‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੀਆਂ ਸਰਕਾਰਾਂ ਸਮੇਂ ਹਰ ਪੱਧਰ ‘ਤੇ ਹੋਈਆਂ ਵਿੱਤੀ ਗੜਬੜੀਆਂ ਦੇ ਕੇਸ ਧੜਾ ਧੜ ਸਾਹਮਣੇ ਆ ਰਹੇ ਹਨ। ਹੁਣ ਤਾਂ ਇੰਝ ਲੱਗਣ ਲੱਗਾ ਹੈ ਕਿ ਜਿਵੇਂ ਪਿਛਲੀਆਂ ਸਰਕਾਰਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਭ੍ਰਿਸ਼ਟਾਚਾਰ ਵਿੱਚ ਡੁੱਬੀਆਂ ਹੋਈਆਂ ਸਨ। ਸਿੰਚਾਈ ਘਪਲੇ ਨੂੰ ਛੱਡ ਕੇ ਬਾਕੀ ਸਾਰੇ ਕੇਸ ਪਿਛਲੀ ਕਾਂਗਰਸ ਸਰਕਾਰ ਦੇ ਰਾਜ ਵੇਲੇ ਦੇ ਸਾਹਮਣੇ ਆਏ ਹਨ। ਇੰਝ ਵੀ ਮਹਿਸੂਸ ਹੋਣ ਲੱਗਾ ਹੈ ਕਿ ਸਰਕਾਰਾਂ , ਸਿਆਸਤਦਾਨਾਂ ਅਤੇ ਅਫ਼ਸਰਾਂ ਨੇ ਜਿੱਥੇ ਵੀ ਦਾਅ ਲੱਗਾ ਜੇਬਾਂ ਭਰਨ ਵਿੱਚ ਕੋਈ ਕਸਰ ਨਹੀਂ ਛੱਡੀ। ਜਿਵੇਂ ਵਾੜ ਹੀ ਖੇਤ ਨੂੰ ਚਰ ਗਈ ਹੋਵੇ। ਇਹ ਨਹੀਂ ਸਾਬਕਾ ਅਕਾਲੀਆਂ ਜਾਂ ਕਾਂਗਰਸ ਦੀਆਂ ਸਰਕਾਰਾਂ ਵੇਲੇ ਘਪਲਿਆਂ ਤੋਂ ਪਰਦਾ ਨਹੀਂ ਸੀ ਉੱਠ ਰਿਹਾ ਪਰ ਹਾਕਮਾਂ ਦੀ ਸ਼ਹਿ ‘ਤੇ ਲਗਾਤਾਰ ਪਰਦਾ ਪੈਂਦਾ ਰਿਹਾ।
ਜਿਹੜੇ ਖਹਿਬਾਜ਼ੀ ਵਿੱਚ ਕੇਸ ਦਰਜ ਵੀ ਹੋਏ ਤਾਂ ਦੋਵੇਂ ਆਪੋਆਪਣੇ ਪਾਰਟੀ ਦੀ ਸਰਕਾਰ ਆਉਣ ‘ਤੇ ਅਫ਼ਸਰਾਂ ‘ਤੇ ਦਬਾਅ ਪਾ ਕੇ ਜਾਂ ਤਾਂ ਗਵਾਹ ਮੁਕਰਾਅ ਦਿੱਤੇ ਜਾਂਦੇ ਰਹੇ ਹਨ ਜਾਂ ਫਿਰ ਕੇਸ ਵਾਪਸ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ ਤੋਂ ਫਾਈਲਾਂ ਦੀਆਂ ਤੈਹਾਂ ਨੂੰ ਫਰੋਲਣੀਆਂ ਸ਼ੁਰੂ ਕੀਤੀਆਂ ਹਨ ਉਦੋਂ ਤੋਂ ਲੈ ਕੇ ਤਾਣੀ ਲਗਾਤਾਰ ਉਲਝਦੀ ਜਾ ਰਹੀ ਹੈ। ਜਿਵੇਂ ਸਾਬਕਾ ਮੰਤਰੀਆਂ , ਵਿਧਾਇਕਾਂ , ਸਿਆਸਤਦਾਨਾਂ ਅਤੇ ਅਫ਼ਸਰਾਂ ਦੇ ਖ਼ਿਲਾਫ਼ ਨਿੱਤ ਨਵੀਂ ਜਾਂਚ ਸ਼ੁਰੂ ਹੋ ਰਹੀ ਹੈ ਉਸ ਨਾਲ ਸੂਬੇ ਵਿੱਚ ਇੱਕ ਤਰ੍ਹਾਂ ਨਾਲ ਤੂਫਾਨ ਖੜ੍ਹਾ ਹੋ ਗਿਆ ਹੈ। ਵੱਡਿਆ ਦੇ ਘਰੀਂ ਸਹਿਮ ਦਾ ਮਾਹੌਲ ਹੈ ਅਤੇ ਕਈ ਸਾਬਕਾ ਅਤੇ ਮੌਜੂਦਾ ਅਫ਼ਸਰ ਖੁੱਡਾਂ ਵਿੱਚ ਜਾ ਬੈਠੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਕੈਪਟਨ ਅਮਰਿੰਦਰ ਸਿੰਘ , ਬੀਬੀ ਰਜਿੰਦਰ ਕੌਰ ਭੱਠਲ ਅਤੇ ਚਰਨਜੀਤ ਸਿੰਘ ਚੰਨੀ ਦਾ ਕਿਵੇਂ ਬਚਾਅ ਹੁੰਦਾ ਰਿਹਾ ਹੈ ਕਿਸੇ ਤੋਂ ਗੁੱਝਾ ਨਹੀਂ ਹੈ ਪਰ ਹਮਾਮ ਵਿੱਚ ਸਾਰੇ ਨੰਗੇ ਹੋਣ ਕਰਕੇ ਕਿਸੇ ਨੇ ਜ਼ੁਬਾਨ ਖੋਲਣ ਦੀ ਘੱਟ ਵੱਧ ਹੀ ਜਹਿਮਤ ਕੀਤੀ ਹੈ।
ਉੱਤਰ ਪ੍ਰਦੇਸ਼ ਦੇ ਅਪਰਾਧਿਕ ਪਿਛੋਕੜ ਵਾਲੇ ਸਿਆਸਤਦਾਨ ਮੁਖਤਾਰ ਅੰਨਸਾਰੀ ਨੂੰ ਜੇਲ੍ਹ ਵਿੱਚ ਸਹੂਲਤਾਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਪ੍ਰਸਸ਼ਾਨ ‘ਤੇ ਵੱਡੇ ਸਵਾਲ ਹੀ ਨਹੀਂ ਖੜ੍ਹੇ ਕੀਤੇ ਸਗੋਂ ਸਭ ਦੀਆਂ ਉਂਗਲਾਂ ਮੂੰਹ ਵਿੱਚ ਪਾ ਦਿੱਤੀਆਂ ਹਨ। ਮੁੱਖ ਮੰਤਰੀ ਮਾਨ ਨੇ ਜੇਲ੍ਹ ਵਿਭਾਗ ਵੱਲੋਂ ਸਾਹਮਣੇ ਲਿਆਂਦੇ ਤੱਥਾਂ ਦੇ ਆਧਾਰ ‘ਤੇ ਜਾਂਚ ਦੇ ਆਦੇਸ਼ ਦਿੱਤੇ ਹਨ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਕ ਰਿਪੋਰਟ ਦੇ ਆਧਾਰ ‘ਤੇ ਇੱਕ ਵੱਡਾ ਖੁਲਾਸਾ ਕੀਤਾ ਹੈ ਕਿ ਦਸ ਆਈਏਐਸ ਅਫ਼ਸਰ ਅੰਸਾਰੀ ਦੀ ਆਓ ਭਗਤ ਵਿੱਚ ਲੱਗੇ ਰਹੇ ਸਨ। ਉਨ੍ਹਾਂ ਦੀ ਡਿਊਟੀ ਪਤਨੀ ਨਾਲ ਮੁਲਾਕਾਤ ਕਰਾਉਣ ਅਤੇ ਹੋਰ ਸਹੂਲਤਾਂ ਦੇਣ ਵਿੱਚ ਲੱਗੀ ਹੋਈ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੂੰ ਦੁਬਾਰਾ ਯੂਪੀ ਦੇ ਜੇਲ੍ਹ ਵਿੱਚ ਜਾਣ ਤੋਂ ਰੋਕਣ ਲਈ ਵਕੀਲਾਂ ਨੂੰ 60 ਲੱਖ ਰੁਪਏ ਫੀਸ ਦਿੱਤੀ ਗਈ। ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਭੂਮਿਕਾ ਨੂੰ ਲੈ ਕੇ ਸਰਕਾਰ ਨੂੰ ਵੰਗਾਰਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰਾ ਕੁਝ ਉਸ ਵੇਲੇ ਦੇ ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਹੁੰਦਾ ਰਿਹਾ ਹੈ। ਇਸ ਤਰ੍ਹਾਂ ਸੂਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲ ਘੁੰਮਣ ਲੱਗੀ ਹੈ।
ਖੇਤੀਬਾੜੀ ਵਿਭਾਗ ਵਿੱਚ 1100 ਕਰੋੜ ਦੇ ਵਿੱਤੀ ਘਪਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਸ਼ਮੂਲੀਅਤ ਚਾਹੇ ਸਿੱਧੇ ਤੌਰ ‘ਤੇ ਪਰ ਜਦੋਂ ਕੇਂਦਰ ਸਰਕਾਰ ਦਾ ਗਰਾਂਟ ਮਾਲ ਖਰੀਦੀਆਂ ਮਸ਼ੀਨਾਂ ਗਾਇਬ ਹੋਈਆਂ ਤਾਂ ਉਸ ਵੇਲੇ ਖੇਤੀਬਾੜੀ ਵਿਭਾਗ ਕੈਪਟਨ ਅਮਰਿੰਦਰ ਸਿੰਘ ਕੋਲ ਸੀ। ਖੁਰਾਕ ਅਤੇ ਸਪਲਾਈ ਵਿਭਾਗ ਦੇ ਘਪਲੇ ‘ਤੇ ਦੂਹਰੀ ਹੈਰਾਨੀ ਹੋਈ ਹੈ ਕਿਉਂਕਿ ਵਿਭਾਗ ਦੇ ਮੰਤਰੀ ਰਹੇ ਸੱਜਣ ਖਿਲਾਫ਼ ਪਹਿਲਾਂ ਹੀ ਲਗਾਤਾਰ ਸ਼ਿਕਾਇਤਾਂ ਮਿਲਦੀਆਂ ਰਹੀਆਂ ਸਨ। ਜਿਣਸ ਦੀ ਖਰੀਦ ਤੋਂ ਲੈ ਕੇ ਚੁਕਾਈ ਤੱਕ ਸਾਰਾ ਕੁਝ ਕਮਿਸ਼ਨ ‘ਤੇ ਚੱਲਦਾ ਰਿਹਾ। ਹੋਰ ਤਾਂ ਹੋਰ ਢੋਆ ਢੁਆਈ ਲਈ ਵਰਤਾ ਵਾਹਨਾਂ ਦੀ ਥਾਂ ਸਕੂਟਰ , ਕਾਰਾਂ ਅਤੇ ਮੋਟਰ ਸਾਈਕਲਾਂ ਦੇ ਨੰਬਰ ਭਰੇ ਜਾਂਦੇ ਰਹੇ ਸਨ।
