ਚੰਡੀਗੜ੍ਹ ਦੇ ਸੇਂਟ ਕਬੀਰ ਪਬਲਿਕ ਸਕੂਲ ਅਤੇ DPS ਸਕੂਲ ਵਿੱਚ ਵੇਖੇ ਗਏ ਲੱਛਣ
‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ਦੇ ਸਕੂਲਾਂ ਵਿੱਚ ਖ਼ਤਰੇ ਦਾ ਟੱਲ ਇੱਕ ਵਾਰ ਫਿਰ ਤੋਂ ਖੜਕਿਆ ਹੈ। ਮੁਹਾਲੀ ਦੇ ਯਾਦਵਿੰਦਰਾ ਪਬਲਿਕ ਸਕੂਲ ਤੋਂ ਬਾਅਦ ਚੰਡੀਗੜ੍ਹ ਦੇ ਸੇਂਟ ਕਬੀਰ ਸੈਕਟਰ 26 ਅਤੇ ਦਿੱਲੀ ਪਬਲਿਕ ਸਕੂਲ ਸੈਕਟਰ 40 ਦੇ ਬੱਚੇ ਮੂੰਹ, ਹੱਥ ਅਤੇ ਪੈਰ ਦੀ ਬਿਮਾਰੀ ਦੀ ਲਪੇਟ ਵਿੱਚ ਆ ਗਏ ਹਨ। ਸੇਂਟ ਕਬੀਰ ਅਤੇ ਦਿੱਲੀ ਪਬਲਿਕ ਸਕੂਲ ਨੇ 28 ਜੁਲਾਈ ਤੋਂ 2 ਅਗਸਤ ਤੱਕ ਪ੍ਰਾਈਮਰੀ ਵਿੰਗ ਬੰਦ ਕਰ ਦਿੱਤਾ ਹੈ। ਮੂੰਹ, ਹੱਥ ਅਤੇ ਪੈਰ ਦੀ ਬਿਮਾਰੀ ਨੂੰ ਮੰਕੀਪੌਕਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਕਰੋਨਾ ਅਤੇ ਮੰਕੀਪੌਕਸ ਵਧਣ ਨਾਲ ਬੱਚਿਆਂ ਦੇ ਮਾਪਿਆਂ ਵਿਸ਼ੇਸ਼ ਕਰਕੇ ਸਕੂਲ ਪ੍ਰਬੰਧਕਾਂ ਵਿੱਚ ਦਹਿਸ਼ਤ ਵਧਣ ਲੱਗੀ ਹੈ।
ਇਨ੍ਹਾਂ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਪੱਤਰ ਭੇਜ ਕੇ ਕਿਹਾ ਗਿਆ ਹੈ ਕਿ ਜਿਹੜੇ ਬੱਚੇ ਬੱਸਾਂ ਰਾਹੀਂ ਸਕੂਲ ਆਉਂਦੇ ਜਾਂਦੇ ਹਨ, ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਹੈ। ਨੋਟੀਫਿਕੇਸ਼ਨ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜੇ ਬੱਚੇ ਖਾਂਸੀ ਜਾਂ ਬੁਖਾਰ ਸਮੇਤ ਹੱਥਾਂ ਪੈਰਾਂ ਉੱਤੇ ਖੁਰਕ ਦੀ ਸ਼ਿਕਾਇਤ ਕਰਨ ਤਾਂ ਇਸਦੀ ਸੂਚਨਾ ਤੁਰੰਤ ਸਕੂਲ ਨੂੰ ਦਿੱਤੀ ਜਾਵੇ। ਸਕੂਲ ਪ੍ਰਬੰਧਕਾਂ ਨੇ ਮੰਨਿਆ ਕਿ ਪ੍ਰਾਈਮਰੀ ਵਿੰਗ ਦੇ ਬੱਚੇ ਮੌਂਕੀਪੌਕਸ ਬਿਮਾਰੀ ਤੋਂ ਪੀੜਤ ਹੋਣ ਦੇ ਸ਼ੱਕ ਪੈਣ ਉੱਤੇ ਇਹ ਫੈਸਲਾ ਲਿਆ ਗਿਆ ਹੈ। ਸੇਂਟ ਜੌਹਨ ਹਾਈ ਸਕੂਲ ਨੇ ਖ਼ਤਰੇ ਦੇ ਅਹਿਤਿਆਤ ਵਜੋਂ ਪ੍ਰਾਈਮਰੀ ਵਿੰਗ ਦੀਆਂ ਕਲਾਸਾਂ ਆਨਲਾਈਨ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਡਾਇਰੈਕਟਰ ਸਕੂਲ ਸਿੱਖਿਆ ਹਰਸੁਹਿੰਦਰ ਸਿੰਘ ਨੇ ਕਿਹਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਹਾਲੇ ਬਚਾਅ ਹੈ ਅਤੇ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਮਿਲੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਹਤ ਵਿਭਾਗ ਵੱਲੋਂ ਵੀ ਕੋਈ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ ਹੈ। ਇਸੇ ਦੌਰਾਨ ਸਿਹਤ ਵਿਭਾਗ ਨੇ ਚੰਡੀਗੜ੍ਹ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸ਼ੱਕੀ ਮਰੀਜ਼ਾਂ ਨੂੰ ਇਕਾਂਤਵਾਸ ਭੇਜ ਦਿੱਤਾ ਜਾਵੇ। ਮਰੀਜ਼ ਨਾਲ ਬਾਕੀ ਪਰਿਵਾਰ ਦਾ ਮੇਲ ਜੋਲ ਅਤੇ ਦੂਰੀ ਬਣਾ ਕੇ ਰੱਖੀ ਜਾਵੇ। ਸਿਹਤ ਵਿਭਾਗ ਨੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵਧੇਰੇ ਖਿਆਲ ਰੱਖਣ ਲਈ ਕਿਹਾ ਹੈ। ਸਿਹਤ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਆਮ ਕਰਕੇ ਇਸ ਬਿਮਾਰੀ ਵਿੱਚ ਭੁੱਖ ਘੱਟ ਲੱਗਦੀ ਹੈ, ਗਲਾ ਖਰਾਬ ਰਹਿਣ ਲੱਗਦਾ ਹੈ ਅਤੇ ਬੁਖਾਰ ਵੀ ਹੋਣ ਲੱਗਦਾ ਹੈ। ਬਾਅਦ ਵਿੱਚ ਹੱਥਾਂ ਪੈਰਾਂ ਉੱਤੇ ਛਾਲੇ ਹੋ ਜਾਂਦੇ ਹਨ।