Punjab

ਗੁਲਾਬੀ ਸੁੰਡੀ ਨੇ ਉਜਾੜੇ ਮਾਲਵੇ ਦੇ ਕਿਸਾਨਾਂ ਦੇ ਸੁਪਨੇ,ਗੁਲਾਬੀ ਸੁੰਡੀ ਤੋਂ ਪ੍ਰੇਸ਼ਾਨ ਕਿਸਾਨ ਨੇ ਵਾਹੀ ਨਰਮੇ ਦੀ ਫ਼ਸਲ

ਖਾਲਸ ਬਿਊਰੋ:ਪੰਜਾਬ ਦੇ ਮਾਲਵਾ ਖਿੱਤੇ ਲਈ ਗੁਲਾਬੀ ਸੁੰਡੀ ਇੱਕ ਸਰਾਪ ਬਣਦੀ ਜਾ ਰਹੀ ਹੈ।ਇਸ ਵਜਾ ਨਾਲ ਖਰਾਬ ਹੋਈ ਫਸਲ ਨੂੰ ਜਿਮੀਂਦਾਰ ਲਗਾਤਾਰ ਵਾਹ ਰਹੇ ਹਨ।ਕਿਉਂਕਿ ਗੁਲਾਬੀ ਸੁੰਡੀ ਦਾ ਕੋਈ ਹੱਲ ਨਹੀਂ ਮਿਲ ਰਿਹਾ ਤੇ ਕਿਸਾਨ ਨਰਮੇ ਦੀ ਫਸਲ ਨੂੰ ਨਸ਼ਟ ਕਰਨ ਦੇ ਲਈ ਮਜਬੂਰ ਹਨ।ਇਸੇ ਲਈ ਮਾਨਸਾ ਦੇ ਪਿੰਡ ਭੈਣੀ ਬਾਘਾ ਵਿੱਚ ਵੀ ਕਿਸਾਨ ਨੇ ਆਪਣੀ 4 ਏਕੜ ਖੜੀ ਫਸਲ ਨੂੰ ਵਾਹ ਦਿੱਤਾ ਹੈ ਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।


ਕਿਸਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਰਕਾਰ ਨੇ ਕਿਸਾਨਾਂ ਨੂੰ ਕਈ ਕੀਟਨਾਸ਼ਕ ਦਵਾਈਆਂ ਦਾ ਇਸਤੇਮਾਲ ਕਰਨ ਦਾ ਵੀ ਸੁਝਾਅ ਦਿੱਤਾ ਹੈ ਪਰ ਅਜੇ ਤੱਕ ਵੀ ਗੁਲਾਬੀ ਸੁੰਡੀ ਦਾ ਕੋਈ ਹੱਲ ਨਾ ਹੋਣ ਕਾਰਨ ਕਿਸਾਨ ਨਰਮੇ ਦੀ ਫਸਲ ਨੂੰ ਵਾਹਣਾ ਹੀ ਸਹੀ ਸਮਝ ਰਹੇ ਹਨ। ਕਿਸਾਨਾਂ ਨੇ ਮਹਿੰਗੇ ਬੀਜ ਦੀ ਬਿਜਾਈ ਕੀਤੀ ਅਤੇ ਖੇਤੀਬਾੜੀ ਵਿਭਾਗ ਵੱਲੋ ਦੱਸੇ ਗਏ ਕੀਟਨਾਸ਼ਕ ਦਵਾਈ ਦਾ ਛਿੜਕਾਅ ਵੀ ਕੀਤਾ ਹੈ ਪਰ ਗੁਲਾਬੀ ਸੁੰਡੀ ‘ਤੇ ਕੋਈ ਅਸਰ ਨਹੀਂ ਹੋਇਆ। ਜਿਸ ਕਾਰਨ ਉਹ ਹੁਣ ਨਰਮੇ ਦੀ ਫਸਲ ਵਾਹਣ ਲਈ ਮਜ਼ਬੂਰ ਹਨ।


ਸਿਰਫ ਇਸ ਸਾਲ ਹੀ ਨਹੀਂ ਸਗੋਂ ਪਿਛਲੇ ਸਾਲ ਵੀ ਕਿਸਾਨਾਂ ਦੀ ਨਰਮੇ ਦੀ ਫਸਲ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਤਬਾਹ ਹੋ ਗਈ ਸੀ ਪਰ ਇਸ ਸਾਲ ਇਹ ਹਮਲਾ ਅਗੇਤਾ ਹੋਇਆ ਹੋਣ ਕਾਰਨ ਕਿਸਾਨ ਸਦਮੇ ਵਿੱਚ ਹਨ ਤੇ ਕੋਲੋਂ ਹਜਾਰਾਂ ਦਾ ਖਰਚ ਕਰਨ ਦੇ ਬਾਵਜੂਦ ਵੀ ਆਪਣੀ ਫਸਲ ਵਾਹੁਣ ਲਈ ਮਜਬੂਰ ਹੋਏ ਹਨ।