India Punjab

ਅਜ਼ਾਦੀ ਦਿਹਾੜਾ ਕਿਵੇਂ ਮਨਾਵੇ ਸਿੱਖ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਜਾਰੀ

ਦ ਖ਼ਾਲਸ ਬਿਊਰੋ : ਇਸ ਵਾਰ 15 ਅਗਸਤ ਨੂੰ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਵੀ 14 ਅਗਸਤ ਨੂੰ ਜਸ਼ਨ-ਏ-ਆਜ਼ਾਦੀ ਮਨਾਉਣ ਜਾ ਰਿਹਾ ਹੈ। ਆਜ਼ਾਦੀ ਦਿਹਾੜਾ ਮਨਾਉਣ ਦੇ ਲਈ ਸਰਕਾਰਾਂ, ਆਮ ਲੋਕ ਪੱਬਾਂ ਭਾਰ ਹਨ, ਉਤਸ਼ਾਹਿਤ ਹਨ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਮ ਲੋਕਾਂ ਦੇ ਨਾਂ ਇੱਕ ਜ਼ਰੂਰੀ ਸੰਦੇਸ਼ ਜਾਰੀ ਕੀਤਾ ਹੈ।

ਗੁਰਦੁਆਰਾ ਸ਼੍ਰੀ ਅਕਾਲ ਤਖਤ ਸਾਹਿਬ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 15 ਅਗਸਤ 1947 ਨੂੰ ਸਾਂਝੇ ਪੰਜਾਬ ਦੇ ਹੋਏ ਦੋ ਟੁਕੜਿਆਂ ਦੀ ਘਟਨਾ ਨੂੰ ਯਾਦ ਕਰਦਿਆਂ ਦੁਨੀਆ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਭਾਰਤ ਅਤੇ ਪਾਕਿਸਤਾਨ ਦੀ ਵੰਡ ਵੇਲੇ ਭਾਰੀ ਕੀਮਤ ਚੁਕਾਉਣ ਵਾਲੇ ਲੋਕ ਜਿਨ੍ਹਾਂ ਨੇ ਆਪਣੇ ਘਰ-ਬਾਰ ਛੱਡੇ, ਦੀ ਯਾਦ ਵਿੱਚ 10 ਅਗਸਤ ਤੋਂ 16 ਅਗਸਤ ਤੱਕ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਨ ਅਤੇ 10 ਮਿੰਟ ਮੂਲ ਮੰਤਰ, ਜਪੁਜੀ ਸਾਹਿਬ ਜੀ ਦਾ ਪਾਠ, ਸਿਮਰਨ ਕਰਨ ਦੀ ਅਪੀਲ ਕੀਤੀ। 16 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਸਵੇਰੇ 9 ਵਜੇ ਅਰਦਾਸ ਕੀਤੀ ਜਾਵੇਗੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੇ ਲੋਕਾਂ ਨੂੰ 16 ਅਗਸਤ ਨੂੰ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦੀ ਵੰਡ ਦੀ ਕੀਮਤ ਆਪਣੇ ਉਜਾੜੇ ਅਤੇ ਭਾਰੀ ਜਾਨ ਮਾਲ ਦੇ ਰੂਪ ਵਿੱਚ ਚੁਕਾਉਣ ਵਾਲੇ ਪੰਜਾਬੀਆਂ ਦੀ ਯਾਦ ਕਿਤੇ ਚੇਤਿਆਂ ਦੀ ਗਰਦਸ਼ ਵਿੱਚ ਗੁਆਚੀ ਨਜ਼ਰ ਆ ਰਹੀ ਹੈ। ਅੱਜ ਤੋਂ 75 ਵਰ੍ਹੇ ਪਹਿਲਾਂ 10 ਅਗਸਤ 1947 ਤੋਂ ਲੈ ਕੇ 16 ਅਗਸਤ 1947 ਤੱਕ ਦੇਸ਼ ਦੇ ਬਟਵਾਰੇ ਵੇਲੇ ਸਿਆਸੀ ਨੇਤਾਵਾਂ ਦੀ ਫਿਰਕਾਪ੍ਰਸਤ ਸੋਚ ਦੇ ਕਾਰਨ ਸਾਂਝੇ ਪੰਜਾਬ ਦੇ ਜਿੱਥੇ ਦੋ ਟੁਕੜੇ ਹੋਏ, ਉੱਥੇ ਹੀ ਲੱਖਾਂ ਸਿੱਖਾਂ ਅਤੇ ਹਿੰਦੂਆਂ ਨੂੰ ਫਿਰਕਾਪ੍ਰਸਤ ਅੱਗ ਦਾ ਸ਼ਿਕਾਰ ਹੋਣਾ ਪਿਆ।

