Punjab

ਬੰਦੀ ਸਿੰਘਾਂ ਦੀ ਰਿਹਾਈ ਲਈ SGPC ਵੱਲੋਂ ਪੋਸਟਰ ਮੁਹਿੰਮ ਸ਼ੁਰੂ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਆਦੇਸ਼ ਦਿੱਤੇ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਤੇ ਇਨਸਾਫ਼ ਦੇ ਸੰਘਰਸ਼ ਤਹਿਤ ਇਤਿਹਾਸਕ ਗੁਰੂ ਘਰਾਂ ਵਿਖੇ ਸਿੰਘਾਂ ਬਾਰੇ ਜਾਣਕਾਰੀ ਵਾਲੇ ਬੋਰਡ ਲਗਾਉਣੇ ਸ਼ੁਰੂ ਕੀਤੇ ਗਏ ਹਨ।

ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪੰਜਾਬ ‘ਚ ਗੁਰਦੁਆਰਿਆਂ ‘ਚ SGPC ਵੱਲੋਂ ਲਾਏ ਪੋਸਟਰਾਂ ‘ਤੇ ਸਵਾਲ ਚੁੱਕੇ ਹਨ। ਰਵਨੀਤ ਬਿੱਟੂ ਨੇ ਸਖਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਕੀ ਸੁਖਬੀਰ ਬਾਦਲ ਦੇ ਪਰਿਵਾਰ ਨੂੰ ਜੇਕਰ ਇਨ੍ਹਾਂ ਨੇ ਬੰਬ ਨਾਲ ਉਡਾਇਆ ਹੁੰਦਾ ਤਾਂ ਵੀ ਤੁਸੀਂ ਉਨ੍ਹਾਂ ਨੂੰ ਛੁਡਾਉਣ ਦੀ ਗੱਲ ਕਰਦੇ?

ਉਨ੍ਹਾਂ ਕਿਹਾ ਕਿ ਮੈਨੂੰ ਲਗਾਤਾਰ ਖਾਲਿਸਤਾਨੀਆਂ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ ਅਤੇ ਅੱਜ ਸ਼੍ਰੋਮਣੀ ਕਮੇਟੀ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਗੁਰਦੁਆਰਿਆਂ ‘ਚ ਲਗਾਉਣ ਦੀਆਂ ਗੱਲਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ 25 ਹਜ਼ਾਰ ਲੋਕ ਅੱਤਵਾਦ ਦੌਰਾਨ ਸ਼ਹੀਦ ਹੋਏ ਹਨ, ਉਨ੍ਹਾਂ ਨੂੰ ਕੀ ਜਵਾਬ ਦਿਓਗੇ।

ਲੁਧਿਆਣਾ ਤੋਂ ਲੋਕ ਸਭਾ ਮੈਂਬਰ ਬਿੱਟੂ ਨੇ ਕਿਹਾ ਕਿ ਅੱਜ ਮੁੜ ਪੰਜਾਬ ਨੂੰ ਦੁਬਾਰਾ ਅੱਗ ਦੀ ਭੱਠੀ ‘ਚ ਝੋਕਣ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਗੁਰਦੁਆਰਾ ਸਾਹਿਬ ਦੇ ਮਾਮਲਿਆਂ ਵਿੱਚ ਕੁੱਝ ਨਹੀਂ ਕਰ ਸਕਦਾ, ਪਰ ਜੇਕਰ ਬਾਹਰ ਪੋਸਟਰ ਲਗਾਉਗੇ ਤਾਂ ਅਸੀਂ ਵਿਰੋਧ ਕਰਕੇ ਵਿਖਾਵਾਂਗੇ।

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਕਿਹੜੀ ਕੁਰਬਾਨੀ ਦਿੱਤੀ ਹੈ ਕਿ ਐਸਜੀਪੀਸੀ ਪ੍ਰਧਾਨ ਕਠਪੁਤਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਐਸਜੀਪੀਸੀ ਪ੍ਰਧਾਨ ਨੂੰ ਸੁਖਬੀਰ ਬਾਦਲ ਦੀ ਜ਼ਿਆਦਾ ਫਿਕਰ ਹੈ ਤਾਂ ਤੁਸੀ ਅਦਾਲਤ ‘ਚ ਜਾ ਕੇ ਕਾਨੂੰਨੀ ਲੜਾਈ ਲੜੋ ਜਾਂ ਰਾਸ਼ਟਰਪਤੀ ਕੋਲ ਜਾਵੋ।