਾ ਜਾਵੇ।ਇਹ ਪੋਸਟ ਵਾਕਿਆ ਹੀ ਗੋਲਡੀ ਬਰਾੜ ਦੀ ਹੈ ਜਾਂ ਨਹੀਂ ,ਇਸ ਬਾਰੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ।