Punjab

MBBS ਡਾਕਟਰਾਂ ਨੂੰ ਹੁਣ ਹਸਪਤਾਲਾਂ ਦੀ ਥਾਂ ਪਹਿਲਾਂ ਮੁਹੱਲਾ ਕਲੀਨਿਕ ‘ਚ ਦੇਣੀ ਪਵੇਗੀ ਡਿਊਟੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੈਡੀਕਲ ਕਾਲਜਾਂ ਤੋਂ MBBS ਕਰਕੇ ਡਾਕਟਰ ਬਣਨ ਵਾਲਿਆਂ ਨੂੰ ਹੁਣ ਹਸਪਤਾਲਾਂ ਵਿੱਚ ਸਿੱਧੀ ਪੋਸਟਿੰਗ ਨਹੀਂ ਮਿਲੇਗੀ। ਪੰਜਾਬ ਸਰਕਾਰ ਅਨੁਸਾਰ MBBS ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਡਾਕਟਰ ਸੇਵਾਵਾਂ ਦੇਣ ਲਈ ਸਿੱਧੇ ਹਸਪਤਾਲ ਨਹੀਂ ਜਾਣਗੇ, ਸਗੋਂ ਮੁਹੱਲਾ ਕਲੀਨਿਕਾਂ ‘ਤੇ ਆਉਣਗੇ।

ਜਦੋਂ ਉਨ੍ਹਾਂ ਦੀ ਦੋ-ਤਿੰਨ ਸਾਲ ਚੰਗੀ ਪ੍ਰੈਕਟਿਸ ਹੋਵੇਗੀ ਤਾਂ ਉਨ੍ਹਾਂ ਨੂੰ ਵੱਡੇ ਹਸਪਤਾਲਾਂ ਵਿੱਚ ਭੇਜ ਦਿੱਤਾ ਜਾਵੇਗਾ। ਪਹਿਲਾਂ ਅਜਿਹਾ ਬਹੁਤ ਘੱਟ ਹੁੰਦਾ ਸੀ ਕਿ MBBS ਕਰਨ ਤੋਂ ਬਾਅਦ ਪੇਂਡੂ ਖੇਤਰਾਂ ਦੀਆਂ ਡਿਸਪੈਂਸਰੀਆਂ ਵਿੱਚ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਂਦੀ ਸੀ। ਇਸ ਕਾਰਨ ਜ਼ਿਆਦਾਤਰ ਪੇਂਡੂ ਮੈਡੀਕਲ ਸੈਂਟਰ ਖਾਲੀ ਪਏ ਹਨ।

ਅੱਜ ਵੀ ਪੇਂਡੂ ਖੇਤਰਾਂ ਵਿੱਚ ਕਈ ਡਿਸਪੈਂਸਰੀਆਂ ਹਨ, ਜਿੱਥੇ ਸਾਲਾਂ ਤੋਂ ਕੋਈ ਡਾਕਟਰ ਨਹੀਂ ਆਇਆ। ਬੇਸ਼ੱਕ ਵਿਰੋਧੀ ਰੌਲਾ ਪਾ ਰਹੇ ਹਨ ਕਿ ਹਰ ਪਿੰਡ ਵਿੱਚ ਪਹਿਲਾਂ ਹੀ ਡਿਸਪੈਂਸਰੀ ਸੀ, ਫਿਰ ਮੁਹੱਲਾ ਕਲੀਨਿਕਾਂ ਦੀ ਕੀ ਲੋੜ ਸੀ, ਪਰ ਪੇਂਡੂ ਖੇਤਰ ਦੀਆਂ ਡਿਸਪੈਂਸਰੀਆਂ ਵਿੱਚ ਸਾਲਾਂ ਤੋਂ ਨਾ ਤਾਂ ਸਟਾਫ਼ ਹੈ ਅਤੇ ਨਾ ਹੀ ਦਵਾਈਆਂ। ਅਜਿਹੇ ‘ਚ ਮੁਹੱਲਾ ਕਲੀਨਿਕ ਖੁੱਲ੍ਹਣ ਤੋਂ ਬਾਅਦ ਹੁਣ ਲੋਕਾਂ ‘ਚ ਸਿਹਤ ਸੇਵਾਵਾਂ ਪ੍ਰਤੀ ਆਸ ਦੀ ਕਿਰਨ ਜਾਗੀ ਹੈ।

