‘ਦ ਖ਼ਾਲਸ ਬਿਊਰੋ : 15 ਅਗਸਤ ਨੂੰ ਦੇਸ਼ ਦੇ ਅਜ਼ਾਦੀ ਦਿਹਾੜੇ ਮੌਕੇ ਤਿਰੰਗੇ ਦੀ ਥਾਂ ਕੁਝ ਸਿੱਖ ਜਥੇਬੰਦੀਆਂ ਵੱਲੋਂ ਘਰਾਂ ਤੇ ਕੇਸਰੀ ਝੰਡੇ ਝੁਲਾਉਣ ਦੇ ਦਿੱਤੇ ਪ੍ਰੋਗਰਾਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਓਹਨਾ ਦਾ ਨਿੱਜੀ ਪ੍ਰੋਗਰਾਮ ਦੱਸਿਆ ਹੈ। ਦਲ ਖਾਲਸਾ ਵੱਲੋਂ ਘਰਾਂ ਤੇ ਝੁਲਾਏ ਜਾਣ ਵਾਲੇ ਕੇਸਰੀ ਝੰਡੇ ਮੁੱਹਈਆ ਕਰਵਾਉਣ ਦੀ ਸ਼੍ਰੋਮਣੀ ਕਮੇਟੀ ਨੂੰ ਕੀਤੀ ਅਪੀਲ ਤੇ ਜਵਾਬ ਨਾ ਦਿੰਦਿਆਂ ਭਾਈ ਧਾਮੀ ਨੇ ਕਿਹਾ ਕਿ 15 ਅਗਸਤ ਨੂੰ ਲੈ ਕੇ ਕੀ ਪ੍ਰੋਗਰਾਮ ਉਲੀਕਣਾ ਹੈ ਇਹ ਅਸੀਂ 10 ਅਗਸਤ ਨੂੰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਚ ਵਿਚਾਰਾਂਗੇ। ਧਾਮੀ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਸਥਾਪਨਾ ਦਿਵਸ ਸਮਾਗਮਾਂ ਚ ਸ਼ਾਮਿਲ ਹੋਣ ਪੁੱਜੇ ਹੋਏ ਸਨ। ਹਰਜਿੰਦਰ ਸਿੰਘ ਧਾਮੀ ਨੇ ਗੁਰੂ ਕੇ ਬਾਗ ਮੋਰਚੇ ਦੇ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਗਮ ਵਿੱਚ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ 30 ਅਗਸਤ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਿੱਖ ਸੰਗਤ ਨੂੰ ਪੁੱਜਣ ਦੀ ਅਪੀਲ ਕੀਤੀ ਹੈ।
ਲੰਘੇ ਕੱਲ੍ਹ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ 15 ਅਗਸਤ ਨੂੰ ਘਰ ਘਰ ਤਿਰੰਗਾ ਮੁਹਿੰਮ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਲੋਕਾਂ ਆਪਣੇ ਘਰਾਂ ‘ਤੇ ਤਿਰੰਗਾ ਝੰਡਾ ਲਾਉਣ ਦੀ ਥਾਂ ਕੇਸਰੀ ਰੰਗ ਦੇ ਝੰਡੇ ਲਗਾਉਣ ਦੀ ਅਪੀਲ ਕੀਤੀ ਸੀ। ਮਾਨ ਨੇ ਕਿਹਾ ਸੀ ਕਿ ਕੇਸਰੀ ਝੰਡਾ ਲਾ ਕੇ ਆਪਣੀ ਆਜ਼ਾਦ ਹਸਤੀ ਨੂੰ ਕਾਇਮ ਰਖਣਾ ਚਾਹੀਦਾ ਹੈ। ਤਿਰੰਗੇ ਲਹਿਰਾ ਕੇ ਸਾਨੂੰ ਉਲਝਾ ਕੇ ਸਾਡੀ ਵੱਖਰੀ ਸੋਚ, ਪਛਾਣ ਤੇ ਆਜ਼ਾਦੀ ਦੇ ਮਕਸਦ ਨੂੰ ਕੱਟੜਵਾਦੀ ਸੋਚ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੂਜੇ ਬੰਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਮਰਨਜੀਤ ਸਿੰਘ ਦੇ ਇਸ ਬਿਆਨ ਨੂੰ ਲੈ ਕੇ ਉਨ੍ਹਾਂ ‘ਤੇ ਤਿੱਖਾ ਹਮ ਲਾ ਕੀਤਾ ਸੀ। ਮਾਨ ਨੇ ਕਿਹਾ ਸੀ ਕਿ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਸਿਮਰਜੀਤ ਸਿੰਘ ਵਲੋਂ ਸੰਵਿਧਾਨ ਦੀ ਸਹੁੰ ਖਾਣ ਤੋਂ ਬਾਅਦ ਤਿਰੰਗੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮਾਨ ਨੇ ਕਿਹਾ ਸੀ ਕਿ ਇਨ੍ਹਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ ਇਨਾਂ ਦੁਕਾਨਾਂ ਨੂੰ ਬੰਦ ਕਰਾਂਗੇ। ਮਾਨ ਨੇ ਕਿਹਾ ਕਿ ਇਹ ਦੇਸ਼ ਸਾਨੂੰ ਸ਼ਹੀਦਾਂ ਅਤੇ ਪੁਰਖਿਆਂ ਨੇ ਦਿੱਤਾ ਹੈ। ਅਸੀਂ 90 ਫੀਸਦੀ ਕੁਰਬਾਨੀਆਂ ਦਿੱਤੀਆਂ ਹਨ।
ਇਹ ਸਾਰੀਆਂ ਦੁਕਾਨਾਂ ਉਨ੍ਹਾਂ ਲਈ ਹਨ ਜਿਨ੍ਹਾਂ ਨੂੰ ਝੰਡੇ ਪਸੰਦ ਨਹੀਂ ਹਨ। ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਚਾਹੀਦੀਆਂ ਹਨ, ਉਨ੍ਹਾਂ ਦੀਆਂ ਦੁਕਾਨਾਂ ਦਾ ਕੋਈ ਗਾਹਕ ਨਹੀਂ ਹੈ।ਇਸ ਤੋਂ ਪਹਿਲਾਂ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਅੱਤ ਵਾਦੀ ਕਿਹਾ ਸੀ, ਜਿਸ ਦਾ ਸੀ.ਐੱਮ. ਭਗਵੰਤ ਮਾਨ ਨੇ ਵੀ ਸਖ਼ਤ ਵਿਰੋਧ ਕੀਤਾ ਸੀ।