India Punjab Religion

ਪ੍ਰਚਾਰ ਲਈ ਘਟੀਆ ਹੱਦ ਤੱਕ ਡਿੱਗਿਆ ਆਨਲਾਈਨ ਕਸੀਨੋ ਦਾ ਮਾਲਕ

ਦ ਖ਼ਾਲਸ ਬਿਊਰੋ : ਸਿੱਖ ਧਰਮ ਉੱਤੇ ਲਗਾਤਾਰ ਬਾਹਰੀ ਹਮਲੇ ਜਾਰੀ ਹਨ। ਕਦੇ ਤੰਬਾਕੂ ਦੀਆਂ ਥੈਲੀਆਂ ਉੱਤੇ ਹਰਿਮੰਦਰ ਸਾਹਿਬ ਦੀਆਂ ਫੋਟੋਆਂ ਛਾਪੀਆਂ ਜਾ ਰਹੀਆਂ ਹਨ, ਕਦੇ ਗੁਟਕਾ ਸਾਹਿਬ ਦੇ ਕਵਰ ਉੱਤੇ ਘਟੀਆ ਪ੍ਰਚਾਰਬਾਜੀ ਕੀਤੀ ਜਾਂਦੀ ਰਹੀ ਹੈ। ਹੁਣ ਇੱਕ ਹੋਰ ਹਿਰਦੇ ਵਲੂੰਧਰਣ ਵਾਲੀ ਖਬਰ ਸਾਹਮਣੇ ਆਈ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਤੇ ਆਨਲਾਈਨ ਕਸੀਨੋ ਚੱਲ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਤਾਹੀ ਦਾ ਗੰਭੀਰ ਨੋਟਿਸ ਲੈਂਦਿਆਂ ਕਸੀਨੋ ਦਾ ਪ੍ਰਚਾਰ ਕਰਨ ਵਾਲੀ ਅਦਾਕਾਰਾ ਉਰਫੀ ਜਾਵੇਦ ਅਤੇ ਯੂਟਿਊਬਰ ਅਦਾਕਾਰ ਹਿੰਦੋਸਤਾਨ ਭਾਊ ਨੂੰ ਨੋਟਿਸ ਭੇਜ ਕੇ ਰੋਸ ਜਾਹਿਰ ਕੀਤਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ‘ਚ ਕੁਝ ਵੀਡੀਓ ਦੇ ਵਿਰੋਧ ਤੋਂ ਬਾਅਦ ਇੰਸਟਾਗ੍ਰਾਮ ਨੇ ਵੀ ਦੋਵਾਂ ਪ੍ਰਮੋਸ਼ਨਲ ਵੀਡੀਓਜ਼ ਨੂੰ ਹਟਾ ਦਿੱਤਾ ਹੈ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਐਸਜੀਪੀਸੀ ਨੂੰ ਦੋ ਵੀਡੀਓਜ਼ ਮਿਲੇ ਸਨ, ਜਿਨ੍ਹਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ‘ਨਾਨਕ ਆਨਲਾਈਨ ਬੁੱਕ’ ਕਸੀਨੋ ਚਲਾਇਆ ਜਾ ਰਿਹਾ ਸੀ।

ਇਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੀ ਵਰਤੀ ਗਈ ਸੀ ਅਤੇ ਇਸ ਦੇ ਨਾਲ ਸਿੱਖ ਧਾਰਮਿਕ ਚਿੰਨ੍ਹ ਏਕ ਓਂਕਾਰ ਵੀ ਲਗਾਇਆ ਗਿਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਦੀ ਜਾਂਚ ਕੀਤੀ।

 

ਦੈਨਿਕ ਭਾਸਕਰ ਦੀ ਖਬਰ ਮੁਤਾਬਕ ਐਸਜੀਪੀਸੀ ਦੇ ਮੀਡੀਆ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਵੀਡੀਓ ਫਿਲਮ ਅਦਾਕਾਰਾ ਅਤੇ ਮਾਡਲ ਉਰਫੀ ਜਾਵੇਦ ਅਤੇ ਯੂਟਿਊਬਰ ਹਿੰਦੁਸਤਾਨੀ ਭਾਊ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ। ਇਸ ਵਿੱਚ ਇੱਕ ਵਟਸਐਪ ਗਰੁੱਪ ਦਾ ਨੰਬਰ ਦਿੱਤਾ ਗਿਆ ਸੀ, ਜਿਸ ਵਿੱਚ ਲੋਕਾਂ ਨੂੰ ਸ਼ਾਮਲ ਹੋਣ ਲਈ ਕਿਹਾ ਜਾ ਰਿਹਾ ਹੈ। ਪੂਰੀ ਜਾਂਚ ਤੋਂ ਬਾਅਦ ਉਰਫੀ ਜਾਵੇਦ ਅਤੇ ਹਿੰਦੁਸਤਾਨੀ ਭਾਊ ਦੋਵਾਂ ਨੂੰ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲਾਂਕਿ, ਯੂਟਿਊਬਰ ਅਦਾਕਾਰ ਹਿੰਦੋਸਤਾਨ ਭਾਊ ਨੇ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਦਿਆਂ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਭਾਊ ਨੇ ਕਿਹਾ ਕਿ ਉਨ੍ਹਾਂ ਦੀ ਵੀਡੀਓ ਦੀ ਦੁਰਵਰਤੋਂ ਕੀਤੀ ਗਈ ਹੈ ਅਤੇ ਜੇ ਇਸ ਕਰਕੇ ਸਿੱਖ ਭਾਈਚਾਰੇ ਦਾ ਦਿਲ ਦੁਖਿਆ ਹੈ ਤਾਂ ਉਹ ਖੁਦ ਕੰਪਨੀ ਦੇ ਖਿਲਾਫ਼ ਐੱਫਆਈਆਰ ਦਰਜ ਕਰਵਾਉਣਗੇ। ਸ੍ਰੀ ਗੁਰੂ ਨਾਨਕ ਦੇਵ ਜੀ ਜਿਵੇਂ ਸਿੱਖਾਂ ਦੇ ਹਨ ਤਾਂ ਉਹ ਸਾਡੇ ਵੀ ਗੁਰੂ ਹਨ। ਅਸੀਂ ਉਨ੍ਹਾਂ ਬਾਰੇ ਕਦੇ ਵੀ ਗਲਤ ਨਹੀਂ ਸੋਚ ਸਕਦੇ।

 

ਮਾਡਲ ਅਤੇ ਅਦਾਕਾਰਾ ਉਰਫੀ ਜਾਵੇਦ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਰਹੀ ਹੈ। ਉਹ ਆਪਣੇ ਅਜੀਬੋ-ਗਰੀਬ ਕੱਪੜਿਆਂ ਨੂੰ ਲੈ ਕੇ ਸੁਰਖੀਆਂ ‘ਚ ਆਈ ਹੈ ਅਤੇ ਅੱਜ ਵੀ ਆਪਣੇ ਪਹਿਰਾਵੇ ਨੂੰ ਲੈ ਕੇ ਵਿਵਾਦਾਂ ‘ਚ ਰਹਿੰਦੀ ਹੈ।