India

ਕਾਮਨਵੈਲਥ ਗੇਮਸ ‘ਚ ਭਾਰਤ ਨੂੰ ਝਟਕਾ ! ਇਸ ਵਜ੍ਹਾ ਨਾਲ ਨੀਰਜ ਚੋਪੜਾ ਗੇਮਸ ਤੋਂ ਬਾਹਰ

ਓਲੰਪਿਕ ਵਿੱਚ ਭਾਰਤ ਨੂੰ ਐਥਲੀਟ ਵਿੱਚ ਨੀਰਜ ਚੋਪੜਾ ਨੇ ਪਹਿਲਾਂ ਗੋਲਡ ਮੈਡਲ ਜਿਤਾਇਆ ਸੀ

‘ਦ ਖ਼ਾਲਸ ਬਿਊਰੋ : ਕਾਮਨਵੈਲਥ ਗੇਮਸ (Comman wealth Games) ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਿਆ ਹੈ। ਓਲੰਪਿਕ ਵਿੱਚ ਗੋਲਡ ਮੈਡਲ ਜੇਤੂ ਐਥਲੀਟ ਨੀਰਜ ਚੋਪੜਾ ਤੋਂ ਭਾਰਤ ਨੂੰ ਗੋਲਡ ਮੈਡਲ ਦੀ ਪੂਰੀ ਉਮੀਦ ਸੀ ਪਰ ਵਰਲਡ ਐਥਲੇਟਿਕਸ ਚੈਂਪੀਅਨਸ਼ਿਪ ਦੇ ਜੇਵਲਿਨ ਫਾਇਨਲ ਵਿੱਚ ਸੱਟ ਲੱਗਣ ਦੀ ਵਜ੍ਹਾ ਕਰਕੇ ਨੀਰਜ ਚੋਪੜਾ ਨੂੰ ਆਪਣਾ ਨਾਂ ਵਾਪਸ ਲੈਣਾ ਪਿਆ ਹੈ।

ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਮਿਹਤਾ ਨੇ ਇਸ ਦੀ ਤਸਦੀਕ ਕਰ ਦਿੱਤੀ ਹੈ। ਪਿਛਲੇ ਹਫਤੇ ਹੀ ਨੀਰਜ ਨੇ ਵਰਲਡ ਐਥਲੇਟਿਕਸ ਵਿੱਚ ਸੱਟ ਲੱਗਣ ਦੇ ਬਾਵਜੂਦ ਸਿਲਵਰ ਮੈਡਲ ਆਪਣੇ ਨਾਂ ਕੀਤਾ ਸੀ।

ਨੀਰਜ ਨੂੰ ਅਰਾਮ ਦੀ ਸਲਾਹ

ਵਰਲਡ ਐਥਲੇਟਿਕਸ ਵਿੱਚ ਨੀਰਜ ਚੋਪੜਾ ਨੂੰ ਸੱਟ ਲੱਗੀ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ MRI ਟੈਸਟ ਹੋਇਆ, ਜਿਸ ਵਿੱਚ ਗ੍ਰੋਇਨ ਸੱਟ ਬਾਰੇ ਜਾਣਕਾਰੀ ਮਿਲੀ। ਇਸ ਦੇ ਲਈ ਨੀਰਜ ਚੋਪੜਾ ਨੂੰ ਡਾਕਟਰਾਂ ਨੇ ਇੱਕ ਮਹੀਨੇ ਅਰਾਮ ਦੀ ਸਲਾਹ ਦਿੱਤੀ ਹੈ। 28 ਜੁਲਾਈ ਨੂੰ ਕਾਮਨਵੈਲਥ ਗੇਮਸ ਸ਼ੁਰੂ ਹੋਣੀਆਂ ਹਨ। ਜਦਕਿ ਨੀਰਜ ਚੋਪੜਾ ਦਾ ਜੇਵਲਿਨ ਥ੍ਰੋ ਦਾ ਮੈਚ 5 ਅਗਸਤ ਨੂੰ ਸੀ ਇਸ ਦੌਰਾਨ ਨੀਰਜ ਚੋਪੜਾ ਰਿਕਵਰ ਨਹੀਂ ਹੋ ਸਕਦਾ ਸੀ। ਇਸ ਲਈ ਨੀਰਜ ਚੋਪੜਾ ਨੇ ਆਪਣਾ ਨਾਂ ਵਾਪਸ ਲੈ ਲਿਆ। ਵਰਲਡ ਐਥਲੇਟਿਸ ਦੇ ਫਾਈਨਲ ਵਿੱਚ ਜਦੋਂ ਨੀਰਜ ਨੇ ਚੌਥੀ ਵਾਰ ਥ੍ਰੋਅ ਸੁੱਟਿਆ ਸੀ ਤਾਂ ਉਨ੍ਹਾਂ ਦਾ ਸਿਲਵਰ ਮੈਡਲ ਪੱਕਾ ਹੋ ਗਿਆ ਸੀ।

ਇਸੇ ਦੌਰਾਨ ਉਨ੍ਹਾਂ ਦੇ ਪੈਰ ਵਿੱਚ ਖਿੱਚ ਆ ਗਈ, ਨੀਰਜ ਨੇ ਫਾਈਨਲ ਵਿੱਚ 6 ਥ੍ਰੋਅ ਵਿੱਚੋਂ 3 ਥ੍ਰੋਅ ਦਰਦ ਦੀ ਵਜ੍ਹਾ ਕਰਕੇ ਫਾਊਲ ਕੀਤੇ, ਚੌਥੇ ਥ੍ਰੋਅ ਵਿੱਚ ਉਨ੍ਹਾਂ ਦੇ ਗ੍ਰੋਇਨ ਵਿੱਚ ਜ਼ਿਆਦਾ ਦਰਦ ਹੋ ਗਿਆ ਇਸ ਦੀ ਵਜ੍ਹਾ ਕਰਕੇ ਅਗਲੇ 2 ਥ੍ਰੋਅ ਵਿੱਚ ਉਹ ਜ਼ਿਆਦਾ ਦਮ ਨਹੀਂ ਲਾ ਸਕੇ। ਹਾਲਾਂਕਿ ਇਸ ਦੇ ਬਾਵਜੂਦ ਨੀਰਜ ਚੋਪੜਾ ਨੇ ਆਪਣੇ ਨਾਂ ਸਿਲਵਰ ਮੈਡਲ ਕੀਤਾ, ਓਲੰਪਿਕ ਖੇਡਾਂ ਵਿੱਚ ਜਾਣ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਸੱਟ ਲੱਗੀ ਸੀ ਪਰ ਉਨ੍ਹਾਂ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਓਲੰਪਿਕ ਵਿੱਚ ਭਾਰਤ ਦੇ ਨਾਂ ਗੋਲਡ ਮੈਡਲ ਕੀਤਾ।ਇਸੇ ਤਰ੍ਹਾਂ ਦੀ ਉਮੀਦ ਨੀਰਜ ਤੋਂ ਖੇਡ ਪ੍ਰੇਮੀ ਇਸ ਵਾਰ ਵੀ ਲੱਗਾ ਰਹੇ ਹਨ।