‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਵਾਅਦਾ ਪੁਗਾਉਂਦਿਆਂ ਅਤੇ ਦਿੱਲੀ ਮਾਡਲ ਲਾਗੂ ਕਰਦਿਆਂ ਆਜ਼ਾਦੀ ਦਿਵਸ ਉੱਤੇ 75 ਮੁਹੱਲਾ ਕਲੀਨਿਕਾਂ ਦੇ ਮਰੀਜ਼ਾਂ ਦੇ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਵਿੱਚ ਮੁਹੱਲਾ ਕਲੀਨਿਕ ਦਾ ਫੀਤਾ ਕੱਟ ਕੇ ਉਦਘਾਟਨ ਕੀਤਾ।
ਉਨ੍ਹਾਂ ਨੇ ਅਗਲੇ ਦਿਨਾਂ ਦੌਰਾਨ ਹਰ ਰੋਜ਼ 10 ਤੋਂ 15 ਮੁਹੱਲਾ ਕਲੀਨਿਕ ਖੋਲ੍ਹਣ ਦਾ ਐਲਾਨ ਵੀ ਕੀਤਾ ਹੈ।
ਉਨ੍ਹਾਂ ਨੇ ਇਸ ਮੌਕੇ ਆਪਣੇ ਸਿਆਸੀ ਵਿਰੋਧੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਰਾਜ ਦੌਰਾਨ ਬਣੀਆਂ ਮਹਿੰਗੀਆਂ ਪਰ ਹੁਣ ਬੇਕਾਰ ਹੋ ਚੁੱਕੀਆਂ ਬਿਲਡਿੰਗਾਂ ਨੂੰ ਸ਼ਾਨਦਾਰ ਬਣਾ ਕੇ ਹੁਣ ਮੁਹੱਲਾ ਕਲੀਨਿਕਾਂ ਖੋਲੀਆਂ ਗਈਆਂ ਹਨ। ਉਨ੍ਹਾਂ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਜਿਸ ਰਸਤੇ ਤੋਂ ਲੋਕ ਲੰਘਣਾ ਡਰਦੇ ਸਨ, ਹੁਣ ਉਸ ਰਸਤੇ ਇਲਾਜ ਕਰਾਉਣ
ਜਾ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਕੋਈ ਵੀ ਬੰਦਾ ਇਲਾਜ ਖੁਣੋਂ ਨਹੀਂ ਮਰੇਗਾ। ਮੁਹੱਲਾ ਕਲੀਨਿਕਾਂ ਵਿੱਚੋਂ ਮਰੀਜ਼ਾਂ ਨੂੰ ਦਵਾਈ ਮੁਫ਼ਤ ਮਿਲਿਆ ਕਰੇਗੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ 16 ਮਾਰਚ ਨੂੰ ਚੁੱਕੀ ਸਹੁੰ ਨੂੰ ਫਲ ਅਤੇ ਫੁੱਲ ਲੱਗਣੇ ਸ਼ੁਰੂ ਹੋ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਸਾਬਕਾ ਮੰਤਰੀਆਂ ਬਾਰੇ ਤੁਹਾਨੂੰ ਖ਼ਬਰਾਂ ਸੁਣਨ ਨੂੰ ਮਿਲਦੀਆਂ ਰਹਿਣਗੀਆਂ ਕਿਉਂਕਿ ਪੁਰਾਣੇ ਹਿਸਾਬ ਪੂਰੇ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਕਾਲਜ ਬੱਚਿਆਂ ਦੀ ਡਿਗਰੀ ਨੂੰ ਨਹੀਂ ਰੋਕ ਸਕਦੇ।
ਜੋ ਵੀ ਘੁਟਾਲਾ ਹੋਇਆ ਹੈ, ਉਸਦੀ ਜਾਂਚ ਕੀਤੀ ਜਾਵੇਗੀ ਪਰ ਵਿਦਿਆਰਥੀਆਂ ਉੱਤੇ ਕੋਈ ਵੀ ਅਸਰ ਨਹੀਂ ਪੈਣ ਦਿੱਤਾ ਜਾਵੇਗਾ। ਉਨ੍ਹਾਂ ਨੇ ਆਟਾ ਦਾਲ ਦੀ ਸਕੀਮ ਜਲਦ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਵਿਧਵਾ ਅਤੇ ਬੁਢਾਪਾ ਪੈਨਸ਼ਨ ਘਰੇ ਹੀ ਭੇਜਣ ਦਾ ਦਾਅਵਾ ਵੀ ਦੁਹਰਾਇਆ।
ਮੁੱਖ ਮੰਤਰੀ ਮਾਨ ਨੇ ਨੀਤੀ ਆਯੋਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੀਤੀ ਆਯੋਗ ਵਿੱਚ ਪਹਿਲਾਂ ਕਦੇ ਕੋਈ ਗਿਆ ਹੀ ਨਹੀਂ, ਉਹ ਬੁਲਾ ਬੁਲਾ ਕੇ ਥੱਕ ਗਏ। ਮਾਨ ਨੇ ਕਿਹਾ ਕਿ ਉੱਥੋਂ ਹੱਕ ਤਾਂ ਲੈ ਕੇ ਆਈਏ, ਹਾਲਾਂਕਿ ਹੱਕ ਮਿਲਣ ਵੀ ਲੱਗ ਪਏ ਹਨ।