‘ਦ ਖ਼ਾਲਸ ਬਿਊਰੋ:- ਮੁਹਾਲੀ ਦੇ ਫੇਜ਼-11 ਥਾਣੇ ਵਿੱਚੋਂ 32 ਬੋਰ ਦਾ ਰਿਵਾਲਵਰ ਚੋਰੀ ਹੋਣ ਦੀ ਖ਼ਬਰ ਆਈ ਹੈ। ਥਾਣੇ ’ਚੋਂ ਅਸਲਾ ਚੋਰੀ ਹੋਣ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਆਪਣਾ ਅਸਲਾ ਅਤੇ ਲਾਇਸੈਂਸਧਾਰਕਾਂ ਦੇ ਜਮ੍ਹਾਂ ਕੀਤੇ ਅਸਲੇ ਨੂੰ ਮਾਲ ਖਾਨੇ ਵਿੱਚ ਪੂਰੀ ਨਿਗਰਾਨੀ ਹੇਠ ਸਾਂਭ ਕੇ ਰੱਖਿਆ ਜਾਂਦਾ ਹੈ।
ਦਰਅਸਲ ਚੋਰੀ ਹੋਇਆ ਰਿਵਾਲਵਰ ਫੇਜ਼-10 ਦੇ ਵਸਨੀਕ ਜਗਤਾਰ ਸਿੰਘ ਦਾ ਹੈ। ਜਗਤਾਰ ਸਿੰਘ ਨੇ ਆਪਣਾ ਲਾਇਸੈਂਸੀ ਰਿਵਾਲਵਰ ਲੋਕ ਸਭਾ ਚੋਣਾਂ ਸਮੇਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਮੈਜਿਸਟਰੇਟ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਥਾਣੇ ਵਿੱਚ ਜਮ੍ਹਾ ਕਰਵਾਇਆ ਸੀ। ਪਰ ਹੁਣ ਚੋਣਾਂ ਤੋਂ ਕਾਫੀ ਸਮੇਂ ਬਾਅਦ ਜਦੋਂ ਉਹ ਆਪਣਾ ਰਿਵਾਲਵਰ ਲੈਣ ਲਈ ਥਾਣੇ ਗਿਆ ਤਾਂ ਉਸ ਦਾ ਰਿਵਾਲਵਰ ਥਾਣੇ ਵਿੱਚੋਂ ਗਾਇਬ ਸੀ।
ਥਾਣਾ ਫੇਜ਼-11 ਦੇ SHO ਜਗਦੀਪ ਸਿੰਘ ਬਰਾੜ ਨੇ ਥਾਣੇ ’ਚੋਂ ਰਿਵਾਲਵਰ ਚੋਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਿਵਾਲਵਰ ਚੋਰੀ ਹੋਣ ਦਾ ਕੇਸ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਤੱਕ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਨਾ ਹੀ ਰਿਵਾਲਵਰ ਮਿਲਿਆ ਹੈ।
ਸਵਾਲ ਇਹ ਉੱਠਦਾ ਹੈ ਕਿ ਥਾਣੇ ਵਿੱਚ ਜੇਕਰ ਪੁਲਿਸ ਦੀ 24 ਘੰਟੇ ਹਾਜ਼ਰੀ ਦੇ ਬਾਵਜੂਦ ਅਜਿਹੀ ਚੋਰੀ ਦੀ ਘਟਨਾ ਵਾਪਰਦੀ ਹੈ ਤਾਂ ਆਮ ਜਨਤਾ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾ ਸਕਦੀ ਹੈ।