India Punjab

ਲੋਕਸਭਾ ‘ਚ ਕਿਸ ਨੇ ਦ੍ਰੌਪਦੀ ਮੁਰਮੂ ਨੂੰ ‘ਰਾਸ਼ਟਰਪਤਨੀ’ਕਿਹਾ! ਫਿਰ ਮੁਆਫੀ ਤੋਂ ਕੀਤਾ ਇਨਕਾਰ

ਲੋਕਸਭਾ ਵਿੱਚ ਕਾਂਗਰਸ ਅਤੇ ਬੀਜੇਪੀ ਵਿਚਾਲੇ ਤਿੱਖੀ ਬਹਿਸ

‘ਦ ਖ਼ਾਲਸ ਬਿਊਰੋ :- ਲੋਕਸਭਾ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਆਪਣੇ ਬਿਆਨਾਂ ਨਾਲ ਹਮੇਸ਼ਾ ਵਿਵਾਦਾਂ ਵਿੱਚ ਰਹਿੰਦੇ ਹਨ। ਹੁਣ ਦੇਸ਼ ਦੀ ਨਵੀਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਲੈ ਕੇ ਉਨ੍ਹਾਂ ਦੇ ਬਿਆਨ ‘ਤੇ ਲੋਕਸਭਾ ਦੇ ਨਾਲ ਰਾਜਸਭਾ ਵਿੱਚ ਜੰਮ ਕੇ ਹੰਗਾਮਾ ਹੋਇਆ ਹੈ। ਦਰਅਸਲ, ਲੋਕ ਸਭਾ ਕੰਪਲੈਕਸ ਵਿੱਚ ਅਧੀਰ ਰੰਜਨ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ‘ਰਾਸ਼ਟਰਪਤਨੀ’ ਕਿਹਾ ਸੀ। ਇਸ ‘ਤੇ ਬੀਜੇਪੀ ਦੀ ਮਹਿਲਾ ਮੈਂਬਰ ਪਾਰਲੀਮੈਂਟਾਂ ਨੇ ਲੋਕਸਭਾ ਅਤੇ ਰਾਜਸਭਾ ਵਿੱਚ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਅਧੀਰ ਰੰਜਨ ਚੌਧਰੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਪਾਰਲੀਮੈਂਟ ਵਿੱਚ ਮੁਆਫੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਅਧੀਰ ਰੰਜਨ ਚੌਧਰੀ ਦੀ ਸਫਾਈ

ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਬੀਜੇਪੀ ਦੇ ਹੰਗਾਮੇ ਤੋਂ ਬਾਅਦ ਸਫਾਈ ਦਿੱਤੀ। ਉਨ੍ਹਾਂ ਕਿਹਾ ਕਿ ‘ਮੈਂ ਗਲਤੀ ਨਾਲ ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤਨੀ ਕਹਿ ਦਿੱਤਾ ਸੀ। ਹੁਣ ਕੀ ਤੁਸੀਂ ਮੈਨੂੰ ਫਾਂਸੀ ‘ਤੇ ਚੜਾ ਦਿਉਗੇ ਤਾਂ ਚੜਾ ਦਿਉ। ਬੀਜੇਪੀ ਤਿਲ ਦਾ ਤਾੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਤੋਂ ਮਿਲਣ ਦਾ ਸਮਾਂ ਮੰਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਤੋਂ ਮੁਆਫੀ ਮੰਗਾਂਗਾ, ਪਾਖੰਡੀਆਂ ਤੋਂ ਨਹੀਂ’।

ਅਧੀਰ ਰੰਜਨ ਚੌਧਰੀ ਦਾ ਵਿ ਵਾਦਿਤ ਬਿਆਨ

ਅਧੀਰ ਰੰਜਨ ਚੌਧਰੀ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ ਜਾ ਰਹੇ ਸਨ। ਮੀਡੀਆ ਨੇ ਜਦੋਂ ਉਨ੍ਹਾਂ ਨੂੰ ਕੋਈ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਾਣ ਨਹੀਂ ਦਿੱਤਾ ਗਿਆ ਤਾਂ ਅੱਜ ਵੀ ਜਾਣ ਦੀ ਕੋਸ਼ਿਸ਼ ਕਰਾਂਗੇ । ‘ਹਿੰਦੂਸਤਰ ਦੀ ਰਾਸ਼ਟਰਪਤਨੀ ਸਭ ਦੇ ਲਈ ਹੈ, ਸਾਡੇ ਲਈ ਕਿਉਂ ਨਹੀਂ’। ਬਸ ਫਿਰ ਕੀ ਸੀ, ਬੀਜੇਪੀ ਦੀ ਮਹਿਲਾ ਮੈਂਬਰ ਪਾਰਲੀਮੈਂਟ ਨੇ ਜੰਮ ਕੇ ਹੰਗਾਮਾ ਕੀਤਾ ਅਤੇ ਸੋਨੀਆ ਗਾਂਧੀ ਨੂੰ ਮੁਆਫੀ ਮੰਗਣ ਦੇ ਲਈ ਕਿਹਾ। ਜਦੋਂ ਉਨ੍ਹਾਂ ਨੇ ਮਨ੍ਹਾ ਕੀਤਾ ਤਾਂ ਹੰਗਾਮੇ ਦੀ ਵਜ੍ਹਾ ਕਰਕੇ ਦੋਵੇਂ ਸਦਨਾਂ ਦੀ ਕਾਰਵਾਈ ਮੁਲਤਵੀ ਕਰਨੀ ਪਈ। ਇਸ ਪਾਰਲੀਮੈਂਟ ਸੈਸ਼ਨ ਵਿੱਚ ਪਹਿਲੀ ਵਾਰ ਬੀਜੇਪੀ ਦੇ ਹੰਗਾਮੇ ਦੀ ਵਜ੍ਹਾ ਕਰਕੇ ਕਾਰਵਾਈ ਮੁਲਤਵੀ ਕਰਨੀ ਪਈ ਹੈ ਜਦਕਿ ਇਸ ਤੋਂ ਪਹਿਲਾਂ ਵਿਰੋਧੀ ਧਿਰ ਪਾਰਲੀਮੈਂਟ ਵਿੱਚ GST ਨੂੰ ਲੈ ਕੇ ਲਗਾਤਾਰ ਸਰਕਾਰ ਨੂੰ ਘੇਰ ਰਿਹਾ ਹੈ।