Punjab

ਸਰਪੰਚ ਦੇ ਮੁੰਡੇ ਦੇ ਵਿਆਹ ‘ਚ ਹੋਇਆ ਇਹ ਕਾਰਾ, ਲਾੜੇ ਦੇ ਦੋਸਤ ਦੀ ਗਈ ਜਾਨ

ਅੰਮ੍ਰਿਤਸਰ : ਸਰਪੰਚ ਦੇ ਮੁੰਡੇ ਦੇ ਵਿਆਹ ਵਿੱਚ ਗੋਲੀ(firing at marriage ceremony) ਚੱਲਣ ਕਾਰਨ ਲਾੜੇ ਦੇ ਦੋਸਤ ਦੀ ਜਾਨ ਚਲੀ ਗਈ। ਇਹ ਘਟਨਾ ਕਸਬਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਨਿੱਝਪੁਰਾ ਵਿਖੇ ਵਾਪਰੀ ਹੈ। ਮ੍ਰਿਤਕ ਦੀ ਪਛਾਣ ਸੁਖਚੈਨ ਸਿੰਘ ਵੱਜੋਂ ਹੋਈ ਹੈ। ਉਸਨੇ ਕੈਨੇਡਾ ਜਾਣ ਲਈ ਕਾਗਜ਼ ਫਾਈਲ ਕੀਤੇ ਹੋਏ ਸਨ। ਬੀਤੇ ਐਤਵਾਰ ਨੂੰ ਅੱਧੀ ਰਾਤੀ ਪਾਰਟੀ ਵਿੱਚ ਮੌਜੂਦ ਇੱਕ ਵਿਅਕਤੀ ਨੇ ਪਿਸਤੌਲ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸਰਪੰਚ ਦੇ ਲੜਕੇ ਦੇ ਵਿਆਹ ਵਿੱਚ ਖੁਸੀਆਂ ਮਾਤਮ ਵਿੱਚ ਬਦਲ ਗਈਆਂ, ਜਦੋਂ ਗੋਲੀ ਲੱਗਣ ਕਾਰਨ ਲਾੜੇ ਦੇ ਦੋਸਤ ਦੀ ਜੀਵਨ ਲੀਲਾ ਸਮਾਪਤ ਹੋ ਗਈ।

ਇਹ ਹੈ ਸਾਰਾ ਮਾਮਲਾ

ਤਲਵਿੰਦਰ ਸਿੰਘ ਵਾਸੀ ਪਿੰਡ ਵਡਾਲਾ ਜੌਹਲ ਥਾਣਾ ਜੰਡਿਆਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸੁਖਚੈਨ ਸਿੰਘ (25) ਉਸ ਦਾ ਛੋਟਾ ਭਰਾ ਹੈ। ਐਤਵਾਰ ਅੱਧੀ ਰਾਤ ਤੋਂ ਬਾਅਦ ਸਰਪੰਚ ਦੇ ਘਰ ਉਸ ਦੇ ਲੜਕੇ ਨਰਿੰਦਰ ਸਿੰਘ ਦੇ ਵਿਆਹ ਦਾ ਜਸ਼ਨ ਸੀ। ਸ਼ਾਮ ਕਰੀਬ 7 ਵਜੇ ਉਨ੍ਹਾਂ ਦੇ ਘਰ ਪਾਰਟੀ ਸ਼ੁਰੂ ਹੋ ਗਈ ਸੀ। ਰਾਤ ਕਰੀਬ 12.30 ਵਜੇ ਇਸ ਪਾਰਟੀ ਵਿੱਚ ਮੌਜੂਦ ਇੱਕ ਵਿਅਕਤੀ ਨੇ ਪਿਸਤੌਲ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਦੇ ਨਾਲ ਦੋ ਹੋਰ ਨੌਜਵਾਨ ਸਨ, ਜਿਨ੍ਹਾਂ ਨੂੰ ਉਹ ਨਹੀਂ ਜਾਣਦਾ ਸੀ। ਪਿਸਤੌਲ ਦੀ ਗੋਲੀ ਉਸ ਦੇ ਭਰਾ ਸੁਖਚੈਨ ਸਿੰਘ ਦੀ ਗਰਦਨ ਵਿੱਚ ਲੱਗੀ, ਜੋ ਗੋਲੀ ਲੱਗਣ ਨਾਲ ਹੀ ਢਹਿ ਗਿਆ। ਉਸ ਨੂੰ ਅਮਨਦੀਪ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਜਾਨ ਚਲੀ  ਗਈ।

ਪਲਿਸ ਨੇ ਮਾਮਲਾ ਕੀਤਾ ਦਰਜ

ਮਾਮਲੇ ਦੀ ਜਾਂਚ ਕਰ ਰਹੇ ਐਸ.ਆਈ ਰਛਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ‘ਤੇ ਮੁਲਜ਼ਮਾਂ ਖ਼ਿਲਾਫ਼ ਧਾਰਾ 302, 336, 34 ਅਤੇ 25 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਜੰਡਿਆਲਾ ਵਿਖੇ ਅਸਲਾ ਐਕਟ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਅਜੇ ਫਰਾਰ ਹਨ।
ਤਲਵਿੰਦਰ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਸੰਦੀਪ ਕੌਰ ਵਾਸੀ ਪੱਟੀ ਮੋੜ ਜ਼ਿਲ੍ਹਾ ਤਰਨਤਾਰਨ ਨਾਲ ਹੋਇਆ ਸੀ। ਵਿਆਹ ਤੋਂ ਕਰੀਬ 2 ਮਹੀਨੇ ਬਾਅਦ ਸੰਦੀਪ ਕੌਰ ਕੈਨੇਡਾ ਚਲੀ ਗਈ। ਸੁਖਚੈਨ ਦੇ ਕੈਨੇਡਾ ਜਾਣ ਦੇ ਕਾਗਜ਼ ਵੀ ਤਿਆਰ ਸਨ। ਬੀਤੇ ਦਿਨ ਉਨ੍ਹਾਂ ਦੇ ਪਿੰਡ ਵਾਸੀ ਜਗਦੀਪ ਸਿੰਘ ਉਰਫ ਜੱਗੂ ਵਡਾਲਾ ਨਿਵਾਸੀ ਦੇ ਸਾਲੇ ਦਾ ਵਿਆਹ ਸੀ। ਜਗਦੀਪ ਸਿੰਘ ਉਰਫ ਜੱਗੂ ਆਪਣੇ ਛੋਟੇ ਭਰਾ ਸੁਖਚੈਨ ਸਿੰਘ ਨੂੰ ਨਾਲ ਲੈ ਕੇ ਖੁਦ ਆਪਣੇ ਸਹੁਰੇ ਸਰਪੰਚ ਸਤਨਾਮ ਸਿੰਘ ਵਾਸੀ ਨਿੱਝਰਪੁਰਾ ਦੇ ਘਰ ਚਲਾ ਗਿਆ, ਜਿੱਥੇ ਵਿਆਹ ਹੋ ਰਿਹਾ ਸੀ।