Punjab

“ਮੇਜਰ ਧਿਆਨ ਚੰਦ ਦੇ ਜਨਮ ਦਿਨ ਵਾਲੇ ਦਿਨ 29 ਅਗਸਤ 2022 ਨੂੰ ਹੋਵੇਗੀ ਖੇਡ ਮੇਲੇ ਦੀ ਸ਼ੁਰੂਆਤ”

ਪੰਜਾਬ ਦੇ ਅਲਗ-ਅਲਗ ਸ਼ਹਿਰਾਂ ਵਿੱਚ ਕਰਵਾਏ ਜਾਣਗੇ ਮੁਕਾਬਲੇ

ਖਾਲਸ ਬਿਊਰੋ:ਕੈਬਨਿਟ ਮੰਤਰੀ ਮੀਤ ਹੇਅਰ ਨੇ ਖੇਡ ਮੇਲੇ ਨੂੰ ਲੈ ਕੇ ਕੀਤੇ ਅਹਿਮ ਐਲਾਨ ਕੀਤੇ ਹਨ।ਉਹਨਾਂ ਦੱਸਿਆ ਹੈ ਕਿ ਪੰਜਾਬ ਸਰਕਾਰ ਦਾ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਮੇਜਰ ਧਿਆਨ ਚੰਦ ਦੇ ਜਨਮ ਦਿਨ ਵਾਲੇ ਦਿਨ 29 ਅਗਸਤ 2022 ਨੂੰ ਪੰਜਾਬ ਭਰ ਵਿੱਚ ਖੇਡ ਮੇਲੇ ਦੀ ਸ਼ੁਰੂਆਤ ਕਰੇਗਾ। ਇਸ ਵਿੱਚ ਬਲਾਕ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਗਰੇਡੇਸ਼ਨ ਵਾਲੀਆਂ 28 ਖੇਡਾਂ ਕਰਵਾਈਆਂ ਜਾਣਗੀਆਂ।ਇਹਨਾਂ ਖੇਡਾਂ ਦੇ ਮੁਕਾਬਲੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਕਰਵਾਏ ਜਾਣਗੇ।

ਖਿਡਾਰੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਲਈ ਜਾਰੀ ਕੀਤੀ ਵੈਬਸਾਈਟ

ਕੈਬਨਿਟ ਮੰਤਰੀ ਮੀਤ ਹੇਅਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਪਹਿਲੀ ਵਾਰ ਖਿਡਾਰੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਲਈ ਵੈਬਸਾਈਟ ਜਾਰੀ ਕੀਤੀ ਗਈ ਹੈ।ਕੋਈ ਵੀ ਖਿਡਾਰੀ www.punjabkhedmela2022.in ‘ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।ਇਸ ਵੈਬਸਾਈਟ ‘ਤੇ ਰਜਿਸਟ੍ਰੇਸ਼ਨ 11 ਅਗਸਤ ਨੂੰ ਸ਼ੁਰੂ ਹੋਵੇਗੀ ।ਇਸ ਖੇਡ ਮੇਲੇ ਵਿੱਚ ਅੰਡਰ 14,17,21,21 ਤੋਂ 40 ਸਾਲ ਤੇ 41 ਤੋਂ 50 ਸਾਲ ਤੇ ਇਸ ਤੋਂ ਉੱਪਰ ਉਮਰ ਵਰਗ ਵਿੱਚ ਮੁਕਾਬਲੇ ਹੋਣਗੇ ਤੇ ਜੇਤੂ ਖਿਡਾਰੀਆਂ ਨੂੰ ਕੁੱਲ 6 ਕਰੋੜ ਦੇ ਇਨਾਮ ਦਿੱਤੇ ਜਾਣਗੇ।ਸਾਰੇ ਪ੍ਰਬੰਧ ਵਧੀਆ ਪੱਧਰ ਦੇ ਹੋਣਗੇ ਤੇ ਉਹ ਖੁੱਦ ਤਿਆਰੀਆਂ ਤੇ ਪ੍ਰਬੰਧ ਦੇਖਣਗੇ।ਖਿਡਾਰੀਆਂ ਦੇ ਰਹਿਣ ਤੇ ਖਾਣ ਦਾ ਵੀ ਚੰਗਾ ਪ੍ਰਬੰਧ ਹੋਵੇਗਾ। ਇਸ ਤੋਂ ਇਲਾਵਾ ਖਿਡਾਰੀਆਂ ਦਾ ਪੂਰਾ ਰਿਕਾਰਡ ਵੀ ਰੱਖਿਆ ਜਾਵੇਗਾ।

