Punjab

‘ਪ੍ਰਤਾਪ ਬਾਜਵਾ ਤਾਂ ਕੈਪਟਨ ਦੇ ਕੰਮਾਂ ਤੋਂ ਸ਼ਰਮਿੰਦੇ’

ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਜ਼ਮੀਨਾਂ ਦੀ ਜਮਾਂਬੰਦੀ ਆਨਲਾਈਨ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਰਜਿਸਟਰੀਆਂ ਦਾ ਕੰਮ ਆਨਲਾਈਨ ਕਰਨ ਤੋਂ ਬਾਅਦ ਅਸ਼ਟਾਮਾਂ ਦਾ ਵਿਕਰੀ ਵੀ ਆਨਲਾਈਨ ਕਰ ਦਿੱਤੀ ਹੈ। ਪੰਜਾਬ  ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਇਹ ਅਹਿਮ ਐਲਾਨ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦਾ ਤਹਿਸੀਲਾਂ ਅਤੇ ਸਰਕਾਰੀ ਦਫਤਰਾਂ ਵਿੱਚ ਹੁੰਦੀ ਲੁੱਟ ਰੋਕਣ ਲਈ ਵਚਨਬੱਧ ਹੈ।

ਉਨ੍ਹਾਂ ਨੇ ਕਿਹਾ ਕਿ ਹੁਣ ਜਦੋਂ ਜ਼ਮਾਨਾ ਆਨਲਾਈਨ ਦਾ ਹੈ ਤਾਂ ਸਰਕਾਰ ਦਾ ਮਾਲ ਵਿਭਾਗ ਪਿੱਛੇ ਨਹੀਂ ਰਹਿਣਾ ਚਾਹੁੰਦਾ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਵਿਭਾਗ ਦਾ ਕੰਮਕਾਜ ਆਨਲਾਈਨ ਕਰਨ ਤੋਂ ਬਾਅਦ ਆਮ ਲੋਕ ਰਾਹਤ ਮਹਿਸੂਸ ਕਰਨ ਲੱਗੇ ਹਨ ।  ਅਸ਼ਟਾਮ ਫਰੋਸ਼ਾਂ ਵੱਲੋਂ ਸ਼ੁਰੂ ਕੀਤੇ ਵਿਰੋਧ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਸ ਨਾਲ ਉਨ੍ਹਾਂ ਦੇ ਕਾਰੋਬਾਰ ਉੱਤੇ ਫ਼ਰਕ ਨਹੀਂ ਪਵੇਗਾ ਅਤੇ ਸਰਕਾਰ ਦੇ ਫੈਸਲੇ ਦੀ ਅਗਾਂਊ ਸੂਚਨਾ ਦੇ ਦਿੱਤੀ ਗਈ ਸੀ।

ਮਾਲ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਗੈਰਕਾਨੂੰਨੀ ਕਲੋਨੀਆਂ ਨੂੰ ਲੀਗਲ ਕਰਨ ਦੀ ਕੋਈ ਵਿਚਾਰ ਨਹੀਂ ਰੱਖਦੀ ਪਰ ਨਵੀਆਂ ਸ਼ਰਤਾਂ ਤਹਿਤ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਜਲਦ ਜਾਰੀ ਕੀਤੇ ਜਾਣਗੇ ਤਾਂ ਜੋਂ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਟਵਾਰੀਆਂ ਦੀਆਂ ਇੱਕ ਹਜ਼ਾਰ ਪੋਸਟਾਂ ਤਾਂ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਖਤਮ ਕਰ ਦਿੱਤੀਆਂ ਗਈਆਂ ਸਨ ਅਤੇ ਜੇ ਲੋੜ ਪਈ ਤਾਂ ਪੋਸਟਾਂ ਮੁੜ ਤੋਂ ਸੁਰਜੀਤ ਕੀਤੀਆਂ ਜਾਣਗੀਆਂ।

 ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਜਿੰਨੇ ਮਰਜ਼ੀ ਸੋਹਲੇ ਗਾਈ ਜਾਣ ਪਰ ਅੰਦਰੋਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੋਂ ਸ਼ਰਮਿੰਦੇ ਹਨ।