‘ਦ ਖ਼ਾਲਸ ਬਿਊਰੋ : ਕਿਸਾਨਾਂ ਨੇ ਗੰਨੇ ਦੇ ਬਕਾਏ ਨੂੰ ਲੈ ਕੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਅੱਜ ਸੰਘਰਸ਼ ਦੇ ਪੰਜਵੇਂ ਦਿਨ ਫਗਵਾੜਾ ‘ਚ ਸਵੇਰੇ 9 ਵਜੇ ਤੋਂ ਨੈਸ਼ਨਲ ਹਾਈਵੇਅ ਨੂੰ ਦੋਵੇਂ ਪਾਸਿਓਂ ਬੰਦ ਕਰ ਦਿੱਤਾ ਗਿਆ ਹੈ। ਕਿਸਾਨ ਸ਼ੂਗਰ ਮਿੱਲ ਬਾਹਰ 5 ਦਿਨਾਂ ਤੋਂ ਧਰਨਾ ਲਾਈ ਬੈਠੇ ਹਨ।
ਗੰਨਾ ਮਿੱਲਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਜਾਰੀ ਕਰਨ ਨੂੰ ਲੈ ਕੇ ਕਿਸਾਨਾਂ ਵੱਲੋਂ ਪਿਛਲੇ ਦਿਨਾਂ ਤੇ ਜਲੰਧਰ-ਲੁਧਿਆਣਾ ਹਾਈਵੇਅ ਜਾਮ ਕੀਤਾ ਗਿਆ ਸੀ। ਹਾਲਾਂਕਿ ਰੱਖੜੀ ਦਾ ਤਿਉਹਾਰ ਹੋਣ ਕਾਰਨ ਕਿਸਾਨਾਂ ਨੇ ਹਾਈਵੇਅ ਦੀ ਇੱਕ ਲਾਈਨ ਹੀ ਜਾਮ ਕੀਤੀ ਸੀ ਪਰ ਹੁਣ ਰੱਖੜੀ ਦਾ ਤਿਉਹਾਰ ਖਤਮ ਹੋਣ ਤੋਂ ਬਾਅਦ ਕਿਸਾਨ ਅੱਜ ਤੋਂ ਫਗਵਾੜਾ ‘ਚ ਪੂਰਾ ਹਾਈਵੇ ਜਾਮ ਕਰਨਗੇ।
ਕਿਸਾਨ ਪਹਿਲਾਂ ਫਗਵਾੜਾ ਦੀ ਸ਼ੂਗਰ ਮਿੱਲ ਦੇ ਸਾਹਮਣੇ ਲੁਧਿਆਣਾ ਤੋਂ ਜਲੰਧਰ ਆਉਣ ਵਾਲੀ ਲੇਨ ਨੂੰ ਜਾਮ ਕਰ ਰਹੇ ਸਨ ਪਰ ਹੁਣ ਕਿਸਾਨ ਅੱਜ ਤੋਂ ਜਲੰਧਰ ਤੋਂ ਲੁਧਿਆਣਾ ਨੂੰ ਜਾਣ ਵਾਲੀ ਲੇਨ ਨੂੰ ਵੀ ਜਾਮ ਕਰਨਗੇ।
ਕਿਸਾਨਾਂ ਦਾ ਕਹਿਣਾ ਹੈ ਕਿ ਤਿਉਹਾਰ ਦੇ ਮੱਦੇਨਜ਼ਰ ਉਨ੍ਹਾਂ ਨੇ ਪਹਿਲਾਂ ਆਪਣੇ ਅੰਦੋਲਨ ਨੂੰ ਹੌਲੀ ਕਰ ਦਿੱਤਾ ਸੀ। ਇਸ ਦੇ ਪਿੱਛੇ ਇਕ ਮਨੋਰਥ ਇਹ ਵੀ ਸੀ ਕਿ ਸਰਕਾਰ ਇਸ ਗੱਲ ਨੂੰ ਮੰਨ ਲਵੇ ਪਰ ਅਜੇ ਤੱਕ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕੀ। ਹੁਣ ਕਿਸਾਨ ਆਪਣੇ ਹੱਕ ਲੈਣ ਲਈ ਵੱਡੇ ਕਦਮ ਚੁੱਕਣ ਲਈ ਮਜਬੂਰ ਹਨ।
ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦਾ ਕਹਿਣਾ ਹੈ ਕਿ ਫਗਵਾੜਾ ਸ਼ੂਗਰ ਮਿੱਲ ਕੋਲ ਕਿਸਾਨਾਂ ਦੇ ਗੰਨੇ ਦੇ 72 ਕਰੋੜ ਰੁਪਏ ਫਸੇ ਹੋਏ ਹਨ। ਮਿੱਲ ਮਾਲਕ ਖੁਦ ਲਾਪਤਾ ਹੈ ਅਤੇ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ।
ਉਹ ਵਾਰ-ਵਾਰ ਮੀਟਿੰਗਾਂ ਕਰਕੇ ਭਰੋਸਾ ਦਿੰਦੇ ਹਨ ਪਰ ਕੋਈ ਨਤੀਜਾ ਨਹੀਂ ਨਿਕਲਿਆ। ਕਿਸਾਨ ਆਗੂ ਨੇ ਦੱਸਿਆ ਕਿ ਉਨ੍ਹਾਂ ਸਰਕਾਰ ਅੱਗੇ ਮੰਗ ਰੱਖੀ ਸੀ ਕਿ ਮਿੱਲ ਦੀ ਕੁਰਕੀ ਕਰਕੇ ਕਿਸਾਨਾਂ ਦੀ ਬਕਾਇਆ ਅਦਾਇਗੀ ਕੀਤੀ ਜਾਵੇ। ਮੀਟਿੰਗ ਵਿੱਚ ਸਰਕਾਰ ਨੇ ਸਹਿਮਤੀ ਜਤਾਈ ਪਰ ਬਾਅਦ ਵਿੱਚ ਪਿੱਛੇ ਹਟ ਗਈ।
ਇਸ ਦੇ ਨਾਲ ਹੀ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਗਈ ਹੈ। ਖੰਡ ਮਿੱਲਾਂ ਦੇ ਬਕਾਏ ਬਾਰੇ ਵੀ ਚਰਚਾ ਹੋਵੇਗੀ। ਕਾਬਲੇਗੌਰ ਹੈ ਕਿ ਮੀਟਿੰਗ ਵਿੱਚ ਕਿਸਾਨ ਪੰਜਾਬ ਦੀਆਂ ਖੰਡ ਮਿੱਲਾਂ ਅੱਗੇ ਹਾਈਵੇਅ ਅਤੇ ਸੜਕਾਂ ’ਤੇ ਧਰਨਾ ਦੇਣ ਦਾ ਫੈਸਲਾ ਲੈਣਗੇ।
ਅੱਠ ਜੁਲਾਈ ਨੂੰ ਕਿਸਾਨ ਖੰਡ ਮਿੱਲ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਕੀਤੀ ਗਿਆ ਸੀ । ਕਿਸਾਨਾਂ ਦਾ ਕਹਿਣਾ ਸੀ ਕਿ ਮਿੱਲ ਵੱਲ ਕਿਸਾਨਾਂ ਦੇ 72 ਕਰੋੜ ਰੁਪਏ ਬਕਾਇਆ ਫਸਿਆ ਹੋਇਆ ਹੈ ਪਰ ਨਾ ਤਾਂ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਨਾ ਹੀ ਸ਼ੂਗਰ ਮਿੱਲ ਦੇ ਪ੍ਰਬੰਧਕ ਪੈਸੇ ਦੇਣ ਦਾ ਨਾਮ ਲੈ ਰਹੇ ਹਨ। ਕਿਸਾਨਾਂ ਨੇ ਕਿਹਾ ਸੀ ਕਿ ਗੰਨੇ ਦੀ ਅਦਾਇਗੀ ਨੂੰ ਲੈ ਕੇ ਉਨ੍ਹਾਂ ਦਾ ਇਹ ਧਰਨਾ ਅਣਮਿੱਥੇ ਸਮੇਂ ਲਈ ਹੈ । ਜਦੋਂ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਨਹੀਂ ਆਏ ਤਾਂ ਉਹ ਧਰਨੇ ਤੋਂ ਨਹੀਂ ਉੱਠਣਗੇ।