ਖੇਡਾਂ ਕਰਾਉਣ ਪਿੱਛੇ ਸਰਕਾਰ ਦਾ ਏਜੰਡਾ ਪੰਜਾਬ ਵਿੱਚ ਮੁੜ ਖੇਡਾਂ ਦਾ ਪੱਧਰ ਉੱਚਾ ਚੁੱਕਣਾ

ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਮੀਤ ਹੇਅਰ ਨੇ ਕਾਮਨਵੈਲਥ ਜੇਤੂਆਂ ਨੂੰ ਜਿੱਥੇ ਵਧਾਈ ਦਿੱਤੀ ਹੈ,ਉਥੇ ਖਿਡਾਰੀਆਂ ਨੂੰ ਨਕਦ ਇਨਾਮ ਲਈ ਮੁੱਖ ਮੰਤਰੀ ਮਾਨ ਦਾ ਧੰਨਵਾਦ ਵੀ ਕੀਤਾ ਹੈ।ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਖਿਡਾਰੀਆਂ ਦੇ ਜਿੱਤਦੇ ਸਾਰ ਹੀ ਨਕਦ ਇਨਾਮ ਦਾ ਐਲਾਨ ਕੀਤਾ ਜਦੋਂ ਕਿ ਪਿਛਲੀਆਂ ਸਰਕਾਰਾਂ ਸਿਰਫ ਵੋਟਾਂ ਵਾਲੇ ਸਾਲ ਹੀ ਇਸ ਤਰਾਂ ਦੇ ਐਲਾਨ ਕਰਦੀਆਂ ਸੀ।ਇਹ ਖੇਡਾਂ ਕਰਾਉਣ ਪਿੱਛੇ ਸਰਕਾਰ ਦਾ ਏਜੰਡਾ ਪੰਜਾਬ ਵਿੱਚ ਮੁੜ ਖੇਡਾਂ ਦਾ ਪੱਧਰ ਉੱਚਾ ਚੁੱਕਣਾ ਤੇ ਖੇਡਾਂ ਦਾ ਵਧੀਆ ਮਾਹੋਲ ਬਣਾਉਣਾ ਹੈ ।

ਕੈਬਨਿਟ ਮੰਤਰੀ ਨੇ ਕਾਮਨਵੈਲਥ ਖੇਡਾਂ ਵਿੱਚ ਇੱਕ ਮਾਣਮਤੇ ਪੱਲ ਦਾ ਵੀ ਜ਼ਿਕਰ ਕੀਤਾ ਕਿ 125 ਫਰੀ ਸਟਾਈਲ ਦੇ ਸਾਰੇ 4 ਜੇਤੂ ਖਿਡਾਰੀਆਂ ਦਾ ਪਿਛੋਕੜ ਪੰਜਾਬ ਤੋਂ ਹੈ ਭਾਵੇਂ ਉਹਨਾਂ ਦੇ ਦੇਸ਼ ਅਲੱਗ ਹਨ।ਇਸੇ ਤਰਾਂ ਹਾਕੀ ਵਿੱਚ ਪੰਜਾਬੀ ਮੂਲ ਦੇ 6 ਖਿਡਾਰੀ ਕੈਨੇਡਾ ਦੀ ਟੀਮ ਚ ਖੇਡੇ ਹਨ।ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਨੂੰ ਖੇਡਾਂ ਦੇ ਮਾਮਲੇ ਵਿੱਚ ਅੱਗੇ ਲਿਆਉਣ ਲਈ ਸਹਾਇਤਾ ਕੀਤੀ ਜਾਵੇ। ਪੰਜਾਬ ਸਰਕਾਰ ਵੀ ਆਪਣੀ ਖੇਡ ਨੀਤੀ ‘ਚ ਸੋਧ ਕਰ ਰਹੀ ਹੈ ਤੇ ਜਲਦ ਹੀ ਨਵੀਂ ਨੀਤੀ ਲਿਆਂਦੀ ਜਾਵੇਗੀ।