ਤਿੰਨ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿ ਫਤਾਰ
‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਛੇੜੀ ਗਈ ਮੁਹਿੰਮ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਮਿਲੀ,ਜਦੋਂ ਮੁਹਾਲੀ ਪੁਲਿਸ ਨੇ ਇੱਕ ਵੱਖਰੇ ਤਰੀਕੇ ਨਾਲ ਐਂਬੁਲੈਂਸ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ ਤੇ ਇਸ ਸਬੰਧ ਵਿੱਚ 3 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ।ਅੰਬਾਲਾ-ਲਾਲੜੂ ਹਾਈਵੇਅ ਤੋਂ ਹੋਈ ਇਸ ਗ੍ਰਿਫਤਾਰੀ ਦੌਰਾਨ ਮਰੀਜ ਦੇ ਸਿਰਹਾਣੇ ‘ਚੋਂ 8 ਕਿਲੋ ਅਫੀਮ ਬਰਾਮਦ ਹੋਈ ਹੈ।
ਇਸ ਸਬੰਧ ਵਿੱਚ ਕੀਤੀ ਗਈ ਇੱਕ ਪ੍ਰੈਸ ਕਾਨਫ੍ਰੰਸ ਵਿੱਚ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਮੁਹਾਲੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਵਿਰੁੱਧ ਚਲਾਈ ਖਾਸ ਮੁਹਿੰਮ ਦੌਰਾਨ ਸੀਆਈਏ ਸਟਾਫ ਮੋਹਾਲੀ ਦੀ ਟੀਮ ਨੇ ਅੰਬਾਲਾ-ਚੰਡੀਗੜ ਹਾਈਵੇ ‘ਤੇ ਪਿੰਡ ਦਪੁਰ ਨੇੜੇ ਟੋਲ ਪਲਾਜੇ ‘ਤੇ ਨਾਕਾਬੰਦੀ ਕੀਤੀ ਹੋਈ ਸੀ, ਇਸ ਦੋਰਾਨ ਇੱਕ ਐਂਬੂਲੈਸ ਵੈਨ,ਜੋ ਕਿ ਅੰਬਾਲਾ ਵਾਲੇ ਪਾਸੇ ਤੋਂ ਆ ਰਹੀ ਸੀ,ਨੂੰ ਰੋਕਿਆ ਗਿਆ ।
ਜਿਸ ਵਿੱਚ ਇੱਕ ਵਿਅਕਤੀ ਮਰੀਜ਼ ਦੀ ਤਰ੍ਹਾਂ ਲੰਮਾ ਪਿਆ ਸੀ ਤੇ ਦੂਸਰਾ ਵਿਅਕਤੀ ਉਸ ਨਾਲ ਉਸ ਦੀ ਦੇਖਭਾਲ ਲਈ ਬੈਠਾ ਹੋਇਆ ਸੀ ਅਤੇ ਇੱਕ ਡਰਾਇਵਰ ਸੀਟ ਤੇ ਬੈਠਾ ਸੀ ਪਰ ਐਂਬੂਲੈਂਸ ਵੈਨ ਵਿੱਚ ਮੈਡੀਕਲ ਟੀਮ ਦਾ ਮੈਂਬਰ ਨਹੀਂ ਸੀ ਤੇ ਨਾ ਹੀ ਕੋਈ ਆਕਸੀਜਨ ਸਿਲੰਡਰ ਤੇ ਨਾ ਹੀ ਫਰਸਟ-ਏਡ ਕਿਟ ਹੋਣ ਕਾਰਣ ਪੁਲਿਸ ਨੂੰ ਸ਼ੱਕ ਹੋਇਆ ਤੇ ਐਂਬੂਲੈਸ ਵੈਨ ਦੀ ਤਲਾਸ਼ੀ ਲਈ ਗਈ।
ਇਸ ਤਲਾਸ਼ੀ ਦੇ ਦੋਰਾਨ ਮਰੀਜ ਬਣ ਕੇ ਲੰਮੇ ਪਏ ਵਿਅਕਤੀ ਦੇ ਸਿਰ ਥੱਲੇ ਲਏ ਹੋਏ ਸਿਰਾਹਣੇ ਚੋਂ ਕੁਲ 8 ਕਿੱਲੋਗ੍ਰਾਮ ਅਫੀਮ ਬਰਾਮਦ ਹੋਈ।
ਇੱਕ ਫਿਲਮੀ ਢੰਗ ਨਾਲ ਹੋਈ ਇਸ ਬਰਾਮਦਗੀ ਦੇ ਲਈ ਤਿੰਨ ਵਿਅਕਤੀਆਂ ਦੇ ਖਿਲਾਫ ਮੁੱਕਦਮੇ ਦਰਜ ਕੀਤੇ ਗਏ ਹਨ।ਫੜੇ ਗਏ ਦੋਸ਼ੀਆਂ ਵਿੱਚੋਂ ਇੱਕ ਦਾ ਸਬੰਧ ਉੱਤਰ ਪ੍ਰਦੇਸ਼ ਜਿਲ੍ਹੇ ਨਾਲ ਹੈ,ਜਦੋਂ ਕਿ ਦੋ ਦਾ ਸਬੰਧ ਮੁਹਾਲੀ ਤੇ ਚੰਡੀਗੜ੍ਹ ਨਾਲ ਹੈ।ਐਸਐਸਪੀ ਮੁਹਾਲੀ ਵਿਵੇਕ ਸ਼ੀਲ ਸੋਨੀ ਨੇ ਇਹ ਵੀ ਦੱਸਿਆ ਹੈ ਕਿ ਇਸ ਤਰੀਕੇ ਨਾਲ ਇਹਨਾਂ ਦੋਸ਼ੀਆਂ ਨੇ ਹੁਣ ਤੱਕ 10-12 ਵਾਰ ਐਂਬੂਲੈਂਸ ਦੀ ਵਰਤੋਂ ਕਰ ਕੇ ਹਰ ਵਾਰ ਕਾਫੀ ਮਾਤਰਾ ਵਿੱਚ ਅਫੀਮ ਦੀ ਸਪਲਾਈ ਕੀਤੀ ਹੈ।ਇਹ ਸਾਰੀ ਸਪਲਾਈ ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ਤੋਂ ਕੀਤੀ ਜਾ ਰਹੀ ਸੀ।