ਲੱਖਾਂ ਹੀ ਧੀਆਂ-ਭੈਣਾਂ ਨੇ ਆਪਣੀਆਂ ਇੱਜ਼ਤਾਂ ਬਚਾਉਣ ਦੇ ਲਈ ਖੂਹਾਂ, ਨਹਿਰਾਂ ਵਿੱਚ ਛਾਲਾਂ ਮਾਰੀਆਂ। ਹਰੀਆਂ-ਭਰੀਆਂ ਫਸਲਾਂ, ਘਰਾਂ ਨੂੰ ਛੱਡ ਕੇ ਸਿੱਖਾਂ ਅਤੇ ਹਿੰਦੂਆਂ ਨੂੰ ਉੱਜੜਨਾ ਪਿਆ। ਮਜ਼੍ਹਬ ਅਤੇ ਜਨੂੰਨ ਵਿੱਚ ਅੰਨ੍ਹੀਆਂ ਭੀੜਾਂ ਨੇ ਇੱਦਾਂ ਦਾ ਘਮਸਾਣ ਮਚਾਇਆ ਕਿ ਹਰ ਪਾਸੇ ਲਹੂ ਦੀਆਂ ਨਦੀਆਂ ਵਹਿ ਤੁਰੀਆਂ। ਦਸ ਲੱਖ ਦੇ ਕਰੀਬ ਪੰਜਾਬੀ ਜਿਨ੍ਹਾਂ ਵਿੱਚ ਹਿੰਦੂ, ਸਿੱਖ, ਮੁਸਲਮਾਨ ਸਨ, ਉਹ ਮਾਰੇ ਗਏ।

ਜਥੇਦਾਰ ਨੇ ਕਿਹਾ ਕਿ ਬੇਸ਼ੱਕ ਵੰਡ ਦਾ ਹਿੰਦੂਆਂ, ਮੁਸਲਮਾਨਾਂ ਨੂੰ ਸੇਕ ਝੱਲਣਾ ਪਿਆ ਪਰ ਸਿੱਖਾਂ ਨੂੰ ਪਾਕਿਸਤਾਨ ਵਿੱਚ ਸਥਿਤ ਆਪਣੇ ਗੁਰਧਾਮਾਂ ਤੋਂ ਵਿਛੜਣਾ ਪਿਆ। ਬਹੁਤ ਸਾਰੀਆਂ ਜਾਨਾਂ, ਜਮੀਨ ਜਾਇਦਾਦਾਂ ਗਵਾਉਣੀਆਂ ਪਈਆਂ। ਸਿੱਖਾਂ ਨੂੰ ਮੁੜ ਕਦੇ ਨਾ ਆਵਾਂਗੇ ਆਖ ਕੇ ਸਿੱਖਾਂ ਨੂੰ ਅਟਾਰੀ ਟੱਪਣਾ ਪਿਆ ਸੀ। ਜਿੱਥੇ ਸਿੰਘਾਂ ਨੂੰ ਆਪਣਾ ਧਾਰਮਿਕ ਸਥਾਨਾਂ ਤੋਂ ਵਿਛੜਣਾ ਪਿਆ, ਉੱਥੇ ਹੀ ਹਿੰਦੂ ਭਾਈਚਾਰੇ ਨੂੰ ਵੀ ਆਪਣੇ ਪ੍ਰਾਚੀਨ ਮੰਦਿਰਾਂ ਤੋਂ ਦੂਰ ਹੋਣਾ ਪਿਆ।

ਇਸੇ ਦੌਰਾਨ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪਿਛਲੇ ਦਿਨੀਂ ਕਿਹਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਬਾਅਦ ਜੇ ਕਿਸੇ ਨੂੰ ਲਾਲ ਕਿਲ੍ਹੇ ਉੱਤੇ ਚੜਨ ਦਾ ਹੱਕ ਹੈ ਤਾਂ ਉਹ ਸਿੱਖ ਹਨ। ਮਲਿਕ ਨੇ ਕਿਹਾ ਕਿ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲਾਲ ਕਿਲ੍ਹੇ ਦੀ ਸਰਦਲ ਉੱਤੇ ਕੁਰਬਾਨੀ ਦਿੱਤੀ ਸੀ।

ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ 15 ਅਗਸਤ ਨੂੰ ਘਰਾਂ ‘ਤੇ ਤਿਰੰਗਾ ਦੀ ਥਾਂ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਜਾਣ ਦੀ ਅਪੀਲ ਕੀਤੀ ਹੈ। ਮਾਨ ਨੇ ਕਿਹਾ ਸੀ ਕਿ ਸਿੱਖ ਕੌਮ ਦਾ ਝੰਡਾ ਹਮੇਸ਼ਾ ਝੂਲਦਾ ਰਹਿਣਾ ਚਾਹੀਦਾ ਹੈ, ਜਿਹੜੀ ਕਿ ਇੱਕ ਰੀਤ ਹੈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ

ਉੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਮਰਨਜੀਤ ਸਿੰਘ ਮਾਨ ਦੇ ਇਸ ਬਿਆਨ ਨੂੰ ਲੈ ਕੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਿਮਰਨਜੀਤ ਸਿੰਘ ਵੱਲੋਂ ਸੰਵਿਧਾਨ ਦੀ ਸਹੁੰ ਖਾਣ ਤੋਂ ਬਾਅਦ ਤਿਰੰਗੇ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਇਨ੍ਹਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ, ਜਿਸਨੂੰ ਉਹਨਾਂ ਬੰਦ ਕਰਨ ਦਾ ਦਾਅਵਾ ਕੀਤਾ ਹੈ।