‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ਪ੍ਰਸ਼ਾਸਨ ਨੇ ਦੋਪਹੀਆ ਵਾਹਨ ਚਲਾਉਣ ਵਾਲੀਆਂ ਸਿੱਖ ਔਰਤਾਂ ਲ਼ਈ ਹੈਲਮੇਟ ਲਾਜ਼ਮੀ ਕਰ ਦਿੱਤਾ ਹੈ। ਇਹ ਫੈਸਲਾ ਅੱਜ ਰੋਡ ਸੇਫ਼ਟੀ ਕੌਂਸਲ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਨਵੇਂ ਫੈਸਲੇ ਮੁਤਾਬਕ ਹੈਲਮੇਟ ਪਾਉਣ ਤੋਂ ਛੋਟ ਸਿਰਫ਼ ਉਨ੍ਹਾਂ ਸਿੱਖ ਔਰਤਾਂ ਨੂੰ ਹੋਵੇਗੀ, ਜਿਹੜੀਆਂ ਸਿਰ ਉੱਤੇ ਦੁਮਾਲਾ ਜਾਂ ਦਸਤਾਰ ਸਜਾਉਂਦੀਆਂ ਹਨ। ‘ਦ ਖ਼ਾਲਸ ਟੀਵੀ ਵੱਲੋਂ ਨੌਂ ਦਿਨ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਸੰਭਾਵਿਤ ਫੈਸਲੇ ਬਾਰੇ ਪ੍ਰਮੁੱਖਤਾ ਨਾਲ ਖ਼ਬਰ ਛਾਪੀ ਗਈ ਸੀ।
ਸੂਤਰਾਂ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਲਦ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਨੋਟੀਫਿਕੇਸ਼ਨ ਅਨੁਸਾਰ ਦਸਤਾਰ ਸਜਾਉਣ ਵਾਲੇ ਵਿਅਕਤੀ ਨੂੰ ਹੀ ਹੈਲਮੇਟ ਤੋਂ ਛੋਟ ਦਿੱਤੀ ਜਾਵੇਗੀ ਜਦਕਿ ਦਸਤਾਰ ਜਾਂ ਦੁਮਾਲਾ ਨਾ ਸਜਾਉਣ ਵਾਲੀਆਂ ਔਰਤਾਂ ਨੂੰ ਹੈਲਮੇਟ ਪਹਿਨਣਾ ਲਾਜ਼ਮੀ ਹੋਵੇਗਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਬਿਨਾਂ ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਵੀ ਦੋਪਹੀਆ ਵਾਹਨ ਚਲਾਉਣ ਵਾਲੀਆਂ ਔਰਤਾਂ ਲ਼ਈ ਹੈਲਮੇਟ ਲਾਜ਼ਮੀ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਉੱਚ ਅਦਾਲਤ ਦਾ ਫੈਸਲਾ ਸਾਲ 2018 ਵਿੱਚ ਲਾਗੂ ਕਰ ਦਿੱਤਾ ਗਿਆ ਸੀ ਪਰ ਸਿੱਖ ਜਥੇਬੰਦੀਆਂ ਦੇ ਵਿਰੋਧ ਅਤੇ ਉਸ ਵੇਲੇ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਦਖ਼ਲ ਤੋਂ ਬਾਅਦ ਉਨ੍ਹਾਂ ਸਿੱਖ ਔਰਤਾਂ ਨੂੰ ਹੈਲਮੇਟ ਪਹਿਨਣ ਤੋਂ ਛੋਟ ਦਿੱਤੀ ਗਈ ਸੀ ਜਿਨ੍ਹਾਂ ਦੇ ਨਾਂ ਨਾਲ ਸਿੰਘ ਜਾਂ ਕੌਰ ਲੱਗਦਾ ਹੈ।
ਕੌਂਸਲ ਨੇ ਸ਼ਹਿਰ ਵਿਚਲੀ ਭੀੜ ਵਾਲੀਆਂ ਸੜਕਾਂ ਉੱਤੇ ਵਾਹਨ ਰੋਕਣ ਜਾਂ ਖੜਾਉਣ ਉੱਤੇ ਪਾਬੰਦੀ ਲਗਾ ਦਿੱਤੀ ਹੈ। ਸ਼ਹਿਰ ਵਿਚਲੇ ਸਕੂਲਾਂ ਅਤੇ ਹਸਪਤਾਲਾਂ ਨੇੜੇ ਦੀਆਂ ਸੜਕਾਂ ਉੱਤੇ ਟ੍ਰੈਫਿਕ ਨਿਯਮ ਲਾਗੂ ਕਰਾਉਣ ਅਤੇ ਟ੍ਰੈਫਿਕ ਨੂੰ ਆਸਾਨੀ ਨਾਲ ਚੱਲਣ ਦੇਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।