ਪੰਜਾਬ ਸਰਕਾਰ ਨੇ ਖੋਲ੍ਹੇ ਆਮ ਆਦਮੀ ਮੁਹੱਲਾ ਕਲੀਨਿਕਾਂ ਦਾ ਸਮਾਂ ਵੀ ਤੈਅ ਕਰ ਦਿੱਤਾ ਹੈ। ਮੁਹੱਲਾ ਕਲੀਨਿਕ ਗਰਮੀਆਂ ਵਿੱਚ 8 ਤੋਂ 2 ਅਤੇ ਸਰਦੀਆਂ ਵਿੱਚ 9 ਤੋਂ 3 ਵਜੇ ਤੱਕ ਖੁੱਲ੍ਹਣਗੇ। ਇਸ ਤੋਂ ਇਲਾਵਾ ਡਾਕਟਰਾਂ, ਫਾਰਮਾਸਿਸਟਾਂ ਨੂੰ ਵੀ ਆਮ ਆਦਮੀ ਮੁਹੱਲਾ ਕਲੀਨਿਕ ਦੇ ਬਾਹਰ ਆਪਣੇ ਮੋਬਾਈਲ ਨੰਬਰ ਲਿਖਣ ਲਈ ਕਿਹਾ ਗਿਆ ਹੈ ਤਾਂ ਜੋ ਜੇਕਰ ਕਿਸੇ ਨੂੰ ਐਮਰਜੈਂਸੀ ਵਿੱਚ ਉਸਦੀ ਲੋੜ ਹੋਵੇ ਤਾਂ ਉਸਦਾ ਇਲਾਜ ਹੋ ਸਕੇ। ਮੁਹੱਲਾ ਕਲੀਨਿਕ ਵਿੱਚ ਹਰ ਤਰ੍ਹਾਂ ਦੀ ਐਮਰਜੈਂਸੀ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਆਮ ਆਦਮੀ ਮੁਹੱਲਾ ਕਲੀਨਿਕ ਵਿੱਚ ਮਰੀਜ਼ਾਂ ਦੀ ਸਾਰੀ ਜਾਣਕਾਰੀ ਆਨਲਾਈਨ ਹੋਵੇਗੀ। ਜਦੋਂ ਕੋਈ ਵਿਅਕਤੀ ਇਲਾਜ ਲਈ ਕਲੀਨਿਕਾਂ ‘ਤੇ ਜਾਂਦਾ ਹੈ ਤਾਂ ਉਥੇ ਟੈਬ ਦਿੱਤੇ ਗਏ ਹਨ, ਜਿਸ ਰਾਹੀਂ ਸਿਹਤ ਵਿਭਾਗ ਦੇ ਰਿਕਾਰਡ ‘ਚ ਸਾਰੀ ਜਾਣਕਾਰੀ ਦਰਜ ਹੋਵੇਗੀ। ਇਸ ਤੋਂ ਬਾਅਦ ਡਾਕਟਰ ਨੇ ਮਰੀਜ਼ ਨੂੰ ਕਿਹੜੀ ਬਿਮਾਰੀ ਦੀ ਦਵਾਈ ਦੱਸੀ, ਜੇਕਰ ਉਸ ਨੇ ਐਕਸਰੇ ਜਾਂ ਕੋਈ ਟੈਸਟ ਕਰਵਾਉਣਾ ਹੈ ਤਾਂ ਇਹ ਸਾਰੀ ਜਾਣਕਾਰੀ ਵਿਭਾਗ ਕੋਲ ਆਨਲਾਈਨ ਹੋਵੇਗੀ।