ਪਿਛਲੇ ਦਿਨੀਂ ਪਟਿਆਲਾ ਦੇ ਕੁਝ ਗੁਦਾਮਾਂ ਵਿੱਚ ਤਿੰਨ ਕਰੋੜ ਦੀ ਕਣਕ ਗਾਇਬ ਦੱਸੀ ਗਈ ਹੈ । ਇਸ ਤੋਂ ਪਹਿਲਾਂ ਇੱਕ ਸਾਬਕਾ ਵਿਧਾਇਕ ਦਾ ਭਤੀਜਾ ਕਰੋੜਾਂ ਦੀ ਕਣਕ ਖੁਰਦ ਬੁਰਦ ਕਰਕੇ ਡੁਬਈ ਜਾ ਬੜਿਆ ਸੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਾਣਜਾ ਮਾਈਨਿੰਗ ਦੇ ਮਾਮਲੇ ਵਿੱਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਰਿਹਾ ਹੈ। ਸਭ ਤੋਂ ਵੱਧ ਬੁਰਾ ਹਾਲ ਸੂਬੇ ਵਿੱਚ ਵਾਪਰੇ ਵਜ਼ੀਫਾ ਘੁਟਾਲੇ ਹੈ। ਇਸ ਦੀ ਜਾਂਚ ਸੀਬੀਆਈ ਦੇ ਹਵਾਲੇ ਕਰ ਦਿੱਤੀ ਗਈ ਹੈ। ਵਿਭਾਗ ਦੇ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਉੱਤੇ 303 ਕਰੋੜ ਦੀ ਕੇਂਦਰੀ ਗਰਾਂਟ ਵਿੱਚੋਂ 39 ਕਰੋੜ ਦੇ ਗਬਨ ਦੇ ਦੋਸ਼ ਹਨ। ਉਹ ਜੇਲ੍ਹ ਵਿੱਚ ਬੰਦ ਹਨ। ਸਾਬਕਾ ਕਾਂਗਰਸ ਸਰਕਾਰ ਦੇ ਇੱਕ ਹੋਰ ਮੰਤਰੀ ਸੰਗਤ ਸਿੰਘ ਗਿਲਜ਼ੀਆ ਕੇਸ ਦਰਜ ਹੋਣ ਤੋਂ ਬਾਅਦ ਆਪਣੀ ਜਾਨ ਬਚਾਉਂਦੇ ਫਿਰ ਰਹੇ ਹਨ। ਸਿਤਮ ਦੀ ਗੱਲ ਇਹ ਕਿ ਵਜ਼ੀਫੇ ਦਾ ਪੈਸੇ ਜ਼ਾਅਲੀ ਕਾਲਜਾਂ ਅਤੇ ਫਰਜ਼ੀ ਵਿਦਿਆਰਥੀਆਂ ਦੇ ਨਾ ‘ਤੇ ਸਿਆਸਤਦਾਨ ਹੱੜਪ ਕਰ ਗਏ। ਕੈਪਟਨ ਸਰਕਾਰ ਵੱਲੋਂ ਮਾਮਲੇ ਦੀ ਦੋ ਵਾਰ ਜਾਂਚ ਕਰਾਈ ਗਈ ਪਰ ਦੋਵੇਂ ਵਾਰ ਧਰਮਸੋਤ ਨੂੰ ਕਲੀਨ ਚਿੱਟ ਦਿੱਤੀ ਜਾਂਦੀ ਰਹੀ।
ਆਮ ਆਦਮੀ ਪਾਰਟੀ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਵੀ ਕੁਰਪਸ਼ਨ ਦੇ ਦੋਸ਼ਾਂ ਹੇਠ ਕਈ ਮਹੀਨੇ ਜੇਲ੍ਹ ਦੇ ਚਨੇ ਗੁੜ ਨਾਲ ਚੱਬਦੇ ਰਹੇ ਹਨ। ਕਾਂਗਰਸ ਸਰਕਾਰ ਦੇ ਇੱਕ ਸਾਬਕਾ ਡਿਪਟੀ ਮੁੱਖ ਮੰਤਰੀ ਵਿਰੁੱਧ ਹੋਈਆਂ ਦੋ ਇੰਨਕੁਆਰੀਆਂ ਵਿੱਚ ਉਹ ਫਸਦੇ ਨਜ਼ਰ ਆਏ ਹਨ ਪਰ ਹਾਲੇ ਤੱਕ ਵਿਜ਼ੀਲੈਂਸ ਦੀ ਜਾੜ ਹੇਠ ਆਉਣ ਤੋਂ ਬਚਾਅ ਹੁੰਦਾ ਆ ਰਿਹਾ ਹੈ। ਮੁੱਖ ਮੰਤਰੀ ਮਾਨ ਵੱਲੋਂ ਸ਼ੁਰੂ ਕੀਤੀ ਐਂਟੀ ਕੁਰਪਸ਼ਨ ਹੈਲਪ ਲਾਈਨ ਨੇ ਵੀ ਆਪਣੇ ਰੰਗ ਦਿਖਾਏ ਹਨ। ਆਈਏਐਸ ਅਧਿਕਾਰੀ ਸੰਜੇ ਪੋਪਲੀ ਜਿਹੜੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਹਨ ਵਿਰੁੱਧ ਸ਼ਿਕਾਇਤ ਹੈਲਪ ਲਾਈਨ ‘ਤੇ ਮਿਲੀ ਸੀ।
ਮੁੱਖ ਮੰਤਰੀ ਮਾਨ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਮੁਹਿੰਮ ਜਿੱਥੇ ਸਵਾਗਤਯੋਗ ਹੈ ਉੱਥੇ ਉੱਚ ਯੋਗਤਾ ਵਾਲੇ ਨੌਜਵਾਨਾਂ ਦਾ ਮੁੱਲ ਪੈਣ ਦੀ ਸੰਭਾਵਨਾ ਵੀ ਵਧੀ ਹੈ। ਇੱਕ ਗੱਲ ਪੱਕੀ ਹੈ ਕਿ ਨਾ ਤਾਂ ਭ੍ਰਿਸ਼ਟਾਚਾਰ ਖ਼ਿਲਾਫ਼ ਛੇੜੀ ਮੁਹਿੰਮ ਸਹਿਜੇ ਕੀਤੇ ਰੁੱਕਣ ਵਾਲੀ ਹੈ ਅਤੇ ਨਾ ਹੀ ਹਾਲੇ ਸਾਰੀਆਂ ਫਾਈਲਾਂ ਖੁਲੀਆਂ ਹਨ। ਇੱਕ ਗੱਲ ਹੋਰ ਕਿ ਜਦੋਂ ਇਹ ਪਤਾਂ ਲੱਗਦਾ ਹੈ ਕਿ ਖ਼ਜ਼ਾਨੇ ਦੀ ਰਾਖੀ ਬਿਠਾਈਆਂ ਸਰਕਾਰਾਂ ਹੀ ਡੁੰਗ ਮਾਰਦੀਆਂ ਰਹੀਆਂ ਤਾਂ ਸੱਚ ਮੁੱਚ ਤਰਾਹ ਨਿਕਲ ਜਾਂਦਾ ਹੈ। ਇੱਕ ਹੋਰ ਗੱਲ ਵੀ ਇੱਟ ਵਰਗੀ ਪੱਕੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਜਿੰਨਾਂ ਨੇ ਪੰਜਾਬੀਆਂ ਮੂਹਰੇ ਇੱਕ ਵੀ ਪੈਸਾ ਹੱੜਪਣ ਦੀ ਸੂਰਤ ਵਿੱਚ ਸਦਾ ਲਈ ਰਵਾਦਾਰ ਰਹਿਣ ਦਾ ਵਾਅਦਾ ਕੀਤਾ ਸੀ ਉਹ ਜਰੂਰ ਸਾਫ਼ ਸੁਥਰੀ ਸਿਆਸਤ ਅਤੇ ਸਰਕਾਰ ਦੀ ਅਗਵਾਈ ਕਰਦੇ ਰਹਿਣਗੇ। ਅਮਨ ਕਾਨੂੰਨ ਦੇ ਪੱਖੋਂ ਹਾਲ ਦੀ ਘੜੀ ਚਾਹੇ ਨਹੀਂ ਪਰ ਕੁਰਪਸ਼ਨ ਕੰਨੀਉਂ ਤਾਂ ਬਦਲਾਏ ਰਾਸ ਆਉਣ ਲੱਗਾ ਹੈ।