‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਾਨਸਾ ਜ਼ਿਲ੍ਹੇ ਵਿੱਚ ਜਲ ਸਪਲਾਈ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਡੀਸੀ ਕੰਪਲੈਕਸ ਦੇ ਕੋਲ ਬਣੀ ਪਾਣੀ ਦੀ ਟੈਂਕੀ ਉੱਤੇ ਚੜ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂਦੀ ਮੰਗ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ ਅਤੇ ਸਰਕਾਰ ਨੇ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਹਾਲੇ ਤੱਕ ਪੱਕਾ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ, ਉਦੋਂ ਤੱਕ ਉਹ ਪਾਣੀ ਦੀ ਟੈਂਕੀ ਤੋਂ ਨਹੀਂ ਉਤਰਨਗੇ।
ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਕਿਹਾ ਕਿ ਸਾਨੂੰ ਪੁਰਾਣੇ ਰੇਟਾਂ ਵਾਲੀਆਂ ਤਨਖਾਹਾਂ ਦੇ ਰਹੇ ਹਨ, ਨਵੇਂ ਰੇਟਾਂ ਵਾਲੀਆਂ ਤਨਖਾਹਾਂ ਰੋਕੀਆਂ ਹੋਈਆਂ ਹਨ। ਮਹਿੰਗਾਈ ਦੇ ਸਮੇਂ ਵਿੱਚ ਅਸੀਂ 15 ਸਾਲਾਂ ਤੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਉੱਤੇ ਕੰਮ ਕਰਦੇ ਆ ਰਹੇ ਹਾਂ। ਜੇ ਹੁਣ ਤਨਖ਼ਾਹ ਵਿੱਚ ਵਾਧਾ ਹੋਇਆ ਤਾਂ ਸਾਨੂੰ ਉਮੀਦ ਬੱਝੀ ਸੀ ਕਿ ਘਰ ਦਾ ਗੁਜ਼ਾਰਾ ਚੰਗਾ ਚੱਲੇਗਾ ਪਰ ਇਨ੍ਹਾਂ ਨੇ ਸਾਨੂੰ ਨਵੇਂ ਰੇਟਾਂ ਉੱਤੇ ਤਨਖ਼ਾਹ ਨਹੀਂ ਦਿੱਤੀ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਾਨੂੰ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਹੀਂ ਦਿੱਤੀ ਗਈ ਜਦਕਿ ਪੂਰੇ ਪੰਜਾਬ ਵਿੱਚ ਤਨਖ਼ਾਹ ਦੇ ਵਧੇ ਹੋਏ ਰੇਟ ਲਾਗੂ ਹੋਏ ਹਨ ਸਾਨੂੰ ਇੱਕ ਮਹੀਨੇ ਦੀ ਤਨਖਾਹ ਵੱਧ ਰੇਟ ਨਾਲ ਦੇ ਕੇ ਬਾਅਦ ਵਿੱਚ ਕਟੌਤੀ ਕਰ ਦਿੱਤੀ। ਇਸ ਲਈ ਸਾਡੀ ਮੰਗ ਜਲਦੀ ਪੂਰੀ ਕੀਤੀ ਜਾਵੇ।