ਮੁਹਾਲੀ : ਦੇਸ਼ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੀ ਮੁਹਿੰਮ ਦੇ ਤਹਿਤ ਮੁਹਾਲੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਬਲੌਂਗੀ ਪੁਲਿਸ ਤੇ ਸੀਆਈਏ ਸਟਾਫ ਦੀ ਸਾਂਝੀ ਕਾਰਵਾਈ ਦੇ ਦੌਰਾਨ ਹਥਿਆਰਾਂ ਸਣੇ 6 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਦਰਜਨ ਦੇ ਕਰੀਬ ਹਥਿਆਰ ਬਰਾਮਦ ਹੋਏ ਹਨ। ਪੁਲਿਸ ਦੇ ਅਨੁਸਾਰ ਮੁਲਜ਼ਮ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਸਨ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਗ੍ਰਿਫ਼ਤਾਰੀਆਂ ਇੱਕ ਨਾਕਾਬੰਦੀ ਦੇ ਦੌਰਾਨ ਹੋਈਆਂ ਹਨ ਹਾਲਾਂਕਿ ਇਸ ਸਬੰਧ ਵਿੱਚ ਪੁਲਿਸ ਨੂੰ ਪਹਿਲਾਂ ਹੀ ਸੂਹ ਮਿਲੀ ਹੋਈ ਸੀ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਪੁਲਿਸ ਵੱਲੋਂ ਬਲੌਂਗੀ ਪੁੱਲ ‘ਤੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਸੀ। ਚੈਕਿੰਗ ਦੌਰਾਨ ਸਪਾਈਸ ਲਾਈਟਾਂ ਮੋਹਾਲੀ ਸਾਈਡ ਤੋਂ ਆਉਂਦੀ ਇੱਕ ਗੱਡੀ ਨੂੰ ਰੋਕਿਆ ਗਿਆ ਤਾਂ ਗੱਡੀ ਚਾਲਕ ਨੇ ਗੱਡੀ ਨੂੰ ਪਿਛੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਰੋਕ ਕੇ ਚੈਕ ਕੀਤਾ ਗਿਆ ਤਾਂ ਗੱਡੀ ਵਿਚੋਂ ਉਕਤ ਦੋਸ਼ੀਆਂ ਪਾਸੋਂ 02 ਦੇਸੀ ਪਿਸਟਲ .32 ਬੋਰ ਮੈਗਜੀਨ ਲੱਗੇ ਹੋਏ ਸਮੇਤ 08 ਜਿੰਦਾ ਕਾਰਤੂਸ ਅਤੇ 01 ਖਾਲੀ ਮੈਗਜੀਨ ਬਰਾਮਦ ਹੋਏ।
ਜਿਸ ਤੋਂ ਬਾਅਦ ਦੋਸ਼ੀਆਂ ਨੂੰ ਉਕਤ ਮੁਕੱਦਮਾ ਵਿੱਚ ਗਿ੍ਫਤਾਰ ਕਰ ਲਿਆ ਗਿਆ । ਇਹਨਾਂ ਦੋਸ਼ੀਆਂ ਨਾਲ ਕੀਤੀ ਗਈ ਪੁੱਛਗਿੱਛ ਤੋਂ ਹਈ ਨਿਸ਼ਾਨਦੇਹੀ ਅਤੇ ਕੇਸ ਦੀ ਤਫਤੀਸ਼ ਦੇ ਆਧਾਰ ਤੇ ਪੁਲਿਸ ਨੇ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਇਹਨਾਂ ਕੋਲੋਂ ਵੀ 02 ਦੇਸੀ ਪਿਸਟਲ ਮੈਗਜੀਨ ਲੱਗੇ ਹੋਏ ਅਤੇ ਇੱਕ ਖਾਲੀ ਮੈਗਜੀਨ ਅਤੇ 06 ਕਾਰਤੂਸ ਜਿੰਦਾ ਬਰਾਮਦ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਦੋਸ਼ੀ ਸਿਮਰਨਜੀਤ ਸਿੰਘ ਤੇ ਲਖਨਦੀਪ ਸਿੰਘ ਪਿੰਡ ਮੁਗਲ ਚੱਕ ਗਿੱਲ ਥਾਣਾ ਸਦਰ ਤਰਨਤਾਰਨ ‘ਤੇ ਹੋਰ ਥਾਣਿਆਂ ਵਿੱਚ ਪਹਿਲਾਂ ਹੀ ਹੋਰ ਧਾਰਾਵਾਂ ਦੇ ਤਹਿਤ ਕੇਸ ਦਰਜ ਹਨ।